ਰਾਜ ਪੱਧਰੀ ਪੁਰਸਕਾਰਾਂ ਲਈ ਮੰਗੀਆਂ ਆਨਲਾਈਨ ਅਰਜ਼ੀਆਂ
ਚੰਡੀਗੜ੍ਹ 9 ਅਕਤੂਬਰ, 2026 (ਸੰਜੀਵ ਸ਼ਰਮਾ) : ਹਰਿਆਣਾ ਵਿੱਚ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਔਰਤਾਂ ਨੂੰ ਉਤਸ਼ਾਹਿਤ ਅਤੇ ਸਨਮਾਨਿਤ ਕਰਨ ਦੇ ਉਦੇਸ਼ ਨਾਲ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਸਾਲ 2026-27 ਲਈ ਰਾਜ ਪੱਧਰੀ ਪੁਰਸਕਾਰਾਂ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ। ਇੱਛੁਕ ਯੋਗ ਬਿਨੈਕਾਰ 5 ਨਵੰਬਰ, 2026 ਤੱਕ ਵੈਬਸਾਈਟ onlinemis.wcdhry.gov.in/gaurav ਰਾਹੀਂ ਅਰਜ਼ੀ ਦੇ ਸਕਦੇ ਹਨ। ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵੱਖ-ਵੱਖ ਸ਼੍ਰੇਣੀਆਂ ਵਿੱਚ ਦਿੱਤੇ ਜਾਣ ਵਾਲੇ ਮਹੱਤਵਪੂਰਨ ਪੁਰਸਕਾਰਾਂ ਵਿੱਚ 5 ਲੱਖ ਰੁਪਏ ਦੀ ਰਾਸ਼ੀ, ਪ੍ਰਸ਼ੰਸਾ ਪੱਤਰ ਅਤੇ ਸ਼ਾਲ ਦੇ ਨਾਲ ‘ਸ਼੍ਰੀਮਤੀ ਸੁਸ਼ਮਾ ਸਵਰਾਜ ਪੁਰਸਕਾਰ‘, 1.50 ਲੱਖ ਰੁਪਏ ਦੀ ਰਾਸ਼ੀ ਅਤੇ ਪ੍ਰਸ਼ੰਸਾ ਪੱਤਰ ਦੇ ਨਾਲ ‘ਇੰਦਰਾ ਗਾਂਧੀ ਮਹਿਲਾ ਸ਼ਕਤੀ ਪੁਰਸਕਾਰ‘, 1 ਲੱਖ ਰੁਪਏ ਦੀ ਰਾਸ਼ੀ ਅਤੇ ਪ੍ਰਸ਼ੰਸਾ ਪੱਤਰ ਦੇ ਨਾਲ ‘ਕਲਪਨਾ ਚਾਵਲਾ ਸ਼ੌਰਿਆ ਪੁਰਸਕਾਰ‘ ਅਤੇ 1 ਲੱਖ ਰੁਪਏ ਦੀ ਰਾਸ਼ੀ ਅਤੇ ਪ੍ਰਸ਼ੰਸਾ ਪੱਤਰ ਦੇ ਨਾਲ ‘ਬਹਿਣ ਸ਼ੰਨੋ ਦੇਵੀ ਪੰਚਾਇਤੀ ਰਾਜ ਪੁਰਸਕਾਰ‘ ਸ਼ਾਮਲ ਹਨ।
ਇਸ ਤੋਂ ਇਲਾਵਾ ਸਰਕਾਰੀ ਕਰਮਚਾਰੀ, ਸਮਾਜਿਕ ਕਰਮਚਾਰੀ ਅਤੇ ਮਹਿਲਾ ਉੱਦਮੀ ਸ਼੍ਰੇਣੀਆਂ ਵਿੱਚ ਵੀ ਜੇਤੂਆਂ ਨੂੰ 21 ਹਜ਼ਾਰ ਰੁਪਏ ਦੀ ਨਕਦ ਰਾਸ਼ੀ, ਪ੍ਰਸ਼ੰਸਾ ਪੱਤਰ ਅਤੇ ਸ਼ਾਲ ਪ੍ਰਦਾਨ ਕੀਤੇ ਜਾਣਗੇ। ਬੁਲਾਰੇ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪੱਧਰ ‘ਤੇ ਪ੍ਰਾਪਤ ਸਾਰੀਆਂ ਅਰਜ਼ੀਆਂ ਦੀ ਜਾਂਚ ਜ਼ਿਲ੍ਹਾ ਪੱਧਰੀ ਸਿਫ਼ਾਰਸ਼ ਕਮੇਟੀ ਵੱਲੋਂ ਕੀਤੀ ਜਾਵੇਗੀ। ਕਮੇਟੀ ਵੱਲੋਂ ਸਿਫ਼ਾਰਸ਼ ਕੀਤੇ ਯੋਗ ਮਾਮਲਿਆਂ ਦੀ ਜ਼ਰੂਰੀ ਤਸਦੀਕ ਅਤੇ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਤੋਂ ਬਾਅਦ ਨਿਰਧਾਰਿਤ ਸਮੇਂ ਦੇ ਅੰਦਰ ਮਾਮਲਿਆਂ ਨੂੰ ਹੈਡਕੁਆਰਟਰ ਭੇਜਿਆ ਜਾਵੇਗਾ। ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਯੋਗ ਔਰਤਾਂ ਅਤੇ ਸੰਬੰਧਿਤ ਸ਼੍ਰੇਣੀਆਂ ਦੇ ਯੋਗ ਵਿਅਕਤੀਆਂ ਤੱਕ ਇਸ ਯੋਜਨਾ ਦੀ ਜਾਣਕਾਰੀ ਪਹੁੰਚਾਉਣ ਅਤੇ ਉਨ੍ਹਾਂ ਨੂੰ ਨਿਰਧਾਰਿਤ ਸਮੇਂ ਅੰਦਰ ਅਰਜ਼ੀ ਦੇਣ ਲਈ ਪ੍ਰੇਰਿਤ ਕਰਨ। ਨਾਲ ਹੀ ਯੋਜਨਾ ਨਾਲ ਸੰਬੰਧਿਤ ਕਿਸੇ ਵੀ ਹੋਰ ਜਾਣਕਾਰੀ ਲਈ ਸੰਬੰਧਿਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ (ਮਹਿਲਾ ਅਤੇ ਬਾਲ ਵਿਕਾਸ ਵਿਭਾਗ) ਦੇ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
