ਪਟਿਆਲਾ, 19 ਸਤੰਬਰ 2026 (ਗੁਰਮੀਤ ਸਿੰਘ ਤੁੰਗ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ ) ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਪੀਐੱਸਟੀਸੀਐੱਲ ) ਦੇ ਨਵ-ਨਿਯੁਕਤ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ (ਸੀਐਮਡੀ ) ਗੁਰਕੀਰਤ ਕਿਰਪਾਲ ਸਿੰਘ ਨੇ ਪਟਿਆਲਾ ਸਥਿਤ ਮੁੱਖ ਦਫ਼ਤਰ ਵਿੱਚ ਆਪਣੀ ਪਹਿਲੀ ਮੀਟਿੰਗ ਦੌਰਾਨ ਸੀਨੀਅਰ ਅਧਿਕਾਰੀਆਂ ਨੂੰ ਸੂਬੇ ਵਿੱਚ ਨਿਰਵਿਘਨ ਅਤੇ ਭਰੋਸੇਯੋਗ ਬਿਜਲੀ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਮੀਟਿੰਗ ਵਿੱਚ ਬਿਜਲੀ ਦੀ ਮੰਗ ਤੇ ਸਪਲਾਈ, ਉਤਪਾਦਨ, ਪਾਵਰ ਖਰੀਦ, ਥਰਮਲ ਪਲਾਂਟਾਂ ਦੀ ਕਾਰਗੁਜ਼ਾਰੀ, ਕੋਲੇ ਦੀ ਉਪਲਬਧਤਾ, ਟਰਾਂਸਮਿਸ਼ਨ ਪ੍ਰਬੰਧ ਅਤੇ ਬਿਜਲੀ ਬਿਲਿੰਗ ਦੀ ਸਮੀਖਿਆ ਕੀਤੀ ਗਈ। ਗੁਰਕੀਰਤ ਕਿਰਪਾਲ ਨੇ ਕਿਹਾ ਕਿ ਘਰੇਲੂ ਅਤੇ ਵਪਾਰਕ ਖਪਤਕਾਰਾਂ ਨੂੰ ਭਰੋਸੇਯੋਗ ਸਪਲਾਈ ਦੇਣਾ ਮੁੱਖ ਤਰਜੀਹ ਹੈ।
ਉਨ੍ਹਾਂ ਅਧਿਕਾਰੀਆਂ ਨੂੰ ਕਿਸਾਨਾਂ ਲਈ ਨਿਰਧਾਰਤ ਸ਼ਡਿਊਲ ਅਨੁਸਾਰ 8 ਘੰਟੇ ਨਿਰਵਿਘਨ ਖੇਤੀਬਾੜੀ ਬਿਜਲੀ ਸਪਲਾਈ ਯਕੀਨੀ ਬਣਾਉਣ, ਥਰਮਲ ਪਲਾਂਟਾਂ ਅਤੇ ਕੋਲੇ ਦੇ ਸਟਾਕ ’ਤੇ ਲਗਾਤਾਰ ਨਿਗਰਾਨੀ ਰੱਖਣ ਅਤੇ ਬਿਜਲੀ ਖਰੀਦ ਦੀ ਸਥਿਤੀ ’ਤੇ ਨਜ਼ਰ ਰੱਖਣ ਲਈ ਕਿਹਾ। ਨਾਲ ਹੀ ਘਰੇਲੂ, ਖੇਤੀਬਾੜੀ ਅਤੇ ਵਪਾਰਕ ਖਪਤਕਾਰਾਂ ਨਾਲ ਸਬੰਧਤ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ, ਫੀਲਡ ਪੱਧਰ ’ਤੇ ਨਿਗਰਾਨੀ ਮਜ਼ਬੂਤ ਕਰਨ ਅਤੇ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਦੇ ਹੁਕਮ ਦਿੱਤੇ ਗਏ। ਪੀਐਸਪੀਸੀਐਲ ਅਤੇ ਪੀਐੱਸਟੀਸੀਐੱਲ ਵਿਚਕਾਰ ਬਿਹਤਰ ਤਾਲਮੇਲ ਰਾਹੀਂ ਬਿਜਲੀ ਪ੍ਰਬੰਧਨ ਨੂੰ ਸੁਚਾਰੂ ਕਰਨ ’ਤੇ ਵੀ ਜ਼ੋਰ ਦਿੱਤਾ ਗਿਆ। ਗੁਰਕੀਰਤ ਕਿਰਪਾਲ ਸਿੰਘ ਨੂੰ 14 ਸਤੰਬਰ ਨੂੰ ਪੀਐਸਪੀਸੀਐਲ ਅਤੇ ਪੀਐੱਸਟੀਸੀਐੱਲ ਦੇ ਸੀਐਮਡੀ ਦਾ ਵਾਧੂ ਚਾਰਜ ਦਿੱਤਾ ਗਿਆ ਸੀ। ਇਹ ਤਬਦੀਲੀ ਉਸ ਸਮੇਂ ਹੋਈ ਜਦੋਂ ਪੰਜਾਬ ਵਿੱਚ ਬਿਜਲੀ ਕੱਟਾਂ ਅਤੇ ਸਪਲਾਈ ਸਬੰਧੀ ਕਿਸਾਨਾਂ ਤੇ ਉਦਯੋਗਿਕ ਖੇਤਰ ਵੱਲੋਂ ਚਿੰਤਾਵਾਂ ਸਾਹਮਣੇ ਆ ਰਹੀਆਂ ਸਨ।
