ਸਿੰਚਾਈ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਨੇ ਝੱਜਰ ਵਿੱਚ 11 ਵਿਕਾਸ ਯੋਜਨਾਵਾਂ ਦਾ ਕੀਤਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ
ਚੰਡੀਗੜ੍ਹ, 12 ਅਕਤੂਬਰ, 2026 (ਸੰਜੀਵ ਸ਼ਰਮਾ) : ਹਰਿਆਣਾ ਦੀ ਸਿੰਚਾਈ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼ਰੁਤੀ ਚੌਧਰੀ ਨੇ ਐਤਵਾਰ ਨੂੰ ਝੱਜਰ ਸਥਿਤ ਸਿੰਚਾਈ ਰੇਸਟ ਹਾਊਸ ਵਿਖੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਸਿੰਚਾਈ ਵਿਭਾਗ ਦੀਆਂ 10 ਮਹੱਤਵਪੂਰਨ ਯੋਜਨਾਵਾਂ ਦਾ ਉਦਘਾਟਨ ਕੀਤਾ ਅਤੇ ਇੱਕ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ 11 ਵਿਕਾਸ ਯੋਜਨਾਵਾਂ ਦੀ ਕੁੱਲ ਲਾਗਤ ਲਗਭਗ 37.50 ਕਰੋੜ ਰੁਪਏ ਹੈ। ਇਨ੍ਹਾਂ ਯੋਜਨਾਵਾਂ ਨਾਲ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਪਾਣੀ ਦੀ ਨਿਕਾਸੀ ਪ੍ਰਣਾਲੀ ਮਜ਼ਬੂਤ ਹੋਵੇਗੀ ਅਤੇ ਖੇਤਾਂ ਵਿੱਚ ਪਾਣੀ ਭਰਨ ਅਤੇ ਹੜ੍ਹ ਦੇ ਪਾਣੀ ਦੀ ਨਿਕਾਸੀ ਵਿੱਚ ਮਦਦ ਮਿਲੇਗੀ। ਪ੍ਰੋਗਰਾਮ ਵਾਲੀ ਥਾਂ ’ਤੇ ਬੂਟੇ ਵੀ ਲਗਾਏ ਗਏ। ਇਸ ਤੋਂ ਪਹਿਲਾਂ ਪ੍ਰੋਗਰਾਮ ਵਿੱਚ ਪਹੁੰਚਣ ’ਤੇ ਐਸਡੀਐਮ ਰਵੀ ਮੀਣਾ ਅਤੇ ਸਿੰਚਾਈ ਵਿਭਾਗ ਦੇ ਅਧੀਕਸ਼ਣ ਇੰਜੀਨੀਅਰ ਸਤੀਸ਼ ਕੁਮਾਰ ਨੇ ਸਿੰਚਾਈ ਮੰਤਰੀ ਦਾ ਸਵਾਗਤ ਕਰਦਿਆਂ ਜ਼ਿਲ੍ਹੇ ਭਰ ਵਿੱਚ ਚੱਲ ਰਹੀਆਂ ਸਿੰਚਾਈ ਨਾਲ ਸਬੰਧਤ ਯੋਜਨਾਵਾਂ ਅਤੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ।
ਸਿੰਚਾਈ ਮੰਤਰੀ ਸ਼ਰੁਤੀ ਚੌਧਰੀ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਅਤੇ ਖੇਤੀਬਾੜੀ ਖੇਤਰ ਵਿੱਚ ਬੁਨਿਆਦੀ ਸਹੂਲਤਾਂ ਦੇ ਵਿਸਥਾਰ ਲਈ ਵਚਨਬੱਧ ਹੈ। ਪਾਣੀ ਭਰਨ ਦੀ ਸਮੱਸਿਆ ਦਾ ਸਥਾਈ ਹੱਲ ਕਰਨਾ ਸਰਕਾਰ ਦੀਆਂ ਤਰਜੀਹਾਂ ਵਿੱਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸਿੰਚਾਈ ਅਤੇ ਪਾਣੀ ਦੀ ਨਿਕਾਸੀ ਨਾਲ ਸਬੰਧਤ ਪ੍ਰੋਜੈਕਟਾਂ ਰਾਹੀਂ ਕਿਸਾਨਾਂ ਨੂੰ ਰਾਹਤ ਦੇਣ ਅਤੇ ਖੇਤੀਬਾੜੀ ਵਾਲੀ ਜ਼ਮੀਨ ਨੂੰ ਪਾਣੀ ਭਰਨ ਤੋਂ ਬਚਾਉਣ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।
ਕੈਬਨਿਟ ਮੰਤਰੀ ਨੇ 428.83 ਲੱਖ ਰੁਪਏ ਦੀ ਲਾਗਤ ਨਾਲ ਬਿਸਾਹਨ ਲਿੰਕ ਨਾਲੇ ’ਤੇ ਟੇਲ ਰੈਗੂਲੇਟਰ ਸਮੇਤ 50 ਕਿਊਸਿਕ ਸਮਰੱਥਾ ਵਾਲੇ ਪੰਪ ਹਾਊਸ, 839.25 ਲੱਖ ਰੁਪਏ ਦੀ ਲਾਗਤ ਨਾਲ ਕਾਸਨੀ ਲਿੰਕ ਨਾਲੇ ਦਾ ਨਿਰਮਾਣ ਅਤੇ 687.99 ਲੱਖ ਰੁਪਏ ਦੀ ਲਾਗਤ ਨਾਲ ਨੀਲਾਹੇੜੀ ਪਿੰਡ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਘਟਾਉਣ ਲਈ ਟਿਊਬਵੈੱਲ ਨਾਲ ਸਬੰਧਤ ਯੋਜਨਾ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਪਿੰਡ ਅਕੇਹੜੀ-ਮਦਨਪੁਰ ਵਿੱਚ 225.34 ਲੱਖ ਅਤੇ 215.24 ਲੱਖ ਰੁਪਏ ਦੀ ਲਾਗਤ ਨਾਲ ਬਣਾਈਆਂ ਗਈਆਂ ਦੋ ਭੂਮੀਗਤ ਐਚਡੀਪੀਈ ਪਾਈਪਲਾਈਨ ਲਿੰਕ ਡਰੇਨ ਯੋਜਨਾਵਾਂ ਦਾ ਉਦਘਾਟਨ ਕੀਤਾ ਗਿਆ। ਜੇਐਲਐਨ ਫੀਡਰ ’ਤੇ 97.41 ਲੱਖ ਰੁਪਏ ਦੀ ਲਾਗਤ ਨਾਲ ਸਥਾਪਿਤ 20 ਕਿਊਸਿਕ ਅਤੇ 10 ਕਿਊਸਿਕ ਸਮਰੱਥਾ ਵਾਲੇ ਪੰਪ ਸੈੱਟ ਵੀ ਚਾਲੂ ਕੀਤੇ ਗਏ। ਉਨ੍ਹਾਂ ਨੇ ਪਿੰਡ ਦੁਬਲਧਨ (ਘਿਕਿਆਨ) ਖੇਤਰ ਵਿੱਚ 362.32 ਲੱਖ ਰੁਪਏ ਦੀ ਲਾਗਤ ਨਾਲ ਹੜ੍ਹ ਦੇ ਪਾਣੀ ਦੀ ਨਿਕਾਸੀ, ਦੁਬਲਧਨ (ਬਿਧਿਆਨ) ਲਿੰਕ ਨਾਲੀ ਦਾ 86.39 ਲੱਖ ਰੁਪਏ ਦੀ ਲਾਗਤ ਨਾਲ ਨਿਰਮਾਣ, ਕਾਸਨੀ ਮਾਈਨਰ ਤੋਂ ਨਾਲਾ ਨੰਬਰ-8 ਤੱਕ 318.49 ਲੱਖ ਰੁਪਏ ਦੀ ਲਾਗਤ ਨਾਲ ਪਾਈਪਲਾਈਨ ਵਿਛਾਉਣ ਅਤੇ ਮੁੰਡਾਹੇੜਾ ਪਿੰਡ ਦੇ ਖੇਤਾਂ ਤੋਂ ਜੇਐਲਐਨ ਐਸਕੇਪ ਚੈਨਲ ਤੱਕ 226.07 ਲੱਖ ਰੁਪਏ ਦੀ ਲਾਗਤ ਨਾਲ ਬਣਾਈਆਂ ਗਈਆਂ ਆਰਸੀਸੀ ਪਾਈਪਲਾਈਨ ਯੋਜਨਾਵਾਂ ਦੀ ਵੀ ਸ਼ੁਰੂਆਤ ਕੀਤੀ। ਕੈਬਨਿਟ ਮੰਤਰੀ ਸ਼ਰੂਤੀ ਚੌਧਰੀ ਨੇ ਢਾਕਲਾ, ਚੰਦੋਲ ਅਤੇ ਸੁਖਪੁਰ ਪਿੰਡਾਂ ਵਿੱਚ ਹੜ੍ਹ ਦੇ ਪਾਣੀ ਦੀ ਨਿਕਾਸੀ ਲਈ 263.17 ਲੱਖ ਰੁਪਏ ਦੀ ਲਾਗਤ ਨਾਲ ਨਾਲਾ ਨੰਬਰ-8 ਤੱਕ 1000 ਮਿਲੀਮੀਟਰ ਵਿਆਸ ਦੀ ਆਰਸੀਸੀ ਪਾਈਪਲਾਈਨ ਵਿਛਾਉਣ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰੋਜੈਕਟ ਨਾਲ ਸਬੰਧਤ ਪਿੰਡਾਂ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਸੁਖਾਲੀ ਹੋਵੇਗੀ ਅਤੇ ਕਿਸਾਨਾਂ ਨੂੰ ਪਾਣੀ ਭਰਨ ਦੀ ਸਮੱਸਿਆ ਤੋਂ ਰਾਹਤ ਮਿਲੇਗੀ।
ਇਨ੍ਹਾਂ ਵਿਕਾਸ ਯੋਜਨਾਵਾਂ ਨਾਲ ਰਿਟੌਲੀ, ਕਬੂਲਪੁਰ, ਗੋਛੀ, ਬਿਸਾਹਨ, ਬੇਰੀ, ਬਾਕਰਾ, ਨੀਲਾਹੇੜੀ, ਅਕੇਹੜੀ ਮਦਨਪੁਰ, ਅੱਛੇਜ, ਸਫੀਪੁਰ, ਮਲਿਕਪੁਰ, ਗੋਧੜੀ, ਸਿਵਾਨਾ ਮਾਜਰਾ, ਦੁਬਲਧਨ, ਬਿਠਲਾ, ਲਡਾਇਣ, ਬਿਰਹੜ, ਮੁੰਡਾਹੇੜਾ, ਚੜ੍ਹਵਾਨਾ ਸਮੇਤ ਵੱਖ-ਵੱਖ ਪਿੰਡਾਂ ਨੂੰ ਲਾਭ ਮਿਲੇਗਾ। ਪਾਣੀ ਦੀ ਨਿਕਾਸੀ ਦੀ ਬਿਹਤਰ ਵਿਵਸਥਾ ਹੋਣ ਨਾਲ ਖੇਤਾਂ ਵਿੱਚ ਪਾਣੀ ਜਮ੍ਹਾਂ ਹੋਣ ਦੀ ਸਮੱਸਿਆ ਘੱਟ ਹੋਵੇਗੀ ਅਤੇ ਖੇਤੀਬਾੜੀ ਗਤੀਵਿਧੀਆਂ ਨੂੰ ਉਤਸ਼ਾਹ ਮਿਲੇਗਾ।
