Homeਪਟਿਆਲਾ ਅਪਡੇਟਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸਰਕਾਰੀ ਰਜਿੰਦਰਾ ਹਸਪਤਾਲ ਦੇ ਪਹਿਲੇ ਕਿਡਨੀ...

ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸਰਕਾਰੀ ਰਜਿੰਦਰਾ ਹਸਪਤਾਲ ਦੇ ਪਹਿਲੇ ਕਿਡਨੀ ਟ੍ਰਾਂਸਪਲਾਂਟ ਮਰੀਜ਼ ਨਾਲ ਮੁਲਾਕਾਤ

Dr Balbir Singh meets the first kidney transplant patient at Government Rajindra Hospital, Patiala, marking a significant healthcare milestone.

ਪਟਿਆਲਾ, 16 ਸਤੰਬਰ, 2026 (ਜਗਜੀਤ ਸਿੰਘ ) : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ 10 ਸਤੰਬਰ, 2026 ਨੂੰ ਹੋਏ ਹਸਪਤਾਲ ਦੇ ਪਹਿਲੇ ਸਫ਼ਲ ਕਿਡਨੀ ਟ੍ਰਾਂਸਪਲਾਂਟ ਮਗਰੋਂ ਸਿਹਤਯਾਬ ਹੋ ਰਹੇ ਮਰੀਜ਼ ਅਤੇ ਉਸ ਦੀ ਕਿਡਨੀ ਦਾਨ ਕਰਨ ਵਾਲੀ ਪਤਨੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਇਹ ਜੀਵਨ ਰੱਖਿਅਕ ਕਿਡਨੀ ਟ੍ਰਾਂਸਪਲਾਂਟ ਬਿਲਕੁਲ ਮੁਫ਼ਤ ਕੀਤਾ ਗਿਆ ਹੈ ਅਤੇ ਮਰੀਜ਼ ਤੇ ਉਸ ਦੀ ਪਤਨੀ ਦੋਵੇਂ ਸਿਹਤਮੰਦ ਹੋਣ ਮਗਰੋਂ ਹਸਪਤਾਲ ਤੋਂ ਛੁੱਟੀ ਲੈ ਕੇ ਆਪਣੇ ਘਰ ਜਾ ਰਹੇ ਹਨ।

ਡਾ. ਬਲਬੀਰ ਸਿੰਘ ਨੇ ਰੋਮਾਣਾ ਪੱਤੀ, ਨਾਮੋਲ, ਜ਼ਿਲ੍ਹਾ ਸੰਗਰੂਰ ਦੇ 37 ਸਾਲਾ ਮਰੀਜ਼ ਅਤੇ ਉਸ ਦੀ 29 ਸਾਲਾ ਪਤਨੀ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ। ਉਨ੍ਹਾਂ ਇਸ ਜੋੜੇ ਦੀ ਹਿੰਮਤ ਅਤੇ ਜਜ਼ਬੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਤਨੀ ਵੱਲੋਂ ਆਪਣੇ ਪਤੀ ਨੂੰ ਕਿਡਨੀ ਦਾਨ ਕਰਕੇ ਇੱਕ ਮਿਸਾਲ ਕਾਇਮ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਰੀਜ਼ ਮੈਂਬਰੇਨੋਪ੍ਰੋਲੀਫਰੇਟਿਵ ਗਲੋਮੇਰੂਲੋਨੇਫ੍ਰਾਈਟਿਸ (ਐਮਪੀਜੀਐਨ) ਕਾਰਨ ਕਿਡਨੀ ਫੇਲ੍ਹ ਹੋਣ ਦੀ ਸਮੱਸਿਆ ਨਾਲ ਜੂਝ ਰਿਹਾ ਸੀ।
ਇਸ ਮੌਕੇ ਮਰੀਜ਼ ਅਤੇ ਉਸ ਦੀ ਪਤਨੀ ਨੇ ਉਨ੍ਹਾਂ ਨੂੰ ਨਵਾਂ ਜੀਵਨ ਦੇਣ ਲਈ ਪੰਜਾਬ ਸਰਕਾਰ, ਸਿਹਤ ਮੰਤਰੀ ਅਤੇ ਸਰਕਾਰੀ ਰਜਿੰਦਰਾ ਹਸਪਤਾਲ ਦੀ ਸਮੁੱਚੀ ਡਾਕਟਰੀ ਟੀਮ ਦਾ ਧੰਨਵਾਦ ਕੀਤਾ।

ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਗੁਰਦਿਆਂ ਸਮੇਤ ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਹੁਣ ਆਪਣੇ ਬਿਹਤਰ ਇਲਾਜ ਲਈ ਪੈਸੇ ਇਕੱਠੇ ਕਰਨ ਦੀ ਲੋੜ ਨਹੀਂ ਹੈ, ਸਗੋਂ ਸਮੇਂ ਸਿਰ ਸਰਕਾਰੀ ਹਸਪਤਾਲਾਂ ਤੱਕ ਪਹੁੰਚ ਕਰਕੇ ਇਲਾਜ ਕਰਵਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਯੋਗ ਮਰੀਜ਼ਾਂ ਦੇ ਇਲਾਜ ਦਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਿੱਜੀ ਹਸਪਤਾਲਾਂ ਵਿੱਚ ਕਿਡਨੀ ਟ੍ਰਾਂਸਪਲਾਂਟ ਦੇ ਇਲਾਜ ’ਤੇ ਲਗਭਗ 8 ਲੱਖ ਤੋਂ 12 ਲੱਖ ਰੁਪਏ ਤੱਕ ਦਾ ਖਰਚਾ ਆਉਂਦਾ ਹੈ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਕਿਡਨੀ ਟ੍ਰਾਂਸਪਲਾਂਟ ਦੀ ਸਹੂਲਤ ਸ਼ੁਰੂ ਹੋਣਾ ਪੰਜਾਬ ਦੇ ਸਰਕਾਰੀ ਸਿਹਤ ਅਤੇ ਮੈਡੀਕਲ ਸਿੱਖਿਆ ਖੇਤਰ ਵਿੱਚ ਇੱਕ ਅਹਿਮ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਸੁਪਰਸਪੈਸ਼ਲਿਸਟ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਨੂੰ ਬਿਹਤਰ ਇਲਾਜ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਰਜਿੰਦਰਾ ਹਸਪਤਾਲ ਵਿਖੇ 300 ਬੈੱਡਾਂ ਦਾ ਟਰੌਮਾ ਸੈਂਟਰ ਸਥਾਪਤ ਕੀਤਾ ਜਾ ਰਿਹਾ ਹੈ, ਜਦਕਿ 50 ਬੈੱਡਾਂ ਵਾਲਾ ਕ੍ਰਿਟੀਕਲ ਕੇਅਰ ਯੂਨਿਟ ਵੀ ਅੰਤਿਮ ਪੜਾਅ ’ਤੇ ਹੈ। ਉਨ੍ਹਾਂ ਕਿਹਾ ਕਿ ਇਸ ਸਹੂਲਤ ਦੇ ਚਾਲੂ ਹੋਣ ਨਾਲ ਗੰਭੀਰ ਮਰੀਜ਼ਾਂ ਨੂੰ ਆਈਸੀਯੂ ਬੈੱਡ ਦੀ ਘਾਟ ਕਾਰਨ ਹੋਰ ਹਸਪਤਾਲਾਂ ਵਿੱਚ ਰੈਫ਼ਰ ਕਰਨ ਦੀ ਲੋੜ ਘਟੇਗੀ।

ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਨੇ ਕਿਡਨੀ ਟ੍ਰਾਂਸਪਲਾਂਟ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਾਲੀ ਟੀਮ ਦੀ ਸ਼ਲਾਘਾ ਕਰਦਿਆਂ ਟਰਾਂਸਪਲਾਂਟ ਮਾਹਿਰ ਪ੍ਰੋ. ਡਾ. ਸਰਬਪ੍ਰੀਤ ਸਿੰਘ ਦੀ ਅਗਵਾਈ ਵਾਲੀ ਸਰਜੀਕਲ ਟੀਮ, ਪਿਸ਼ਾਬ ਰੋਗ ਮਾਹਿਰ ਪ੍ਰੋ. ਡਾ. ਹਰਭੁਪਿੰਦਰ ਸਿੰਘ ਸੰਧੂ ਤੇ ਡਾ. ਸੁਪਰਨ ਸ਼ਰਮਾ, ਨੇਫ੍ਰੋਲੋਜੀ ਮਾਹਿਰ ਡਾ. ਠਾਕੁਰਵੀਰ ਕੋਹਲੀ, ਐਨੇਸਥੀਸੀਆ ਮਾਹਿਰ ਡਾ. ਤਨਵੀਰ ਕੁੰਦਰਾ ਸਮੇਤ ਸਮੁੱਚੀਆਂ ਮੈਡੀਕਲ ਟੀਮਾਂ ਨੂੰ ਵਧਾਈ ਦਿੱਤੀ। ਉਨ੍ਹਾਂ ਮੈਡੀਕਲ ਕਾਲਜ ਦੇ ਡਾਇਰੈਕਟਰ-ਪ੍ਰਿੰਸੀਪਲ ਅਤੇ ਮੈਡੀਸਨ ਵਿਭਾਗ ਦੇ ਮੁਖੀ ਡਾ. ਆਰ.ਪੀ.ਐੱਸ. ਸਿੱਬੀਆ ਅਤੇ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ ਦੀ ਵੀ ਸ਼ਲਾਘਾ ਕੀਤੀ।

ਡਾ. ਬਲਬੀਰ ਸਿੰਘ ਨੇ ਕਿਹਾ, “ਇਹ ਪੰਜਾਬ ਦੇ ਸਰਕਾਰੀ ਮੈਡੀਕਲ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਹੈ। ਸਰਕਾਰੀ ਹਸਪਤਾਲ ਵਿੱਚ ਕਿਡਨੀ ਟ੍ਰਾਂਸਪਲਾਂਟ ਵਰਗੀ ਉੱਨਤ ਅਤੇ ਜੀਵਨ ਰੱਖਿਅਕ ਸਹੂਲਤ ਦੀ ਉਪਲਬਧਤਾ ਨਾਲ ਆਮ ਲੋਕਾਂ ਲਈ ਮਿਆਰੀ ਇਲਾਜ ਦੀ ਪਹੁੰਚ ਹੋਰ ਮਜ਼ਬੂਤ ਹੋਈ ਹੈ।”

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments