Homeਸੰਸਾਰਸਪੇਨ ਵਿੱਚ ਭਿਆਨਕ ਰੇਲ ਹਾਦਸਾ: 68 ਲੋਕਾਂ ਦੀ ਮੌਤ, ਟਰਾਂਸਪੋਰਟ ਮੰਤਰੀ ਦੇ...

ਸਪੇਨ ਵਿੱਚ ਭਿਆਨਕ ਰੇਲ ਹਾਦਸਾ: 68 ਲੋਕਾਂ ਦੀ ਮੌਤ, ਟਰਾਂਸਪੋਰਟ ਮੰਤਰੀ ਦੇ ਅਸਤੀਫ਼ੇ ਦੀ ਮੰਗ ਤੇਜ਼

Spain Train Collision Kills 68, Sparks Public Protests and Calls for Transport Minister Óscar Puente’s Resignation

ਮੈਡਰਿਡ, 29 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ ) : ਸਪੇਨ ਵਿੱਚ ਬੁੱਧਵਾਰ ਨੂੰ ਦੋ ਤੇਜ਼ ਰਫ਼ਤਾਰ ਰੇਲਗੱਡੀਆਂ ਦੀ ਟੱਕਰ ਕਾਰਨ ਵੱਡਾ ਹਾਦਸਾ ਵਾਪਰ ਗਿਆ, ਜਿਸ ਵਿੱਚ ਲਗਭਗ 68 ਲੋਕਾਂ ਦੀ ਮੌਤ ਹੋਣ ਅਤੇ ਕਰੀਬ 100 ਹੋਰਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਦੇਸ਼ ਵਿੱਚ ਲੋਕਾਂ ਦਾ ਗੁੱਸਾ ਵਧ ਰਿਹਾ ਹੈ ਅਤੇ ਟਰਾਂਸਪੋਰਟ ਮੰਤਰੀ ਆਸਕਰ ਪੁਏਂਤੇ ਦੇ ਅਸਤੀਫ਼ੇ ਦੀ ਮੰਗ ਉੱਠਣ ਲੱਗੀ ਹੈ। ਰੇਲਵੇ ਕਰਮਚਾਰੀਆਂ ਦੀ ਯੂਨੀਅਨ CSIF ਨੇ ਮੰਤਰੀ ਤੋਂ ਅਸਤੀਫ਼ਾ ਮੰਗਦਿਆਂ ਦੋਸ਼ ਲਾਇਆ ਹੈ ਕਿ ਉਹ ਹਾਦਸੇ ਦੀ ਜ਼ਿੰਮੇਵਾਰੀ ਸਵੀਕਾਰ ਕਰਨ ਦੀ ਬਜਾਏ ਰੇਲਵੇ ਅਧਿਕਾਰੀ ਨੂੰ ਦੋਸ਼ੀ ਠਹਿਰਾ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਬੁੱਧਵਾਰ ਰਾਤ ਮੈਡਰਿਡ ਵਿੱਚ ਟਰਾਂਸਪੋਰਟ ਮੰਤਰਾਲੇ ਦੇ ਬਾਹਰ ਲਗਭਗ 500 ਲੋਕ ਇਕੱਠੇ ਹੋਏ ਅਤੇ ਮੰਤਰੀ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ।

ਟਰਾਂਸਪੋਰਟ ਮੰਤਰੀ ਪੁਏਂਤੇ ਨੇ ਹਾਦਸੇ ਬਾਰੇ ਕਿਹਾ ਕਿ ਲਾਲ ਸਿਗਨਲ ਹੋਣ ਅਤੇ ਰੇਲਵੇ ਟਰੈਕ ’ਤੇ ਭਾਰੀ ਆਵਾਜਾਈ ਦੇ ਬਾਵਜੂਦ ਇੱਕ ਰੇਲਗੱਡੀ ਨੂੰ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ਉਨ੍ਹਾਂ ਮੁਤਾਬਕ, ਸਰਕਾਰੀ ਰੇਲਵੇ ਬੁਨਿਆਦੀ ਢਾਂਚਾ ਪ੍ਰਬੰਧਕ ਅਦਾਰਾ ਅਦਿਫ (Adif) ਨੇ ਸਿਸਟਮ ਦਾ ਕੰਟਰੋਲ ਸੰਭਾਲਣ ਤੋਂ ਬਾਅਦ ਰੇਨਫੇ (Renfe) ਦੀ ਰੇਲਗੱਡੀ ਨੂੰ ਲਾਲ ਸਿਗਨਲ ਦੇ ਬਾਵਜੂਦ ਅੱਗੇ ਵਧਣ ਦਿੱਤਾ। ਮੰਤਰੀ ਨੇ ਇਸ ਫ਼ੈਸਲੇ ਨੂੰ ਗ਼ਲਤ ਅਤੇ ਸਮਝ ਤੋਂ ਪਰੇ ਦੱਸਿਆ। ਦੂਜੇ ਪਾਸੇ, CSIF ਯੂਨੀਅਨ ਨੇ ਸਰਕਾਰ ਨੂੰ ਜਾਂਚ ਪੂਰੀ ਹੋਣ ਤੱਕ ਸਬਰ ਰੱਖਣ ਦੀ ਅਪੀਲ ਕੀਤੀ ਹੈ। ਯੂਨੀਅਨ ਦਾ ਕਹਿਣਾ ਹੈ ਕਿ ਅਦਿਫ ਦੇ ਟ੍ਰੈਫਿਕ ਮੁਖੀ ਨੂੰ ਜਾਂਚ ਵਿੱਚ ਦੋਸ਼ ਸਾਬਤ ਹੋਣ ਤੋਂ ਪਹਿਲਾਂ ਦੋਸ਼ੀ ਨਹੀਂ ਮੰਨਿਆ ਜਾਣਾ ਚਾਹੀਦਾ। ਯੂਨੀਅਨ ਨੇ ਮੰਤਰੀ ’ਤੇ ਰੇਲਵੇ ਕਰਮਚਾਰੀ ਨੂੰ ਬਲੀ ਦਾ ਬੱਕਰਾ ਬਣਾਉਣ ਦਾ ਦੋਸ਼ ਲਗਾਇਆ ਅਤੇ ਇਹ ਵੀ ਕਿਹਾ ਕਿ ਉਸ ਨੇ ਸਤੰਬਰ ਵਿੱਚ ਹੀ ਕਰਮਚਾਰੀਆਂ ਤੋਂ ਵੱਧ ਕੰਮ ਲਏ ਜਾਣ ਬਾਰੇ ਚਿਤਾਵਨੀ ਦਿੱਤੀ ਸੀ।

ਸਥਾਨਕ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ, ਹਾਦਸੇ ਵਿੱਚ ਸ਼ਾਮਲ ਰੇਲਗੱਡੀਆਂ ਵਿੱਚੋਂ ਇੱਕ ਸਰਕਾਰੀ ਰੇਨਫੇ ਦੀ AVE ਸੇਵਾ ਨਾਲ ਸਬੰਧਤ ਸੀ, ਜਦਕਿ ਦੂਜੀ ਨਿੱਜੀ ਕੰਪਨੀ ਇਰੀਓ (Iryo) ਦੀ ਸੀ। ਹਾਦਸੇ ਕਾਰਨ ਮੈਡਰਿਡ ਤੋਂ ਸੇਵਿਲ ਤੱਕ ਲਗਭਗ 63 ਕਿਲੋਮੀਟਰ ਦੇ ਰੇਲ ਮਾਰਗ ’ਤੇ ਸੁਰੱਖਿਆ ਪ੍ਰਣਾਲੀ ਪ੍ਰਭਾਵਿਤ ਹੋਈ ਅਤੇ ਕਈ ਰੇਲਗੱਡੀਆਂ ਆਪਣੇ ਆਪ ਰੁਕ ਗਈਆਂ। ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਵੀ ਜਤਾਇਆ ਗਿਆ ਹੈ। ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 8:54 ਵਜੇ ਉਰਦਾ ਰੇਲਵੇ ਸਟੇਸ਼ਨ ਦੇ ਨੇੜੇ ਵਾਪਰਿਆ। ਸੂਚਨਾ ਮਿਲਦੇ ਹੀ ਐਮਰਜੈਂਸੀ ਸੇਵਾਵਾਂ ਮੌਕੇ ’ਤੇ ਪਹੁੰਚ ਗਈਆਂ। ਅਲਕਾਜ਼ਾਰ ਦੇ ਸਾਨ ਹੁਆਨ ਅਤੇ ਓਰਗਾਜ਼ ਤੋਂ ਫਾਇਰ ਬ੍ਰਿਗੇਡ ਦੀਆਂ ਟੀਮਾਂ, ਨੇੜਲੇ ਇਲਾਕਿਆਂ ਦੀਆਂ ਸਿਵਲ ਪ੍ਰੋਟੈਕਸ਼ਨ ਟੀਮਾਂ ਅਤੇ ਤਿੰਨ ਮੈਡੀਕਲ ਹੈਲੀਕਾਪਟਰ ਬਚਾਅ ਕਾਰਜਾਂ ਲਈ ਭੇਜੇ ਗਏ। ਰਾਹਤ ਕਰਮਚਾਰੀਆਂ ਨੇ ਮਲਬੇ ਅਤੇ ਹਾਦਸਾਗ੍ਰਸਤ ਰੇਲਗੱਡੀਆਂ ਵਿੱਚ ਫਸੇ ਲੋਕਾਂ ਦੀ ਭਾਲ ਕਰਨ ਦੇ ਨਾਲ-ਨਾਲ ਜ਼ਖ਼ਮੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਦੇਣੀ ਸ਼ੁਰੂ ਕਰ ਦਿੱਤੀ। ਹਾਦਸੇ ਦੀ ਜਾਂਚ ਜਾਰੀ ਰਹਿਣ ਦੌਰਾਨ ਹੁਣ ਸਪੇਨ ਵਿੱਚ ਰੇਲਵੇ ਸੁਰੱਖਿਆ ਪ੍ਰਬੰਧਾਂ, ਸਿਗਨਲ ਪ੍ਰਣਾਲੀ ਅਤੇ ਕਰਮਚਾਰੀਆਂ ਦੇ ਕੰਮਕਾਜੀ ਹਾਲਾਤਾਂ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ।

 

RELATED ARTICLES
- Advertisment -
Google search engine
Google search engine
Google search engine

Most Popular

Recent Comments