ਚੰਡੀਗੜ੍ਹ, 28 ਅਗਸਤ, 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਦਿੱਲੀ ਸਥਿਤ ਸੇਵਾ ਤੀਰਥ ਵਿਖੇ ਮੁਲਾਕਾਤ ਕੀਤੀ ਇਸ ਮੁਲਾਕਾਤ ਤੋਂ ਬਾਅਦ ਹਰਿਆਣਾ ਭਵਨ, ਨਵੀਂ ਦਿੱਲੀ ਵਿਖੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਹਰਿਆਣਾ ਸੂਬੇ ਦੇ ਵਿਕਾਸ ਨੂੰ ਲੈ ਕੇ ਵਿਸਥਾਰ ਨਾਲ ਚਰਚਾ ਹੋਈ। ਇਸ ਦੌਰਾਨ ਹਰਿਆਣਾ ਦੀ ਨਵੀਂ ਉਦਯੋਗਿਕ ਨੀਤੀ, ਸੂਬੇ ਵਿੱਚ ਨਵਾਂ ਨਿਵੇਸ਼ ਅਤੇ ਵੱਖ-ਵੱਖ ਵਿਸ਼ਿਆਂ ’ਤੇ ਵਿਸਥਾਰ ਨਾਲ ਚਰਚਾ ਹੋਈ ਅਤੇ ਪ੍ਰਧਾਨ ਮੰਤਰੀ ਦਾ ਮਾਰਗਦਰਸ਼ਨ ਪ੍ਰਾਪਤ ਹੋਇਆ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਾਲ ਹੀ ਵਿੱਚ ਲਾਂਚ ਕੀਤੀ ਗਈ ਨਵੀਂ ਉਦਯੋਗਿਕ ਨੀਤੀ (New Industry Policy) ਅਤੇ ਇਸ ਦੇ ਨਾਲ ਜਾਰੀ ਕੀਤੀਆਂ ਗਈਆਂ ਨੌਂ ਸੈਕਟੋਰਲ ਪਾਲਿਸੀਆਂ ਬਾਰੇ ਪ੍ਰਧਾਨ ਮੰਤਰੀ ਨੂੰ ਜਾਣੂ ਕਰਵਾਇਆ ਗਿਆ। ਨਵੀਂ ਉਦਯੋਗਿਕ ਨੀਤੀ ਤਹਿਤ ਅਗਲੇ ਪੰਜ ਸਾਲਾਂ ਵਿੱਚ ਪੰਜ ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਟੀਚਾ ਰੱਖਿਆ ਗਿਆ ਹੈ। ਜਿਸ ਦਿਨ ਇਹ ਨੀਤੀ ਲਾਂਚ ਕੀਤੀ ਗਈ, ਉਸੇ ਦਿਨ ₹1,10,000 ਕਰੋੜ ਦਾ ਨਿਵੇਸ਼ ਆਇਆ, ਜਿਸ ਵਿੱਚੋਂ ਲਗਭਗ ₹25,000 ਕਰੋੜ ਜ਼ਮੀਨੀ ਪੱਧਰ ’ਤੇ ਆ ਚੁੱਕਾ ਹੈ। ਇਸ ਤੋਂ ਇਲਾਵਾ ਹਾਲ ਹੀ ਵਿੱਚ ਜਾਪਾਨ ਦੌਰੇ ਦੌਰਾਨ ਸਾਢੇ ਚਾਰ ਹਜ਼ਾਰ ਕਰੋੜ ਰੁਪਏ ਦੇ ਐਮਓਯੂ ਸਾਈਨ ਕੀਤੇਗਏ ਸਨ, ਜਿਨ੍ਹਾਂ ਵਿੱਚੋਂ ਢਾਈ ਹਜ਼ਾਰ ਕਰੋੜ ਰੁਪਏ ਦੀਆਂ ਪ੍ਰਾਜੈਕਟਾਂ ਜ਼ਮੀਨੀ ਪੱਧਰ ’ਤੇ ਆ ਚੁੱਕੀਆਂ ਹਨ। ਸੂਬੇ ਵਿੱਚ ਲਾਂਚ ਕੀਤੀ ਗਈ ਐਮਐਸਐਮਈ ਪਾਲਿਸੀ ਬਾਰੇ ਵੀ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ। ਇਸੇ ਮਹੀਨੇ ਮੁੰਬਈ ਵਿੱਚ ਪ੍ਰਮੁੱਖ ਉਦਯੋਗਪਤੀਆਂ ਨਾਲ ਹੋਈ ਮੀਟਿੰਗ ਦੌਰਾਨ ਵੀ ਲਗਭਗ 66 ਹਜ਼ਾਰ ਕਰੋੜ ਰੁਪਏ ਦੇ ਐਮਓਯੂ ਸਾਈਨ ਹੋਏ ਹਨ। ਇਨ੍ਹਾਂ ਸਾਰੀਆਂ ਗੱਲਾਂ ਦੀ ਜਾਣਕਾਰੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਦਿੱਤੀ ਗਈ।ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨਾਰਨੌਲ ਦੇ ਨਾਂਗਲ ਚੌਧਰੀ ਵਿੱਚ ਤਿਆਰ ਹੋ ਚੁੱਕੇ ਇੰਟੀਗ੍ਰੇਟਿਡ ਲੌਜਿਸਟਿਕ ਹੱਬ ਦੇ ਪਹਿਲੇ ਪੜਾਅ ਦੇ ਮੁਕੰਮਲ ਹੋਣ ਬਾਰੇ ਵੀ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ 27 ਅਗਸਤ ਤੋਂ ਸ਼ੁਰੂ ਹੋਏ ਵਿਧਾਨ ਸਭਾ ਸੈਸ਼ਨ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਪ੍ਰਧਾਨ ਮੰਤਰੀ ਨੇ ਰੱਖੜੀ ਦੇ ਪਵਿੱਤਰ ਤਿਉਹਾਰ ’ਤੇ ਸੂਬੇ ਦੀਆਂ ਭੈਣਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਮੁੱਖ ਮੰਤਰੀ ਨੇ ਵੀ ਸੂਬਾ ਵਾਸੀਆਂ ਨੂੰ ਇਸ ਪਵਿੱਤਰ ਤਿਉਹਾਰ ਦੀ ਵਧਾਈ ਦਿੱਤੀ।
ਗੁਰੂਗ੍ਰਾਮ ਵਿੱਚ ਜਲਭਰਾਅ ਨੂੰ ਲੈ ਕੇ ਸਰਕਾਰ ਦਾ ਵੱਡਾ ਐਕਸ਼ਨ ਪਲਾਨ
ਗੁਰੂਗ੍ਰਾਮ ਵਿੱਚ ਜਲਭਰਾਅ ਸਬੰਧੀ ਪੁੱਛੇ ਗਏ ਸਵਾਲ ’ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਿਛਲੇ 12 ਸਾਲਾਂ ਤੋਂ ਗੁਰੂਗ੍ਰਾਮ ਦੇ ਸੁਧਾਰ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਲਵਾਯੂ ਪਰਿਵਰਤਨ ਕਾਰਨ ਅਚਾਨਕ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੈ। ਇਸ ਸਾਲ ਗੁਰੂਗ੍ਰਾਮ ਵਿੱਚ ਆਮ ਨਾਲੋਂ ਵੱਧ ਮੀਂਹ ਪਿਆ ਹੈ ਸੂਬੇ ਵਿੱਚ ਯਮੁਨਾਨਗਰ ਤੋਂ ਬਾਅਦ ਸਭ ਤੋਂ ਵੱਧ ਵਰਖਾ ਗੁਰੂਗ੍ਰਾਮ ਵਿੱਚ ਹੋਈ ਹੈ। ਗੁਰੂਗ੍ਰਾਮ ਵਿੱਚ 6, 7 ਅਤੇ 8 ਅਗਸਤ ਨੂੰ ਲਗਭਗ 230 ਮਿਲੀਮੀਟਰ ਮੀਂਹ ਪਿਆ, ਫਿਰ ਵੀ ਜਲ ਨਿਕਾਸੀ ਪ੍ਰਬੰਧ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਦੇ ਰਹੇ। 24 ਅਗਸਤ ਨੂੰ ਬਹੁਤ ਘੱਟ ਸਮੇਂ ਵਿੱਚ ਬੇਹੱਦ ਤੇਜ਼ ਮੀਂਹ ਪੈਣ ਕਾਰਨ ਕੁਝ ਇਲਾਕਿਆਂ ਵਿੱਚ ਜਲਭਰਾਅ ਹੋਇਆ, ਪਰ ਸੁਧਰੇ ਹੋਏ ਪ੍ਰਬੰਧਾਂ ਕਾਰਨ ਲਗਭਗ ਦੋ ਘੰਟਿਆਂ ਵਿੱਚ ਸਥਿਤੀ ਆਮ ਹੋ ਗਈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਦੱਸਿਆ ਕਿ ਜਲਭਰਾਅ ਨੂੰ ਲੈ ਕੇ ਸਰਕਾਰ ਦਾ ਵੱਡਾ ਐਕਸ਼ਨ ਪਲਾਨ ਹੈ। ਪਹਿਲੀ ਵਾਰ ਕੈਮਰਾ ਆਧਾਰਿਤ ਨਿਰੀਖਣ ਰਾਹੀਂ ਨਾਲਿਆਂ ਦੀ ਡੀ-ਸਿਲਟਿੰਗ ਯਕੀਨੀ ਬਣਾਈ ਗਈ ਹੈ। ਚਿੰਨ੍ਹਿਤ 99 ਜਲਭਰਾਅ ਵਾਲੇ ਸਥਾਨਾਂ ਵਿੱਚੋਂ ਜ਼ਿਆਦਾਤਰ ਥਾਵਾਂ ’ਤੇ ਵਾਟਰ ਹਾਰਵੈਸਟਿੰਗ ਵੈੱਲ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਰਾਹੀਂ ਲਗਭਗ 13,000 ਮੀਟ੍ਰਿਕ ਟਨ ਵਰਖਾ ਦੇ ਪਾਣੀ ਦਾ ਰੀਚਾਰਜ ਹੋਇਆ ਹੈ। ਹੀਰੋ ਹੌਂਡਾ ਚੌਕ ’ਤੇ ਜੈਪੁਰ-ਦਿੱਲੀ ਹਾਈਵੇਅ ’ਤੇ ਨਵੇਂ ਨਾਲੇ ਦਾ ਨਿਰਮਾਣ ਕੀਤਾ ਗਿਆ ਹੈ। ਲੈਗ-1, 2, 3’ਤੇ ਕਬਜ਼ੇ ਹਟਾ ਕੇ ਇਨ੍ਹਾਂ ਦੀ ਸਫਾਈ ਕੀਤੀ ਗਈ ਹੈ ਅਤੇ ਲੈਗ-4 ਨੂੰ ਚਾਲੂ ਕੀਤਾ ਗਿਆ ਹੈ। ਇਸ ਨਾਲ ਗੁਰੂਗ੍ਰਾਮ ਵਿੱਚ ਜਲਭਰਾਅ ਦੀ ਸਮੱਸਿਆ ਦੇ ਹੱਲ ਵਿੱਚ ਮਦਦ ਮਿਲੀ ਹੈ।
ਅਰਾਵਲੀ ਦੀ ਤਲਹਟੀ ਵਿੱਚ ਚੈੱਕ ਡੈਮ ਬਣਾ ਕੇ ਪਹਾੜੀ ਖੇਤਰ ਤੋਂ ਸਿੱਧਾ ਆਉਣ ਵਾਲੇ ਪਾਣੀ ਨੂੰ ਰੋਕਿਆ ਗਿਆ ਹੈ ਗ੍ਰੀਨ ਬੈਲਟ ਨੂੰ ਸੜਕ ਤੋਂ ਉੱਪਰ ਹੋਣ ਕਾਰਨ ਉਸ ਨੂੰ ਵੀ ਨੀਵਾਂ ਕੀਤਾ ਗਿਆ ਹੈ, ਜਿਸ ਨਾਲ ਸੜਕ ’ਤੇ ਪਾਣੀ ਘੱਟ ਹੋਇਆ ਹੈ। 74 ਪੁਰਾਣੇ ਤਲਾਬਾਂ ਅਤੇ ਜਲ ਸਰੋਤਾਂ ਨੂੰ ਵਿਵਸਥਿਤ ਕੀਤਾ ਗਿਆ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜਾਪਾਨੀ ਕੰਪਨੀ ਨਿਪਪੋਨ ਕੋਈ ਤੋਂ ਸਰਵੇ ਕਰਵਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਗੁਰੂਗ੍ਰਾਮ ਦੇ ਨੀਵੇਂ ਇਲਾਕਿਆਂ ਦੇ ਪਾਣੀ ਨੂੰ ਨੂਹ ਰਾਹੀਂ ਯਮੁਨਾ ਤੱਕ ਪਹੁੰਚਾਇਆ ਜਾਵੇਗਾ। ਇਸ ਦੇ ਨਾਲ ਹੀ ਆਈਆਈਟੀ ਦਿੱਲੀ ਦੇ ਸਹਿਯੋਗ ਨਾਲ ਰੇਨ ਵਾਟਰ ਹਾਰਵੈਸਟਿੰਗ ਦੀ ਨਵੀਂ ਪ੍ਰਾਜੈਕਟ ਸ਼ੁਰੂ ਕੀਤੀ ਗਈ ਹੈ, ਜਿਸ ਰਾਹੀਂ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕੀਤਾ ਜਾ ਰਿਹਾ ਹੈ। ਇਸ ਤਹਿਤ ਅਗਲੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਅਜਿਹੇ 100 ਸਟ੍ਰਕਚਰ ਸਥਾਪਿਤ ਕੀਤੇ ਜਾਣਗੇ, ਜਿਨ੍ਹਾਂ ਰਾਹੀਂ ਮਾਨਸੂਨ ਦੌਰਾਨ 25 ਤੋਂ 30 ਕਰੋੜ ਲੀਟਰ ਪਾਣੀ ਧਰਤੀ ਹੇਠਾਂ ਰੀਚਾਰਜ ਕੀਤਾ ਜਾ ਸਕੇਗਾ ਉਨ੍ਹਾਂ ਭਰੋਸਾ ਜਤਾਇਆ ਕਿ ਅਗਲੇ ਮਾਨਸੂਨ ਸੈਸ਼ਨ ਤੱਕ ਸਥਿਤੀ ਵਿੱਚ ਹੋਰ ਵੱਡਾ ਸੁਧਾਰ ਦੇਖਣ ਨੂੰ ਮਿਲੇਗਾ।
ਕਾਂਗਰਸ ਕੋਲ ਮੁੱਦੇ ਨਹੀਂ ਹਨ
ਵਿਧਾਨ ਸਭਾ ਸੈਸ਼ਨ ਦੌਰਾਨ ਕਾਂਗਰਸੀ ਵਿਧਾਇਕਾਂ ਦੇ ਪ੍ਰਦਰਸ਼ਨ ਅਤੇ ਵਾਕਆਊਟ ਸਬੰਧੀ ਪੁੱਛੇ ਗਏ ਸਵਾਲ ’ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਾਂਗਰਸ ਕੋਲ ਕੋਈ ਮੁੱਦਾ ਨਹੀਂ ਹੈ ਅਤੇ ਉਹ ਝੂਠ ਬੋਲ ਕੇ ਜਨਤਾ ਅਤੇ ਸਦਨ ਨੂੰ ਗੁੰਮਰਾਹ ਕਰਨਾ ਚਾਹੁੰਦੀ ਹੈ। ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ ਜਦੋਂ ਸਦਨ ਵਿੱਚ ਤੱਥਾਂ ’ਤੇ ਗੱਲ ਹੁੰਦੀ ਹੈ ਤਾਂ ਵਿਰੋਧੀ ਧਿਰ ਸਦਨ ਤੋਂ ਭੱਜ ਜਾਂਦੀ ਹੈ ਅਤੇ ਹੰਗਾਮਾ ਖੜ੍ਹਾ ਕਰਦੀ ਹੈ। ਉਨ੍ਹਾਂ ਸਦਨ ਵਿੱਚ ਇੱਕ ਦਲਿਤ-ਸਿੱਖ ਵਿਧਾਇਕ ਵੱਲੋਂ 1984 ਦੇ ਦੰਗਿਆਂ ਦੇ ਵਿਰੋਧ ਵਿੱਚ ਉਠਾਈ ਗਈ ਆਵਾਜ਼ ਨੂੰ ਕਾਂਗਰਸ ਵੱਲੋਂ ਦਬਾਉਣ ਦੀ ਕੋਸ਼ਿਸ਼ ’ਤੇ ਵੀ ਸਖ਼ਤ ਇਤਰਾਜ਼ ਜਤਾਇਆ ਅਤੇ ਕਿਹਾ ਕਿ ਇਸ ਤਰ੍ਹਾਂ ਕਿਸੇ ਦੀ ਆਵਾਜ਼ ਨੂੰ ਦਬਾਉਣਾ ਉਚਿਤ ਨਹੀਂ ਹੈ।







