50 ਤੋਂ ਵੱਧ ਯੂਨੀਵਰਸਿਟੀਆਂ ਦੇ 500 ਤੋਂ ਵੱਧ ਖਿਡਾਰੀ ਲੈ ਰਹੇ ਹਨ ਹਿੱਸਾ, ਹਰਿਆਣਾ ਦੇ ਖੇਡ ਮੰਤਰੀ ਗੌਰਵ ਗੌਤਮ ਨੇ ਕੀਤੀ ਸ਼ਿਰਕਤ
ਮੋਹਾਲੀ, 4 ਨਵੰਬਰ, 2026 (ਚੌਧਰੀ ਪ੍ਰਭਜੀਤ ਸਿੰਘ ) : ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿਖੇ ਆਲ ਇੰਡੀਆ ਅੰਤਰ-ਯੂਨੀਵਰਸਿਟੀ ਕੈਨੋਇੰਗ ਅਤੇ ਕਾਇਆਕਿੰਗ ਚੈਂਪੀਅਨਸ਼ਿਪ-2026 (ਲੜਕੇ ਅਤੇ ਲੜਕੀਆਂ) ਦਾ ਸ਼ਾਨਦਾਰ ਆਗਾਜ਼ ਹੋ ਗਿਆ ਹੈ। ਇਸ ਕੌਮੀ ਪੱਧਰ ਦੇ ਖੇਡ ਮੁਕਾਬਲੇ ਵਿੱਚ ਦੇਸ਼ ਭਰ ਦੀਆਂ 50 ਤੋਂ ਵੱਧ ਯੂਨੀਵਰਸਿਟੀਆਂ ਦੇ 500 ਤੋਂ ਵੱਧ ਖਿਡਾਰੀ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ। ਚੈਂਪੀਅਨਸ਼ਿਪ ਦਾ ਮੁੱਖ ਉਦੇਸ਼ ਯੂਨੀਵਰਸਿਟੀ ਪੱਧਰ ’ਤੇ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਅਤੇ ਨੌਜਵਾਨ ਖਿਡਾਰੀਆਂ ਨੂੰ ਕੌਮੀ ਪੱਧਰ ’ਤੇ ਆਪਣੀ ਯੋਗਤਾ ਸਾਬਤ ਕਰਨ ਲਈ ਮੰਚ ਪ੍ਰਦਾਨ ਕਰਨਾ ਹੈ। ਇਸ ਮੁਕਾਬਲੇ ਰਾਹੀਂ ਖਿਡਾਰੀਆਂ ਵਿੱਚ ਅਨੁਸ਼ਾਸਨ, ਦ੍ਰਿੜ੍ਹ ਇਰਾਦੇ, ਸਰੀਰਕ ਸਮਰੱਥਾ ਅਤੇ ਖੇਡ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦਾ ਟੀਚਾ ਰੱਖਿਆ ਗਿਆ ਹੈ। ਉਦਘਾਟਨੀ ਸਮਾਰੋਹ ਵਿੱਚ ਹਰਿਆਣਾ ਦੇ ਖੇਡ ਮੰਤਰੀ (ਸੁਤੰਤਰ ਚਾਰਜ) ਗੌਰਵ ਗੌਤਮ ਅਤੇ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਦੀ ਵਧੀਕ ਸਕੱਤਰ ਮਮਤਾ ਆਰ. ਅਗਰਵਾਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸੀਜੀਸੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਵਿਨੈ ਗੋਇਲ, ਐਸੋਸੀਏਟ ਡਾਇਰੈਕਟਰ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਲਵਦੀਪ ਮਾਨ ਅਤੇ ਸੀਨੀਅਰ ਡਾਇਰੈਕਟਰ ਸਪੋਰਟਸ ਸਤੀਸ਼ ਕੇ. ਸਰਹੱਦੀ ਵੀ ਮੌਜੂਦ ਰਹੇ।
ਇਸ ਤੋਂ ਇਲਾਵਾ ਚੰਡੀਗੜ੍ਹ ਕੈਨੋਇੰਗ ਅਤੇ ਕਾਇਆਕਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਦੀਪਕ ਸਿੰਘ, ਏਆਈਯੂ ਦੇ ਆਬਜ਼ਰਵਰ ਪ੍ਰੋ. ਆਰ. ਸੁਬਰਾਮਨੀਅਮ, ਚੰਡੀਗੜ੍ਹ ਪ੍ਰਸ਼ਾਸਨ ਦੇ ਸਿੱਖਿਆ ਸਕੱਤਰ ਪ੍ਰੇਰਣਾ ਪੁਰੀ, ਆਈਏਐਸ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਡਾ. ਕੰਵਰ ਮਨਦੀਪ ਸਿੰਘ, ਸਪੋਰਟਸ ਅਥਾਰਟੀ ਆਫ ਇੰਡੀਆ ਦੇ ਖੇਤਰੀ ਡਾਇਰੈਕਟਰ ਸ਼ੈਲੇਂਦਰ ਕੁਮਾਰ ਅਤੇ ਸਰਵਗਿਆ ਠਾਕਰੇ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸਮਾਗਮ ਦੀ ਸ਼ੋਭਾ ਵਧਾਈ। ਸਮਾਗਮ ਵਿੱਚ ਪੁਲਿਸ ਅਤੇ ਪ੍ਰਸ਼ਾਸਨਿਕ ਵਿਭਾਗ ਦੇ ਕਈ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਇਨ੍ਹਾਂ ਵਿੱਚ ਡਾ. ਰਾਕੇਸ਼ ਮਲਿਕ, ਡੀਆਈਜੀ ਰਾਜੀਵ ਰੰਜਨ ਸਿੰਘ, ਐਸਪੀ ਵਿਨੀਤ ਕੁਮਾਰ, ਡੀਐਸਪੀ ਸੁਖਦੀਪ ਸਿੰਘ, ਡੀਐਸਪੀ ਪੀ. ਅਭਿਦਾਨੰਦ ਅਤੇ ਡੀਐਸਪੀ ਰਾਮ ਗੋਪਾਲ ਸ਼ਾਮਲ ਸਨ।
ਭਾਰਤੀ ਖੇਡ ਜਗਤ ਦੀਆਂ ਪ੍ਰਸਿੱਧ ਹਸਤੀਆਂ ਓਲੰਪੀਅਨ ਅਤੇ ਅਰਜੁਨ ਐਵਾਰਡੀ ਸਵਰਨ ਸਿੰਘ ਵਿਰਕ ਅਤੇ ਪਦਮ ਸ਼੍ਰੀ ਐਵਾਰਡੀ ਜਗਜੀਤ ਸਿੰਘ ਦੀ ਮੌਜੂਦਗੀ ਵੀ ਇਸ ਸਮਾਗਮ ਦਾ ਖ਼ਾਸ ਆਕਰਸ਼ਣ ਰਹੀ। ਜ਼ਿਕਰਯੋਗ ਹੈ ਕਿ ਕੈਨੋਇੰਗ ਅਤੇ ਕਾਇਆਕਿੰਗ ਅਜਿਹੀਆਂ ਜਲ ਖੇਡਾਂ ਹਨ, ਜਿਨ੍ਹਾਂ ਵਿੱਚ ਸਰੀਰਕ ਤਾਕਤ, ਸਹਿਣਸ਼ੀਲਤਾ, ਸੰਤੁਲਨ, ਤਕਨੀਕੀ ਮੁਹਾਰਤ ਅਤੇ ਮਾਨਸਿਕ ਮਜ਼ਬੂਤੀ ਦੀ ਅਹਿਮ ਭੂਮਿਕਾ ਹੁੰਦੀ ਹੈ। ਅਜਿਹੇ ਕੌਮੀ ਮੁਕਾਬਲੇ ਨੌਜਵਾਨ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ, ਤਜਰਬਾ ਹਾਸਲ ਕਰਨ ਅਤੇ ਭਵਿੱਖ ਦੇ ਵੱਡੇ ਖੇਡ ਮੁਕਾਬਲਿਆਂ ਲਈ ਤਿਆਰ ਹੋਣ ਦਾ ਮੌਕਾ ਪ੍ਰਦਾਨ ਕਰਦੇ ਹਨ।50 ਤੋਂ ਵੱਧ ਯੂਨੀਵਰਸਿਟੀਆਂ ਦੀ ਸ਼ਮੂਲੀਅਤ ਅਤੇ ਖੇਡ, ਪ੍ਰਸ਼ਾਸਨਿਕ ਤੇ ਪੁਲਿਸ ਖੇਤਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦੀ ਹਾਜ਼ਰੀ ਨਾਲ ਇਹ ਚੈਂਪੀਅਨਸ਼ਿਪ ਉੱਭਰਦੇ ਖਿਡਾਰੀਆਂ ਲਈ ਇੱਕ ਮਹੱਤਵਪੂਰਨ ਮੰਚ ਸਾਬਤ ਹੋਣ ਦੀ ਉਮੀਦ ਹੈ। ਇਸ ਨਾਲ ਉੱਚ ਸਿੱਖਿਆ ਸੰਸਥਾਵਾਂ ਵਿੱਚ ਖੇਡਾਂ ਪ੍ਰਤੀ ਰੁਚੀ ਅਤੇ ਮੁਕਾਬਲੇ ਦੀ ਭਾਵਨਾ ਨੂੰ ਵੀ ਨਵਾਂ ਹੁਲਾਰਾ ਮਿਲੇਗਾ।






