ਬਠਿੰਡਾ, 23 ਅਗਸਤ 2026 (ਛਤਰਪਾਲ ਸਿੰਘ) : ਪੰਜਾਬੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ, ਜੋ ਆਪਣੇ ‘ਪੰਮਾ’ ਕਿਰਦਾਰ ਲਈ ਖਾਸ ਪਛਾਣ ਰੱਖਦੇ ਹਨ, ਹੁਣ ਰੈਸਟੋਰੈਂਟ ਕਾਰੋਬਾਰ ਵਿੱਚ ਵੀ ਕਦਮ ਰੱਖ ਚੁੱਕੇ ਹਨ। ਉਨ੍ਹਾਂ ਵੱਲੋਂ ਬਠਿੰਡਾ ਦੇ ਭੁੱਚੋ ਮੰਡੀ ਸਥਿਤ ਫੈਕਟਰੀ ਆਊਟਲੈਟਸ ਵਿੱਚ ‘ਚਾਹ ਏ ਪਿਆ ਦੇ’ ਨਾਮ ਨਾਲ ਨਵਾਂ ਰੈਸਟੋਰੈਂਟ ਸ਼ੁਰੂ ਕੀਤਾ ਗਿਆ ਹੈ। ਇਸ ਨਵੇਂ ਰੈਸਟੋਰੈਂਟ ਦਾ ਉਦਘਾਟਨ ਪੰਜਾਬੀ ਫਿਲਮ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਨੇ ਕੀਤਾ। ਉਦਘਾਟਨ ਮੌਕੇ ਮਨੋਰੰਜਨ ਜਗਤ ਨਾਲ ਜੁੜੀਆਂ ਕਈ ਹਸਤੀਆਂ ਅਤੇ ਪ੍ਰਿੰਸ ਕੰਵਲਜੀਤ ਸਿੰਘ ਦੇ ਪ੍ਰਸ਼ੰਸਕ ਵੀ ਮੌਜੂਦ ਰਹੇ।
ਰੈਸਟੋਰੈਂਟ ਦੀ ਸ਼ੁਰੂਆਤ ਨਾਲ ਪ੍ਰਿੰਸ ਕੰਵਲਜੀਤ ਸਿੰਘ ਨੇ ਅਦਾਕਾਰੀ ਤੋਂ ਇਲਾਵਾ ਆਪਣੇ ਕਾਰੋਬਾਰੀ ਸਫ਼ਰ ਦੀ ਵੀ ਸ਼ੁਰੂਆਤ ਕੀਤੀ ਹੈ। ‘ਪੰਮਾ’ ਦੇ ਕਿਰਦਾਰ ਰਾਹੀਂ ਦਰਸ਼ਕਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਅਦਾਕਾਰ ਦਾ ਇਹ ਨਵਾਂ ਉਪਰਾਲਾ ਪੰਜਾਬੀ ਫਿਲਮ ਅਤੇ ਮਨੋਰੰਜਨ ਜਗਤ ਵਿੱਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਰੈਸਟੋਰੈਂਟ ਦੇ ਉਦਘਾਟਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਗਿੱਪੀ ਗਰੇਵਾਲ ਵੱਲੋਂ ‘ਚਾਹ ਏ ਪਿਆ ਦੇ’ ਦੀ ਸ਼ੁਰੂਆਤ ਕਰਵਾਉਂਦੇ ਹੋਏ ਨਜ਼ਰ ਆ ਰਹੇ ਹਨ। ਪ੍ਰਿੰਸ ਕੰਵਲਜੀਤ ਸਿੰਘ ਦੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਦੇ ਇਸ ਨਵੇਂ ਉਪਰਾਲੇ ਨੂੰ ਲੈ ਕੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ‘ਚਾਹ ਏ ਪਿਆ ਦੇ’ ਦੇ ਸ਼ੁਰੂ ਹੋਣ ਨਾਲ ਭੁੱਚੋ ਮੰਡੀ ਵਿੱਚ ਪੰਜਾਬੀ ਮਨੋਰੰਜਨ ਜਗਤ ਨਾਲ ਜੁੜਿਆ ਇੱਕ ਹੋਰ ਨਵਾਂ ਰੈਸਟੋਰੈਂਟ ਚਰਚਾ ਵਿੱਚ ਆ ਗਿਆ ਹੈ।







