ਨੈਰੋਬੀ, 20 ਅਗਸਤ, 2026 (ਹਰਸ਼ਪ੍ਰੀਤ ਕੌਰ) : ਕੀਨੀਆ ਦੇ ਉੱਤਰੀ ਇਲਾਕੇ ਵਿੱਚ ਬੁੱਧਵਾਰ ਸਵੇਰੇ ਇੱਕ ਸਫਾਰੀ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਪੰਜ ਅਮਰੀਕੀ ਨਾਗਰਿਕਾਂ ਸਮੇਤ ਹੈਲੀਕਾਪਟਰ ਵਿੱਚ ਸਵਾਰ ਸਾਰੇ 7 ਲੋਕਾਂ ਦੀ ਮੌਤ ਹੋ ਗਈ। ਕੀਨੀਆ ਸਿਵਲ ਐਵੀਏਸ਼ਨ ਅਥਾਰਟੀ ਮੁਤਾਬਕ ਹੈਲੀਕਾਪਟਰ ਸਵੇਰੇ ਕਰੀਬ 9:13 ਵਜੇ ਲੋਇਸਾਬਾ ਕੰਜ਼ਰਵੇਂਸੀ ਤੋਂ ਈਵਾਸੋ ਨਿਯਰੋ ਇਲਾਕੇ ਵੱਲ ਜਾ ਰਿਹਾ ਸੀ। ਹੈਲੀਕਾਪਟਰ ਵਿੱਚ ਛੇ ਯਾਤਰੀ ਅਤੇ ਇੱਕ ਪਾਇਲਟ ਸਵਾਰ ਸਨ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਾਂਬੁਰੂ ਦੇ ਪੁਲਿਸ ਕਮਾਂਡਰ ਡੇਵਿਡ ਨਕੋਰੋਈ ਨੇ ਪੁਸ਼ਟੀ ਕੀਤੀ ਕਿ ਹਾਦਸੇ ਵਿੱਚ ਹੈਲੀਕਾਪਟਰ ‘ਤੇ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ।
ਅਮਰੀਕੀ ਵਿਦੇਸ਼ ਵਿਭਾਗ ਨੇ ਵੀ ਪੁਸ਼ਟੀ ਕੀਤੀ ਕਿ ਮ੍ਰਿਤਕਾਂ ਵਿੱਚੋਂ ਪੰਜ ਅਮਰੀਕੀ ਨਾਗਰਿਕ ਸਨ। ਵਿਭਾਗ ਨੇ ਕਿਹਾ ਕਿ ਅਮਰੀਕੀ ਦੂਤਾਵਾਸ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ ਅਤੇ ਪੀੜਤਾਂ ਦੇ ਪਰਿਵਾਰਾਂ ਨੂੰ ਲੋੜੀਂਦੀ ਕੌਂਸੁਲਰ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਮ੍ਰਿਤਕਾਂ ਦੀ ਅਧਿਕਾਰਤ ਤੌਰ ‘ਤੇ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ। ਹਾਲਾਂਕਿ, ਮਿਆਮੀ ਦੇ ਇੱਕ ਟੀਵੀ ਸਟੇਸ਼ਨ ਦੀ ਰਿਪੋਰਟ ਮੁਤਾਬਕ ਮ੍ਰਿਤਕਾਂ ਵਿੱਚ 55 ਸਾਲਾ ਜੋਸ ਸੁਆਰੇਜ਼ ਵੀ ਸ਼ਾਮਲ ਸਨ, ਜੋ ਫਲੋਰੀਡਾ ਵਿੱਚ ਕਈ ਟੈਲੀਮੁੰਡੋ ਸਟੇਸ਼ਨਾਂ ਦੇ ਪ੍ਰਧਾਨ ਅਤੇ ਜਨਰਲ ਮੈਨੇਜਰ ਸਨ। ਸਥਾਨਕ ਮੀਡੀਆ ਮੁਤਾਬਕ ਹੈਲੀਕਾਪਟਰ ਮਾਊਂਟ ਓਲੋਲੋਕਵੇ ਦੇ ਪਹਾੜੀ ਅਤੇ ਔਖੇ ਇਲਾਕੇ ਵਿੱਚ ਡਿੱਗਿਆ। ਇਹ ਇਲਾਕਾ ਸੈਲਾਨੀਆਂ ਵਿੱਚ ਕਾਫ਼ੀ ਪ੍ਰਸਿੱਧ ਹੈ। ਹਾਦਸਾਗ੍ਰਸਤ ਹੈਲੀਕਾਪਟਰ Eurocopter EC130 B4 ਸੀ, ਜਿਸ ਦੀ ਮਾਲਕੀ ਸਥਾਨਕ ਕੰਪਨੀ ਲੇਡੀ ਲੋਰੀ ਹੈਲੀਕਾਪਟਰਜ਼ ਕੋਲ ਸੀ।
ਹੈਲੀਕਾਪਟਰ ਇੱਕ ਚਾਰਟਰ ਉਡਾਣ ‘ਤੇ ਸੀ ਅਤੇ ਇਸ ਵਿੱਚ ਟਰੈਵਲ ਕੰਪਨੀ &Beyond ਦੇ ਮਹਿਮਾਨ ਸਵਾਰ ਸਨ। ਹਾਦਸੇ ਤੋਂ ਬਾਅਦ ਬਚਾਅ ਕਾਰਜਾਂ ਲਈ ਦੋ ਹੋਰ ਹੈਲੀਕਾਪਟਰ ਭੇਜੇ ਗਏ। ਕੀਨੀਆ ਰੈੱਡ ਕਰਾਸ ਦੀਆਂ ਐਮਰਜੈਂਸੀ ਟੀਮਾਂ ਨੇ ਵੀ ਬਹੁ-ਏਜੰਸੀ ਰਾਹਤ ਅਤੇ ਬਚਾਅ ਮੁਹਿੰਮ ਵਿੱਚ ਹਿੱਸਾ ਲਿਆ। ਕੀਨੀਆ ਵਿੱਚ ਸੈਰ-ਸਪਾਟਾ ਉਦਯੋਗ ਕਾਫ਼ੀ ਵੱਡਾ ਹੈ ਅਤੇ ਦੂਰ-ਦਰਾਜ਼ ਸੈਰ-ਸਪਾਟਾ ਸਥਾਨਾਂ ਤੱਕ ਯਾਤਰੀਆਂ ਨੂੰ ਪਹੁੰਚਾਉਣ ਲਈ ਘਰੇਲੂ ਹੈਲੀਕਾਪਟਰ ਅਤੇ ਹੋਰ ਹਵਾਈ ਸੇਵਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਕਾਰਨ ਦੇਸ਼ ਵਿੱਚ ਹੈਲੀਕਾਪਟਰ ਹਾਦਸਿਆਂ ਨੂੰ ਲੈ ਕੇ ਸੁਰੱਖਿਆ ‘ਤੇ ਵੀ ਸਵਾਲ ਉੱਠਦੇ ਰਹੇ ਹਨ। ਇਸ ਤੋਂ ਪਹਿਲਾਂ ਫਰਵਰੀ ਵਿੱਚ ਪੱਛਮੀ ਕੀਨੀਆ ਦੇ ਪਹਾੜੀ ਇਲਾਕੇ ਵਿੱਚ ਹੋਏ ਇੱਕ ਹੈਲੀਕਾਪਟਰ ਹਾਦਸੇ ਵਿੱਚ ਇੱਕ ਮੌਜੂਦਾ ਸੰਸਦ ਮੈਂਬਰ ਸਮੇਤ ਛੇ ਲੋਕਾਂ ਦੀ ਮੌਤ ਹੋਈ ਸੀ। ਹਾਦਸੇ ਦੀ ਵਿਸਥਾਰਤ ਜਾਂਚ ਜਾਰੀ ਹੈ ਅਤੇ ਅਧਿਕਾਰੀਆਂ ਵੱਲੋਂ ਇਸ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
