Home ਪੰਜਾਬ ਵਿਦੇਸ਼ ਜਾਣ ਦਾ ਸੁਪਨਾ ਛੱਡ ਮੋਗਾ ਵਿੱਚ ਸ਼ੁਰੂ ਕੀਤਾ ਆਪਣਾ ਕਾਰੋਬਾਰ

ਵਿਦੇਸ਼ ਜਾਣ ਦਾ ਸੁਪਨਾ ਛੱਡ ਮੋਗਾ ਵਿੱਚ ਸ਼ੁਰੂ ਕੀਤਾ ਆਪਣਾ ਕਾਰੋਬਾਰ

Moga woman chooses entrepreneurship over moving abroad, builds successful food business

0

ਗੁਰਸਿੱਖ ਪਰਮਜੀਤ ਕੌਰ ਨੇ ‘ਹੱਥਾਂ ਦੀ ਮਿਹਨਤ’ ਨੂੰ ਬਣਾਇਆ ਆਪਣੀ ਕਾਮਯਾਬੀ ਦਾ ਹਥਿਆਰ, ਪਤੀ ਅਤੇ ਪਰਿਵਾਰ ਵੀ ਦੇ ਰਹੇ ਪੂਰਾ ਸਾਥ

ਮੋਗਾ, 23 ਸਤੰਬਰ, 2026 (ਲਛਮਣਜੀਤ ਸਿੰਘ ਪੁਰਬਾ): ਅੱਜ ਦੇ ਸਮੇਂ ਵਿੱਚ ਜਿੱਥੇ ਨੌਜਵਾਨਾਂ ਅਤੇ ਪਰਿਵਾਰਾਂ ਵਿੱਚ ਵਿਦੇਸ਼ ਜਾਣ ਦੀ ਦੌੜ ਲੱਗੀ ਹੋਈ ਹੈ, ਉੱਥੇ ਮੋਗਾ ਦੀ ਰਹਿਣ ਵਾਲੀ ਪਰਮਜੀਤ ਕੌਰ ਨੇ ਵਿਦੇਸ਼ ਜਾਣ ਦਾ ਸੁਪਨਾ ਛੱਡ ਕੇ ਆਪਣੀ ਹੀ ਧਰਤੀ ’ਤੇ ਮਿਹਨਤ ਨਾਲ ਕਾਮਯਾਬੀ ਹਾਸਲ ਕਰਨ ਦਾ ਰਾਹ ਚੁਣਿਆ ਹੈ। ਗੁਰਸਿੱਖ ਅਤੇ ਅੰਮ੍ਰਿਤਧਾਰੀ ਪਰਮਜੀਤ ਕੌਰ ਨੇ ਕਰੀਬ ਦੋ ਸਾਲ ਪਹਿਲਾਂ ਮੋਗਾ ਵਿੱਚ ਖਾਣ-ਪੀਣ ਦਾ ਇੱਕ ਛੋਟਾ ਜਿਹਾ ਕਾਰੋਬਾਰ ਸ਼ੁਰੂ ਕੀਤਾ ਸੀ, ਜੋ ਅੱਜ ਲੋਕਾਂ ਵਿੱਚ ਆਪਣੀ ਵੱਖਰੀ ਪਛਾਣ ਬਣਾ ਰਿਹਾ ਹੈ। ਪਰਮਜੀਤ ਕੌਰ ਦੱਸਦੀ ਹੈ ਕਿ ਉਨ੍ਹਾਂ ਦਾ ਸੁਪਨਾ ਵਿਦੇਸ਼ ਜਾਣ ਦਾ ਸੀ ਅਤੇ ਇਸ ਲਈ ਉਨ੍ਹਾਂ ਨੇ ਨਿੱਜੀ ਨੌਕਰੀ ਦੇ ਨਾਲ-ਨਾਲ ਹੋਰ ਤਿਆਰੀਆਂ ਵੀ ਕੀਤੀਆਂ ਸਨ। ਪਰ ਬਾਅਦ ਵਿੱਚ ਉਨ੍ਹਾਂ ਨੇ ਆਪਣਾ ਵਿਚਾਰ ਬਦਲਦਿਆਂ ਖੁਦ ਦਾ ਕਾਰੋਬਾਰ ਸ਼ੁਰੂ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਆਪਣੀ ਧਰਤੀ ’ਤੇ ਮਿਹਨਤ ਕਰਕੇ ਕਾਰੋਬਾਰ ਖੜ੍ਹਾ ਕੀਤਾ ਜਾ ਸਕਦਾ ਹੈ ਤਾਂ ਕਿਸੇ ਹੋਰ ਦੇਸ਼ ਵਿੱਚ ਜਾ ਕੇ ਨੌਕਰੀ ਕਰਨ ਦੀ ਬਜਾਏ ਆਪਣੇ ਹੀ ਕੰਮ ਨੂੰ ਅੱਗੇ ਵਧਾਉਣਾ ਬਿਹਤਰ ਹੈ।

ਉਹ ਆਪਣੇ ਸਟਾਲ ’ਤੇ ਆਲੂ ਅਤੇ ਗੋਭੀ ਦੇ ਪਰਾਂਠੇ, ਮਿਕਸ ਪਰਾਂਠਾ, ਸਾਦੀ ਰੋਟੀ, ਛੋਲੇ-ਭਟੂਰੇ, ਚਾਹ, ਕੜ੍ਹੀ-ਚੌਲ ਅਤੇ ਰਾਜਮਾ-ਚੌਲ ਸਮੇਤ ਕਈ ਤਰ੍ਹਾਂ ਦੇ ਪਕਵਾਨ ਤਿਆਰ ਕਰਦੀ ਹੈ। ਖਾਸ ਗੱਲ ਇਹ ਹੈ ਕਿ ਆਮ ਲੋਕਾਂ ਦੀ ਪਹੁੰਚ ਨੂੰ ਧਿਆਨ ਵਿੱਚ ਰੱਖਦਿਆਂ ਇੱਥੇ ਸਾਦੀ ਰੋਟੀ ਦੀ ਕੀਮਤ ਵੀ ਸਿਰਫ਼ 20 ਰੁਪਏ ਰੱਖੀ ਗਈ ਹੈ। ਪਰਮਜੀਤ ਦਾ ਕਹਿਣਾ ਹੈ ਕਿ ਕਾਰੋਬਾਰ ਵਿੱਚ ਇਮਾਨਦਾਰੀ ਅਤੇ ਵਾਜਬ ਕੀਮਤ ਨੂੰ ਤਰਜੀਹ ਦੇਣ ਕਾਰਨ ਗਾਹਕਾਂ ਦਾ ਪਿਆਰ ਲਗਾਤਾਰ ਮਿਲ ਰਿਹਾ ਹੈ। ਪਰਮਜੀਤ ਕੌਰ ਦੇ ਪਤੀ ਵੀ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਹਨ। ਉਹ ਪਹਿਲਾਂ ਨਿੱਜੀ ਨੌਕਰੀ ਕਰਦੇ ਸਨ, ਪਰ ਹੁਣ ਦੋਵੇਂ ਮਿਲ ਕੇ ਆਪਣਾ ਕਾਰੋਬਾਰ ਚਲਾ ਰਹੇ ਹਨ। ਘਰ ਵਿੱਚ ਉਨ੍ਹਾਂ ਦੀ ਮਾਤਾ ਜੀ ਬੱਚੇ ਦੀ ਦੇਖਭਾਲ ਅਤੇ ਹੋਰ ਕੰਮਾਂ ਵਿੱਚ ਸਹਿਯੋਗ ਕਰਦੇ ਹਨ। ਪਰਿਵਾਰ ਦੇ ਇਸ ਸਹਿਯੋਗ ਨੇ ਦੋਵਾਂ ਦਾ ਹੌਸਲਾ ਹੋਰ ਵਧਾਇਆ ਹੈ।

ਪਰਮਜੀਤ ਦੱਸਦੀ ਹੈ ਕਿ ਜੇਕਰ ਸਟਾਲ ’ਤੇ ਕੋਈ ਲੋੜਵੰਦ ਵਿਅਕਤੀ ਆ ਜਾਵੇ ਅਤੇ ਉਸ ਕੋਲ ਖਾਣੇ ਦੇ ਪੈਸੇ ਨਾ ਹੋਣ ਤਾਂ ਉਸ ਨੂੰ ਬਿਨਾਂ ਪੈਸੇ ਲਏ ਖਾਣਾ ਖੁਆਇਆ ਜਾਂਦਾ ਹੈ। ਉਹ ਇਸ ਨੂੰ ਆਪਣੀ ਨਹੀਂ, ਸਗੋਂ ਗੁਰੂ ਸਾਹਿਬ ਦੀ ਕਿਰਪਾ ਮੰਨਦੀ ਹੈ। ਹਰ ਰੋਜ਼ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਹ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਆਪਣਾ ਕੰਮ ਸ਼ੁਰੂ ਕਰਦੀ ਹੈ। ਪਰਮਜੀਤ ਕੌਰ ਦਾ ਸੰਦੇਸ਼ ਹੈ ਕਿ ਔਰਤਾਂ ਅਤੇ ਨੌਜਵਾਨਾਂ ਨੂੰ ਝਿਜਕ ਛੱਡ ਕੇ ਹੱਥਾਂ ਨਾਲ ਮਿਹਨਤ ਕਰਨੀ ਚਾਹੀਦੀ ਹੈ। ਉਨ੍ਹਾਂ ਦਾ ਸੁਪਨਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਛੋਟੇ ਕਾਰੋਬਾਰ ਨੂੰ ਵੱਡੇ ਪੱਧਰ ’ਤੇ ਲਿਜਾ ਕੇ ਆਪਣਾ ਹੋਟਲ ਖੋਲ੍ਹਿਆ ਜਾਵੇ। ਉਨ੍ਹਾਂ ਦਾ ਮੰਨਣਾ ਹੈ ਕਿ ਮਿਹਨਤ, ਇਮਾਨਦਾਰੀ ਅਤੇ ਪਰਿਵਾਰ ਦੇ ਸਹਿਯੋਗ ਨਾਲ ਪੰਜਾਬ ਵਿੱਚ ਰਹਿ ਕੇ ਵੀ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ

 

Exit mobile version