ਕੋਡਿੰਗ ਅਤੇ ਸਾਈਬਰ ਹਮਲਿਆਂ ਤੋਂ ਬਚਾਅ ਵਿੱਚ ਨਵੀਂ ਸਮਰੱਥਾ ਦਾ ਦਾਅਵਾ, ਫਿਲਹਾਲ ਚੋਣਵੇਂ ਸਾਈਬਰ ਸੁਰੱਖਿਆ ਸੰਗਠਨਾਂ ਨੂੰ ਮਿਲੇਗੀ ਪਹੁੰਚ
ਨਵੀਂ ਦਿੱਲੀ, 30 ਅਕਤੂਬਰ, 2026 (ਚੌਧਰੀ ਪ੍ਰਭਜੀਤ ਸਿੰਘ ) : ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਆਪਣੀ ਪਕੜ ਮਜ਼ਬੂਤ ਕਰਦਿਆਂ ਗੂਗਲ ਨੇ ਆਪਣਾ ਨਵਾਂ AI ਮਾਡਲ Gemini 4 Carbon ਪੇਸ਼ ਕੀਤਾ ਹੈ। ਕੰਪਨੀ ਮੁਤਾਬਕ ਇਹ ਮਾਡਲ ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਵੱਡੀ ਤਬਦੀਲੀ ਲਿਆ ਸਕਦਾ ਹੈ, ਕਿਉਂਕਿ ਇਹ ਸਾਫਟਵੇਅਰ ਅਤੇ ਕੋਡ ਵਿੱਚ ਸੁਰੱਖਿਆ ਖਾਮੀਆਂ ਦੀ ਪਛਾਣ ਕਰਨ ਦੇ ਨਾਲ ਉਨ੍ਹਾਂ ਨੂੰ ਠੀਕ ਕਰਨ ਅਤੇ ਵਧੇਰੇ ਸੁਰੱਖਿਅਤ ਕੋਡ ਤਿਆਰ ਕਰਨ ਵਿੱਚ ਵੀ ਸਮਰੱਥ ਹੈ। ਗੂਗਲ ਦਾ ਇਹ ਇੱਕ ਮਹੀਨੇ ਦੇ ਅੰਦਰ ਦੂਜਾ ਵੱਡਾ AI ਮਾਡਲ ਹੈ। ਇਸ ਤੋਂ ਪਹਿਲਾਂ ਕੰਪਨੀ Gemini 4 Argon ਲਾਂਚ ਕਰ ਚੁੱਕੀ ਹੈ। ਗੂਗਲ ਅਨੁਸਾਰ ਨਵਾਂ Carbon ਮਾਡਲ ਕੋਡਿੰਗ, ਆਟੋਨੋਮਸ AI ਕਾਰਜਾਂ ਅਤੇ ਸਾਈਬਰ ਸੁਰੱਖਿਆ ਦੇ ਮਾਮਲੇ ਵਿੱਚ ਆਪਣੇ ਪਿਛਲੇ ਮਾਡਲ ਨਾਲੋਂ ਬਿਹਤਰ ਪ੍ਰਦਰਸ਼ਨ ਕਰਦਾ ਹੈ।
ਕੰਪਨੀ ਵੱਲੋਂ ਜਾਰੀ ਬੈਂਚਮਾਰਕ ਅੰਕੜਿਆਂ ਅਨੁਸਾਰ, Gemini 4 Carbon ਨੇ OpenAI ਦੇ GPT-6 Astra ਅਤੇ Anthropic ਦੇ Claude Opus 5.5 ਤੇ Claude Fable 5.1 ਵਰਗੇ ਮਾਡਲਾਂ ਨੂੰ ਕਈ ਟੈਸਟਾਂ ਵਿੱਚ ਪਿੱਛੇ ਛੱਡਿਆ ਹੈ। Artificial Analysis Intelligence Index (v5.0) ਵਿੱਚ ਵੀ ਇਸ ਨੇ ਪਹਿਲਾ ਸਥਾਨ ਹਾਸਲ ਕਰਨ ਦਾ ਦਾਅਵਾ ਕੀਤਾ ਹੈ। ਹਾਲਾਂਕਿ, ਇਸ ਤਕਨਾਲੋਜੀ ਦੀ ਵਰਤੋਂ ਨੂੰ ਲੈ ਕੇ ਗੂਗਲ ਨੇ ਫਿਲਹਾਲ ਸਾਵਧਾਨੀ ਵਰਤੀ ਹੈ। ਨਵਾਂ ਮਾਡਲ ਅਜੇ ਸਿਰਫ਼ ਚੋਣਵੇਂ ਸਾਈਬਰ ਸੁਰੱਖਿਆ ਕੰਪਨੀਆਂ ਲਈ ਉਪਲਬਧ ਕਰਵਾਇਆ ਗਿਆ ਹੈ। ਬਾਅਦ ਵਿੱਚ ਇਸ ਦੀ ਪਹੁੰਚ Fairwind Program ਤਹਿਤ ਹੋਰ ਭਾਈਵਾਲਾਂ ਤੱਕ ਵਧਾਈ ਜਾਵੇਗੀ। AI ਦੀ ਇਹ ਨਵੀਂ ਪੇਸ਼ਕਦਮੀ ਸਾਈਬਰ ਸੁਰੱਖਿਆ ਵਿੱਚ ਖਾਮੀਆਂ ਲੱਭਣ ਤੋਂ ਲੈ ਕੇ ਉਨ੍ਹਾਂ ਦੇ ਹੱਲ ਤੱਕ ਕੰਮ ਕਰਨ ਵਾਲੇ ਸਮਾਰਟ ਸਿਸਟਮਾਂ ਦੇ ਨਵੇਂ ਦੌਰ ਦਾ ਸੰਕੇਤ ਦਿੰਦੀ ਹੈ।
