Homeਪਟਿਆਲਾ ਅਪਡੇਟਸਿਹਤ ਮੰਤਰੀ ਵੱਲੋਂ 'ਮਿਸ਼ਨ ਕਲੀਨ ਪੰਜਾਬ’ ਦੇ ਚੌਥੇ ਦਿਨ ਤ੍ਰਿਪੜੀ ’ਚ ਸਫ਼ਾਈ...

ਸਿਹਤ ਮੰਤਰੀ ਵੱਲੋਂ ‘ਮਿਸ਼ਨ ਕਲੀਨ ਪੰਜਾਬ’ ਦੇ ਚੌਥੇ ਦਿਨ ਤ੍ਰਿਪੜੀ ’ਚ ਸਫ਼ਾਈ ਮੁਹਿੰਮ ਜਾਰੀ

Cleanliness Drive Continues in Tripri Under Mission Clean Punjab

ਪਟਿਆਲਾ, 1 ਸਤੰਬਰ, 2026 (ਦੀਪਕ ਦੱਤਾ) : ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਚਲਾਈ ਜਾ ਰਹੀ ‘ਮਿਸ਼ਨ ਕਲੀਨ ਪੰਜਾਬ’ ਮੁਹਿੰਮ ਦੇ ਚੌਥੇ ਦਿਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਦਿਹਾਤੀ ਦੇ ਤ੍ਰਿਪੜੀ ਵਿਖੇ ਪੱਥਰ ਪਾਰਕ ਤੋਂ ਕੋਹਲੀ ਸਵੀਟਸ ਤੱਕ ਸਫ਼ਾਈ ਮੁਹਿੰਮ ਦੀ ਅਗਵਾਈ ਕੀਤੀ। ਇਸ ਮੌਕੇ ਬੀ.ਐਨ. ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਸਰਹਿੰਦ ਰੋਡ ਦੇ ਵਿਦਿਆਰਥੀਆਂ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ। ਡਾ. ਬਲਬੀਰ ਸਿੰਘ ਨੇ ਕਿਹਾ ਕਿ ‘ਮਿਸ਼ਨ ਕਲੀਨ ਪੰਜਾਬ’ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ ਹੈ ਅਤੇ ਇਸ ਦੀ ਸਫ਼ਲਤਾ ਲਈ ਲੋਕਾਂ ਦੀ ਭਾਗੀਦਾਰੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਦੀ ਸ਼ੁਰੂਆਤ ਸਾਨੂੰ ਆਪਣੇ ਘਰ ਤੋਂ ਕਰਨੀ ਚਾਹੀਦੀ ਹੈ ਅਤੇ ਫਿਰ ਆਲੇ-ਦੁਆਲੇ, ਮੁਹੱਲੇ ਤੇ ਸ਼ਹਿਰ ਨੂੰ ਸਾਫ਼ ਰੱਖਣ ਲਈ ਯੋਗਦਾਨ ਪਾਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਪਟਿਆਲਾ ਕਦੇ ‘ਬਾਗਾਂ ਦੇ ਸ਼ਹਿਰ’ ਵਜੋਂ ਜਾਣਿਆ ਜਾਂਦਾ ਸੀ ਅਤੇ ਇਸ ਪਛਾਣ ਨੂੰ ਮੁੜ ਸਥਾਪਿਤ ਕਰਨ ਲਈ ਸਾਰਿਆਂ ਨੂੰ ਮਿਲ ਕੇ ਯਤਨ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਸਾਫ਼ ਵਾਤਾਵਰਣ ਲੋਕਾਂ ਦੀ ਸਿਹਤ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ ਅਤੇ ਸਫ਼ਾਈ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣਾ ਸਮੇਂ ਦੀ ਲੋੜ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਿੱਥੇ ਸਫ਼ਾਈ ਹੋਵੇਗੀ, ਉੱਥੇ ਤੰਦਰੁਸਤੀ ਹੋਵੇਗੀ, ਜਦਕਿ ਗੰਦਗੀ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੂੜਾ, ਮੱਛਰਾਂ ਦੀ ਭਰਮਾਰ, ਸੀਵਰੇਜ ਲੀਕੇਜ ਜਾਂ ਖੜ੍ਹਾ ਪਾਣੀ ਨਜ਼ਰ ਆਉਣ ’ਤੇ ‘ਐੱਮ-ਸੇਵਾ’ ਐਪ ਰਾਹੀਂ ਫੋਟੋ ਸਮੇਤ ਸ਼ਿਕਾਇਤ ਦਰਜ ਕਰਵਾਉਣ। ਐਪ ਦੀ ਵਰਤੋਂ ਨਾ ਕਰ ਸਕਣ ਵਾਲੇ ਲੋਕ 8750975975 ’ਤੇ ਵ੍ਹਟਸਐਪ ਰਾਹੀਂ ਫੋਟੋ ਅਤੇ ਲੋਕੇਸ਼ਨ ਭੇਜ ਸਕਦੇ ਹਨ। ਉਨ੍ਹਾਂ ਕਿਹਾ ਕਿ ਸ਼ਿਕਾਇਤ ’ਤੇ 24 ਘੰਟਿਆਂ ਦੇ ਅੰਦਰ ਕਾਰਵਾਈ ਕੀਤੀ ਜਾਵੇਗੀ।

ਸਿਹਤ ਮੰਤਰੀ ਨੇ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਵਾਤਾਵਰਣ ਲਈ ਗੰਭੀਰ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਸਾਫ਼-ਸੁਥਰਾ ਵਾਤਾਵਰਣ ਬਣਾਉਣ ਲਈ ਹਰ ਨਾਗਰਿਕ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਕੂੜਾ ਨਿਰਧਾਰਤ ਥਾਵਾਂ ’ਤੇ ਹੀ ਸੁੱਟਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ‘ਮਿਸ਼ਨ ਕਲੀਨ ਪੰਜਾਬ’ ਨੂੰ ਲੋਕ ਲਹਿਰ ਬਣਾਉਣ ਲਈ ਸਰਕਾਰ ਦੇ ਨਾਲ-ਨਾਲ ਹਰ ਵਰਗ ਦੀ ਭਾਗੀਦਾਰੀ ਜ਼ਰੂਰੀ ਹੈ। ਉਨ੍ਹਾਂ ਸਕੂਲੀ ਵਿਦਿਆਰਥੀਆਂ ਵੱਲੋਂ ਮੁਹਿੰਮ ਵਿੱਚ ਕੀਤੀ ਸ਼ਮੂਲੀਅਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚੇ ਆਪਣੇ ਪਰਿਵਾਰਾਂ ਅਤੇ ਸਮਾਜ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਆਓ, ਸਾਰੇ ਮਿਲ ਕੇ ਸਫ਼ਾਈ ਨੂੰ ਆਪਣੀ ਆਦਤ ਬਣਾਈਏ ਅਤੇ ਪੰਜਾਬ ਨੂੰ ਮੁੜ ਸਾਫ਼-ਸੁਥਰਾ, ਖੂਬਸੂਰਤ ਅਤੇ ਰੰਗਲਾ ਪੰਜਾਬ ਬਣਾਉਣ ਵਿੱਚ ਆਪਣਾ ਯੋਗਦਾਨ ਪਾਈਏ। ਇਸ ਮੌਕੇ ਨਗਰ ਨਿਗਮ ਮੇਅਰ ਕੁੰਦਨ ਗੋਗੀਆ, ਵਧੀਕ ਕਮਿਸ਼ਨਰ ਸਿਮਰਪ੍ਰੀਤ ਕੌਰ, ਪੰਜਾਬ ਐਗਰੋ ਫੂਡ ਗ੍ਰੇਨਸ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਬਲਜਿੰਦਰ ਢਿੱਲੋਂ, ਜ਼ਿਲ੍ਹਾ ਮੀਡੀਆ ਸੈਕਟਰੀ ਗੱਜਣ ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments