ਪੰਜਾਬ ਦੇ ਹਰ ਪਰਿਵਾਰ ਨੂੰ ਸਾਲਾਨਾ ₹1.82 ਲੱਖ ਦਾ ਸਿੱਧਾ ਮੁਨਾਫ਼ਾ: ਰਣਜੋਧ ਸਿੰਘ ਹਡਾਣਾ
ਸਨੌਰ, 21 ਸਤੰਬਰ, 2026 ( ਗੁਰਮੀਤ ਸਿੰਘ ਤੁੰਗ ) : ਸਨੌਰ ਦੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਵੱਲੋਂ ਸਮੂਹ ਬਲਾਕ ਪ੍ਰਧਾਨਾਂ ਅਤੇ ਸੀਨੀਅਰ ਅਹੁਦੇਦਾਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਮਾਨ ਸਰਕਾਰ ਦੀਆਂ ਲੋਕ-ਪੱਖੀ ਪ੍ਰਾਪਤੀਆਂ ਅਤੇ ਇਤਿਹਾਸਕ ਮੁਨਾਫ਼ਿਆਂ ਦੀ ਜਾਣਕਾਰੀ ਹਲਕੇ ਦੇ ਘਰ-ਘਰ ਤੱਕ ਪਹੁੰਚਾਉਣ ਦੀ ਰੂਪ-ਰੇਖਾ ਉਲੀਕੀ ਗਈ। ਹਡਾਣਾ ਨੇ ਬਲਾਕ ਪ੍ਰਧਾਨਾਂ ਨੂੰ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਅਤੇ ਸਰਕਾਰੀ ਸਕੀਮਾਂ ਤੋਂ ਵਾਂਝੇ ਰਹਿ ਗਏ ਪਰਿਵਾਰਾਂ ਨੂੰ ਮੌਕੇ ‘ਤੇ ਲਾਭ ਦਿਵਾਉਣ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਹਲਕਾ ਸਨੌਰ ਅੰਦਰ ਇਨ੍ਹਾਂ ਸਕੀਮਾਂ ਦਾ ਲਾਭ ਹਰੇਕ ਯੋਗ ਪਰਿਵਾਰ ਤੱਕ ਬਿਨਾਂ ਕਿਸੇ ਪੱਖਪਾਤ ਦੇ ਪਹੁੰਚਾਉਣਾ ਹੀ ਸਾਡੀ ਮੁੱਖ ਤਰਜੀਹ ਹੈ। ਇਸ ਮੌਕੇ ਹਲਕੇ ਸਨੌਰ ਦੇ ਸਾਰੇ ਬਲਾਕ ਇੰਚਾਰਜ ਅਤੇ ਕਈ ਆਪ ਅਹੁਦੇਦਾਰ ਮੌਜੂਦ ਸਨ.
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਦਿਆਂ ਸੂਬੇ ਦੇ ਲੋਕਾਂ ਨੂੰ ਇਤਿਹਾਸਕ ਰਾਹਤ ਦਿੱਤੀ ਗਈ ਹੈ। ਰਣਜੋਧ ਸਿੰਘ ਹਡਾਣਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਾਨ ਸਰਕਾਰ ਦੀਆਂ ਲੋਕ-ਭਲਾਈ ਯੋਜਨਾਵਾਂ ਸਦਕਾ ਅੱਜ ਪੰਜਾਬ ਦੇ ਹਰੇਕ ਆਮ ਪਰਿਵਾਰ ਨੂੰ ਸਾਲਾਨਾ ਲਗਭਗ ₹1,82,000 ਦਾ ਸਿੱਧਾ ਆਰਥਿਕ ਮੁਨਾਫ਼ਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜੋ ਕਿਹਾ ਸੀ, ਉਹ ਕਰ ਵਿਖਾਇਆ ਹੈ। ਹਡਾਣਾ ਨੇ ਪਿਛਲੀਆਂ ਸਰਕਾਰਾਂ ‘ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਹਿਲਾਂ ਆਮ ਲੋਕਾਂ ਦੀ ਖ਼ੂਨ-ਪਸੀਨੇ ਦੀ ਕਮਾਈ ਭਾਰੀ ਬਿਜਲੀ ਬਿੱਲਾਂ, ਸਕੂਲਾਂ ਦੀਆਂ ਮੋਟੀਆਂ ਫ਼ੀਸਾਂ, ਬੱਸਾਂ ਦੇ ਕਿਰਾਏ ਅਤੇ ਹਸਪਤਾਲਾਂ ਦੀਆਂ ਦਵਾਈਆਂ-ਪਰਚੀਆਂ ਵਿੱਚ ਬਰਬਾਦ ਹੋ ਜਾਂਦੀ ਸੀ। ਪ੍ਰੰਤੂ ਭਗਵੰਤ ਮਾਨ ਨੇ ਇਹ ਸਾਰਾ ਪੈਸਾ ਆਮ ਲੋਕਾਂ ਦੀਆਂ ਜੇਬਾਂ ਵਿੱਚੋਂ ਨਿਕਲਣੋਂ ਬੰਦ ਕਰਵਾ ਦਿੱਤਾ ਹੈ, ਜੋ ਕਿ ਅੱਜ ਪਰਿਵਾਰਾਂ ਦਾ ਅਸਲ ਮੁਨਾਫ਼ਾ ਸਾਬਤ ਹੋ ਰਿਹਾ ਹੈ।
ਉਨ੍ਹਾਂ ਵਿਸਥਾਰ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਘਰੇਲੂ ਖਪਤਕਾਰਾਂ ਦਾ ਬਿਜਲੀ ਬਿੱਲ ਜ਼ੀਰੋ ਕੀਤਾ ਗਿਆ ਹੈ ਅਤੇ ਕਿਸਾਨਾਂ ਲਈ ਖੇਤਾਂ ਦੀਆਂ ਮੋਟਰਾਂ ਵਾਸਤੇ ਦਿਨ ਵੇਲੇ ਲਗਾਤਾਰ 8 ਘੰਟੇ ਮੁਫ਼ਤ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ। ਮਹਿਲਾ ਸਸ਼ਕਤੀਕਰਨ ਤਹਿਤ ਔਰਤਾਂ ਨੂੰ ₹1,000 ਪ੍ਰਤੀ ਮਹੀਨਾ ਅਤੇ ਅਨੁਸੂਚਿਤ ਜਾਤੀ ਵਰਗ ਦੀਆਂ ਔਰਤਾਂ ਨੂੰ ₹1,500 ਪ੍ਰਤੀ ਮਹੀਨਾ ਸ਼ੁਰੂ ਕਰਨ ਦੇ ਨਾਲ ਨਾਲ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਪੜ੍ਹਾਈ, ਵਰਦੀਆਂ ਤੇ ਕਿਤਾਬਾਂ ਮੁਫ਼ਤ ਅਤੇ ਆਮ ਆਦਮੀ ਕਲੀਨਿਕਾਂ ਰਾਹੀਂ ਮੁਫ਼ਤ ਟੈਸਟ ਤੇ ਦਵਾਈਆਂ ਲੋਕਾਂ ਦੇ ਘਰਾਂ ਤੱਕ ਪਹੁੰਚ ਰਹੀਆਂ ਹਨ। ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਦਿਆਂ ਬੁਢਾਪਾ ਪੈਨਸ਼ਨ ਵਿੱਚ ਵਾਧਾ, ਆਸਾਨ ਰਾਸ਼ਨ ਸੁਵਿਧਾ, ਬਜ਼ੁਰਗਾਂ ਲਈ ਮੁਫ਼ਤ ਤੀਰਥ ਯਾਤਰਾ ਅਤੇ ਐੱਸ.ਸੀ./ਬੀ.ਸੀ. ਪਰਿਵਾਰਾਂ ਵਿੱਚ ਧੀਆਂ ਦੇ ਵਿਆਹ ਲਈ ‘ਆਸ਼ੀਰਵਾਦ ਸਕੀਮ’ ਦਾ ਲਾਭ ਦਿੱਤਾ ਜਾ ਰਿਹਾ ਹੈ।






