Homeਪੰਜਾਬਸੰਗਰੂਰ ਵਿੱਚ ਕਿਸ਼ੋਰਾਂ ਲਈ ਸਿਹਤ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ, ਕੈਂਸਰ ਰੋਕਥਾਮ 'ਤੇ...

ਸੰਗਰੂਰ ਵਿੱਚ ਕਿਸ਼ੋਰਾਂ ਲਈ ਸਿਹਤ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ, ਕੈਂਸਰ ਰੋਕਥਾਮ ‘ਤੇ ਕੇਂਦਰਿਤ ਸਕੂਲ ਹੈਲਥ ਪ੍ਰੋਗਰਾਮ ਲਾਂਚ

ਸੰਗਰੂਰ 22 ਜੁਲਾਈ,2026 (ਰਾਜੇਸ਼ ਕੁਮਾਰ ): ਕਿਸ਼ੋਰਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨ ਅਤੇ ਕੈਂਸਰ ਸਮੇਤ ਹੋਰ ਗੰਭੀਰ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ (HBCH&RC), ਪੰਜਾਬ ਵੱਲੋਂ ਸੰਗਰੂਰ ਵਿੱਚ ਜ਼ਿਲ੍ਹਾ ਪੱਧਰੀ ‘ਸਕੂਲ ਹੈਲਥ ਪ੍ਰੋਗਰਾਮ’ ਦੀ ਸ਼ੁਰੂਆਤ ਕੀਤੀ ਗਈ ਹੈ।

ਇਸ ਪਹਿਲਕਦਮੀ ਤਹਿਤ ਜ਼ਿਲ੍ਹੇ ਦੇ 145 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਅਤੇ 150 ਪ੍ਰਾਈਵੇਟ ਸਕੂਲਾਂ ਵਿੱਚ ਅੱਠਵੀਂ ਜਮਾਤ ਅਤੇ ਇਸ ਤੋਂ ਉੱਪਰ ਦੇ ਵਿਦਿਆਰਥੀਆਂ ਨੂੰ ਸਿਹਤ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਨਾਲ ਸੰਗਰੂਰ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ, ਜਿੱਥੇ ਕਿਸ਼ੋਰਾਂ ਦੀ ਸਿਹਤ ਲਈ ਇੰਨੀ ਵਿਆਪਕ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਇਹ ਪ੍ਰੋਗਰਾਮ HBCH&RC ਦੇ ਪ੍ਰੀਵੈਂਟਿਵ ਓਨਕੋਲੋਜੀ ਵਿਭਾਗ ਅਤੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। HBCH&RC ਟਾਟਾ ਮੈਮੋਰੀਅਲ ਸੈਂਟਰ ਦੀ ਇਕਾਈ ਹੈ, ਜੋ ਪਰਮਾਣੂ ਊਰਜਾ ਵਿਭਾਗ, ਭਾਰਤ ਸਰਕਾਰ ਦੇ ਅਧੀਨ ਕੰਮ ਕਰਦੀ ਹੈ।

HBCH&RC ਪੰਜਾਬ ਦੇ ਡਾਇਰੈਕਟਰ ਡਾ. ਆਸ਼ਿਸ਼ ਗੁਲੀਆ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਕੈਂਸਰ ਅਤੇ ਹੋਰ ਗੈਰ-ਸੰਚਾਰੀ ਬਿਮਾਰੀਆਂ ਤੋਂ ਬਚਾਅ ਲਈ ਸਹੀ ਫੈਸਲੇ ਲੈਣ ਯੋਗ ਬਣਾਉਣਾ ਹੈ।

ਉਨ੍ਹਾਂ ਕਿਹਾ ਕਿ ਇਹ ਮੁਹਿੰਮ ਸੰਗਰੂਰ ਜ਼ਿਲ੍ਹੇ ਦੇ ਸਾਰੇ ਬਲਾਕਾਂ ਜਿਵੇਂ ਮੂਨਕ, ਲਹਿਰਾਗਾਗਾ, ਚੀਮਾ, ਸ਼ੇਰਪੁਰ, ਧੂਰੀ, ਭਵਾਨੀਗੜ੍ਹ, ਸੰਗਰੂਰ ਅਤੇ ਸੁਨਾਮ ਵਿੱਚ ਚਲਾਈ ਜਾਵੇਗੀ।

ਪ੍ਰੋਗਰਾਮ ਤਹਿਤ ਸਕੂਲਾਂ ਵਿੱਚ ਤਿੰਨ ਵਿਸ਼ੇਸ਼ ਸੈਸ਼ਨ ਕਰਵਾਏ ਜਾਣਗੇ। ਇਨ੍ਹਾਂ ਵਿੱਚ ਸੰਤੁਲਿਤ ਖੁਰਾਕ, ਪੋਸ਼ਣ, ਕਸਰਤ ਅਤੇ ਫਿਟਨੈਸ, ਸਕ੍ਰੀਨ ਟਾਈਮ ਘਟਾਉਣਾ, ਕੈਂਸਰ ਦੇ ਸ਼ੁਰੂਆਤੀ ਲੱਛਣਾਂ ਦੀ ਪਛਾਣ, ਮੋਟਾਪਾ, ਸ਼ੂਗਰ, ਬਲੱਡ ਪ੍ਰੈਸ਼ਰ, ਤੰਬਾਕੂ, ਸ਼ਰਾਬ ਅਤੇ ਹੋਰ ਨਸ਼ਿਆਂ ਤੋਂ ਬਚਾਅ ਵਰਗੇ ਵਿਸ਼ਿਆਂ ‘ਤੇ ਜਾਣਕਾਰੀ ਦਿੱਤੀ ਜਾਵੇਗੀ।

ਡਾ. ਗੁਲੀਆ ਨੇ ਕਿਹਾ ਕਿ ਅਜਿਹੇ ਉਪਰਾਲਿਆਂ ਰਾਹੀਂ ਨੌਜਵਾਨ ਪੀੜ੍ਹੀ ਵਿੱਚ ਸਿਹਤਮੰਦ ਆਦਤਾਂ ਨੂੰ ਉਤਸ਼ਾਹਿਤ ਕਰਕੇ ਇੱਕ ਸਿਹਤਮੰਦ ਅਤੇ ਜਾਗਰੂਕ ਸਮਾਜ ਦੀ ਨੀਂਹ ਰੱਖੀ ਜਾ ਸਕਦੀ ਹੈ।

ਜ਼ਿਕਰਯੋਗ ਹੈ ਕਿ HBCH & RC ਵੱਲੋਂ ਚੰਡੀਗੜ੍ਹ ਵਿੱਚ ਵੀ ‘ਸਵਸਥ ਨਵਯੁਵਾ, ਸਵਸਥ ਭਾਰਤ’ ਪ੍ਰੋਗਰਾਮ ਤਹਿਤ ਅਜਿਹੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਅਧੀਨ ਹੁਣ ਤੱਕ 82 ਸਰਕਾਰੀ ਸਕੂਲਾਂ ਦੇ ਕਰੀਬ 5,000 ਵਿਦਿਆਰਥੀਆਂ ਨੂੰ ਸਿਹਤ ਜਾਗਰੂਕਤਾ ਸੈਸ਼ਨਾਂ ਰਾਹੀਂ ਜੋੜਿਆ ਜਾ ਚੁੱਕਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments