ਰਾਜਪਾਲ ਨੇ ਵੀਰ ਨਾਰੀਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੇ ਤਿਆਗ, ਸਾਹਸ ਅਤੇ ਰਾਸ਼ਟਰ ਸੇਵਾ ਨੂੰ ਕੀਤਾ ਨਮਨ
ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਭਲਾਈ ਲਈ 10 ਲੱਖ ਰੁਪਏ ਦੀ ਗ੍ਰਾਂਟ ਰਾਸ਼ੀ ਦੇਣ ਦਾ ਕੀਤਾ ਐਲਾਨ
ਰਾਜ ਸਰਕਾਰ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਅਤੇ ਸ਼ਕਤੀਕਰਨ ਲਈ ਵਚਨਬੱਧ
ਚੰਡੀਗੜ੍ਹ, 14 ਸਤੰਬਰ, 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਸਮਾਜ ਨੂੰ ਦੇਸ਼ ਦੇ ਵੀਰ ਸੈਨਿਕਾਂ ਦੀ ਕੁਰਬਾਨੀ ਨੂੰ ਸਦਾ ਯਾਦ ਰੱਖਣ, ਉਨ੍ਹਾਂ ਦੇ ਪਰਿਵਾਰਾਂ ਦਾ ਸਤਿਕਾਰ ਕਰਨ ਅਤੇ ਉਨ੍ਹਾਂ ਦੇ ਸਾਹਸ, ਸਮਰਪਣ ਅਤੇ ਰਾਸ਼ਟਰ ਸੇਵਾ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ।
ਪੰਚਕੂਲਾ ਵਿੱਚ ਅੱਜ ਅਖਿਲ ਭਾਰਤੀ ਸਾਬਕਾ ਸੈਨਿਕ ਸੇਵਾ ਪ੍ਰੀਸ਼ਦ, ਹਰਿਆਣਾ ਵੱਲੋਂ ਕਰਵਾਏ ਗਏ ਵੀਰ ਨਾਰੀ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਕਿਹਾ ਕਿ ਸਾਬਕਾ ਸੈਨਿਕਾਂ ਅਤੇ ਵੀਰ ਨਾਰੀਆਂ ਦੇ ਕਲਿਆਣ, ਸਨਮਾਨ ਅਤੇ ਮੁੜ-ਵਸੇਬੇ ਦੀ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।
ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਕੀਤੇ ਜਾ ਰਹੇ ਭਲਾਈਕਾਰੀ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ ਉਨ੍ਹਾਂ ਦੇ ਹਿੱਤ ਵਿੱਚ ਕਈ ਮਹੱਤਵਪੂਰਨ ਪਹਿਲਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ‘ਵਨ ਰੈਂਕ ਵਨ ਪੈਨਸ਼ਨ‘ ਦਾ ਅਮਲ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੀ ਰਾਖੀ ਕਰਦਿਆਂ ਸਰਵਉੱਚ ਕੁਰਬਾਨੀ ਦੇਣ ਵਾਲੇ ਸੈਨਿਕਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਐਕਸ-ਗ੍ਰੇਸ਼ੀਆ ਰਾਸ਼ੀ 50 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕੀਤੀ ਗਈ ਹੈ।
ਇਸ ਮੌਕੇ ਰਾਜਪਾਲ ਨੇ ਵੀਰ ਨਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਰਾਸ਼ਟਰ ਪ੍ਰਤੀ ਉਨ੍ਹਾਂ ਦੇ ਤਿਆਗ, ਸਾਹਸ ਅਤੇ ਯੋਗਦਾਨ ਨੂੰ ਨਮਨ ਕੀਤਾ। ਉਨ੍ਹਾਂ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਭਲਾਈ ਲਈ 10 ਲੱਖ ਰੁਪਏ ਦੀ ਗ੍ਰਾਂਟ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ।
ਪ੍ਰੋਗਰਾਮ ਦੌਰਾਨ ਪ੍ਰੋ. ਘੋਸ਼ ਨੇ ਦੋ ਪੁਸਤਕਾਂ ‘ਪੂਰਵ ਸੈਨਿਕ ਗੌਰਵ ਸਮਾਰਿਕਾ‘ ਅਤੇ ‘ਵਿਕਾਸ ਕੀ ਬੁਲੰਦ ਉੜਾਨ‘ ਦੀ ਵੀ ਘੁੰਡ ਚੁਕਾਈ ਕੀਤੀ।
ਪ੍ਰੋ. ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ ਹਰਿਆਣਾ ਦੀ ਅਮੀਰ ਅਤੇ ਗੌਰਵਸ਼ਾਲੀ ਸੈਨਿਕ ਪਰੰਪਰਾ ਰਹੀ ਹੈ। ਸੂਬੇ ਦੇ ਅਣਗਿਣਤ ਸੈਨਿਕਾਂ ਨੇ ਅਦੁੱਤੀ ਸਾਹਸ, ਸਮਰਪਣ ਅਤੇ ਦੇਸ਼ ਭਗਤੀ ਨਾਲ ਦੇਸ਼ ਦੀ ਸੇਵਾ ਕੀਤੀ ਹੈ। ਰੇਜ਼ਾਂਗ ਲਾ ਦੀ ਜੰਗ ਵਿੱਚ ਅਹੀਰਵਾਲ ਖੇਤਰ ਦੇ ਸੈਨਿਕਾਂ ਦੇ ਵੀਰਤਾਪੂਰਨ ਯੋਗਦਾਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬਹਾਦਰੀ ਅਤੇ ਸਰਵਉੱਚ ਕੁਰਬਾਨੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਦਾ ਪ੍ਰੇਰਿਤ ਕਰਦੀ ਰਹੇਗੀ।
ਉਨ੍ਹਾਂ ਕਿਹਾ ਕਿ ਰੇਜ਼ਾਂਗ ਲਾ ਵਿੱਚ ਵੀਰ ਸੈਨਿਕਾਂ ਨੇ ਬਿਖੜੇ ਹਾਲਾਤਾਂ ਅਤੇ ਭਾਰੀ ਚੁਣੌਤੀਆਂ ਦੇ ਬਾਵਜੂਦ ਅਦੁੱਤੀ ਸਾਹਸ ਅਤੇ ਦ੍ਰਿੜ ਸੰਕਲਪ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੀ ਕੁਰਬਾਨੀ ਭਾਰਤੀ ਸੈਨਿਕ ਬਹਾਦਰੀ ਦੀ ਇੱਕ ਅਮਿੱਟ ਮਿਸਾਲ ਹੈ। ਉਨ੍ਹਾਂ ਕਿਹਾ ਕਿ ਸੱਚਾ ਸਾਹਸ ਗਿਣਤੀ ਜਾਂ ਹਾਲਾਤਾਂ ਨਾਲ ਨਹੀਂ, ਸਗੋਂ ਮਾਤ ਭੂਮੀ ਦੀ ਰਾਖੀ ਲਈ ਅਖੀਰਲੇ ਪਲ ਤੱਕ ਡਟੇ ਰਹਿਣ ਦੇ ਸੰਕਲਪ ਨਾਲ ਪਰਿਭਾਸ਼ਿਤ ਹੁੰਦਾ ਹੈ।
ਰਾਜਪਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਕਲਿਆਣ ਨਾਲ ਜੁੜੀਆਂ ਯੋਜਨਾਵਾਂ ਨੂੰ ਹੋਰ ਪ੍ਰਭਾਵੀ ਬਣਾਉਣ ਦੇ ਮਕਸਦ ਨਾਲ ‘ਸੈਨਿਕ ਅਤੇ ਅਰਧ-ਸੈਨਿਕ ਭਲਾਈ ਵਿਭਾਗ‘ ਦੀ ਸਥਾਪਨਾ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਇਸ ਸਾਲ ਸੈਨਿਕ ਅਤੇ ਅਰਧ-ਸੈਨਿਕ ਭਲਾਈ ਵਿਭਾਗ ਲਈ ਬਜਟ ਅਲਾਟਮੈਂਟ 58.93 ਫੀਸਦੀ ਵਧਾ ਕੇ 178.14 ਕਰੋੜ ਰੁਪਏ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਰਾਜ ਸਰਕਾਰ ਦੀ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਅਤੇ ਸ਼ਕਤੀਕਰਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਰਾਜਪਾਲ ਨੇ ਸਾਰਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਵੀਰ ਨਾਰੀਆਂ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਾ ਜਾਵੇ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਉਚਿਤ ਸਤਿਕਾਰ, ਦੇਖਭਾਲ ਅਤੇ ਹਰ ਸੰਭਵ ਸਹਿਯੋਗ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਕਲਿਆਣ, ਮੁੜ-ਵਸੇਬੇ ਅਤੇ ਸ਼ਕਤੀਕਰਨ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰਦੀ ਰਹੇਗੀ।
ਇਸ ਮੌਕੇ ਹਰਿਆਣਾ ਦੀ ਪਹਿਲੀ ਮਹਿਲਾ ਸ਼੍ਰੀਮਤੀ ਮਿਤਰਾ ਘੋਸ਼, ਅਖਿਲ ਭਾਰਤੀ ਸਾਬਕਾ ਸੈਨਿਕ ਸੇਵਾ ਪ੍ਰੀਸ਼ਦ, ਹਰਿਆਣਾ ਦੇ ਪ੍ਰਧਾਨ ਕਰਨਲ ਗੋਪਾਲ ਸਿੰਘ, ਰਾਜ ਸਭਾ ਦੇ ਸਾਬਕਾ ਮੈਂਬਰ ਲੈਫਟੀਨੈਂਟ ਜਨਰਲ ਡੀ.ਪੀ. ਵਤਸ, ਪ੍ਰੀਸ਼ਦ ਦੇ ਨੈਸ਼ਨਲ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਮੇਜਰ ਜਨਰਲ ਆਰ.ਪੀ.ਐਸ. ਭਦੌਰੀਆ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।







