Homeਪੰਜਾਬਪੀਏਯੂ-ਫਾਰਮ ਸਲਾਹਕਾਰ ਸੇਵਾ ਕੇਂਦਰ ਵੱਲੋਂ ਪਿੰਡ ਸੰਗਤਪੁਰਾ ਅਤੇ ਖੋਖਰ ਕਲਾਂ ਵਿੱਚ ਫਲਦਾਰ...

ਪੀਏਯੂ-ਫਾਰਮ ਸਲਾਹਕਾਰ ਸੇਵਾ ਕੇਂਦਰ ਵੱਲੋਂ ਪਿੰਡ ਸੰਗਤਪੁਰਾ ਅਤੇ ਖੋਖਰ ਕਲਾਂ ਵਿੱਚ ਫਲਦਾਰ ਬੂਟੇ ਲਗਾਉਣ ਦੀ ਮੁਹਿੰਮ

PAU Farm Advisory Service Centre conducted a fruit tree plantation drive in Sangatpura and Khokhar Kalan villages to promote sustainable farming and environmental conservation.

ਲਹਿਰਾਗਾਗਾ, 07 ਅਗਸਤ, 2026 (ਹਰਸ਼ਪ੍ਰੀਤ ਕੌਰ) :  ਵਾਤਾਵਰਨ ਸੰਭਾਲ, ਟਿਕਾਊ ਖੇਤੀ ਅਤੇ ਪੋਸ਼ਣ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪੀਏਯੂ-ਫਾਰਮ ਸਲਾਹਕਾਰ ਸੇਵਾ ਕੇਂਦਰ (ਐੱਫ.ਏ.ਐੱਸ.ਸੀ.), ਸੰਗਰੂਰ ਵੱਲੋਂ 06 ਅਗਸਤ 2026 ਨੂੰ ਪਿੰਡ ਸੰਗਤਪੁਰਾ ਅਤੇ ਖੋਖਰ ਕਲਾਂ ਵਿਖੇ ਫਲਦਾਰ ਬੂਟੇ ਲਗਾਉਣ ਅਤੇ ਵੰਡਣ ਸਬੰਧੀ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਹ ਮੁਹਿੰਮ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਅਗਵਾਈ ਹੇਠ ਆਯੋਜਿਤ ਕੀਤੀ ਗਈ।
ਇਸ ਮੁਹਿੰਮ ਦੌਰਾਨ ਦੋਵਾਂ ਪਿੰਡਾਂ ਦੇ ਕਿਸਾਨਾਂ ਨੂੰ 130 ਤੋਂ ਵੱਧ ਫਲਦਾਰ ਬੂਟੇ ਵੰਡੇ ਗਏ। ਪੀਏਯੂ, ਲੁਧਿਆਣਾ ਤੋਂ ਪ੍ਰਾਪਤ ਇਹ ਬੂਟੇ ਉੱਚ ਗੁਣਵੱਤਾ ਵਾਲੀਆਂ ਕਿਸਮਾਂ ਜਿਵੇਂ ਅਮਰੂਦ (ਅਰਕਾ ਅਮੂਲਿਆ ਹਾਈਬ੍ਰਿਡ), ਮੌਸੰਮੀ, ਕਿੰਨੂ, ਫਾਲਸਾ ਅਤੇ ਕਰੌਂਦਾ ਦੇ ਸਨ। ਇਸ ਉਪਰਾਲੇ ਦਾ ਮੁੱਖ ਉਦੇਸ਼ ਖੇਤੀ ਵਿੱਚ ਵਿਭਿੰਨਤਾ ਲਿਆਉਣਾ, ਪੋਸ਼ਣ ਸੁਰੱਖਿਆ ਨੂੰ ਮਜ਼ਬੂਤ ਕਰਨਾ ਅਤੇ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣਾ ਸੀ।
ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਸ਼ੋਕ ਕੁਮਾਰ ਗਰਗ, ਸੀਨੀਅਰ ਪਸਾਰ ਵਿਗਿਆਨੀ, ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਨੇ ਫਲਦਾਰ ਰੁੱਖਾਂ ਦੇ ਪੌਸ਼ਟਿਕ, ਔਸ਼ਧੀ, ਵਾਤਾਵਰਣਕ ਅਤੇ ਆਰਥਿਕ ਮਹੱਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।  ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਰੁੱਖ ਲਗਾ ਕੇ ਹੀ ਸਾਫ਼-ਸੁਥਰਾ ਅਤੇ ਸਿਹਤਮੰਦ ਵਾਤਾਵਰਣ ਸਿਰਜਿਆ ਜਾ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਮਿੱਟੀ ਅਤੇ ਪਾਣੀ ਦੀ ਸੰਭਾਲ, ਪਰਾਲੀ ਨੂੰ ਅੱਗ ਨਾ ਲਗਾਉਣ, ਖੇਤੀ ਰਸਾਇਣਾਂ ਦੀ ਸੰਤੁਲਿਤ ਵਰਤੋਂ ਅਤੇ ਸਿੰਚਾਈ ਵਾਲੇ ਪਾਣੀ ਦੀ ਸੁਚੱਜੀ ਵਰਤੋਂ ਅਪਣਾਉਣ ਲਈ ਪ੍ਰੇਰਿਤ ਕੀਤਾ।
ਡਾ. ਗਰਗ ਨੇ ਫਲਦਾਰ ਬਾਗਾਂ ਦੀ ਵਿਗਿਆਨਕ ਸਥਾਪਨਾ ਅਤੇ ਸੰਭਾਲ ਸਬੰਧੀ ਵਿਸਥਾਰਪੂਰਵਕ ਤਕਨੀਕੀ ਜਾਣਕਾਰੀ ਵੀ ਸਾਂਝੀ ਕੀਤੀ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਬੂਟੇ ਲਗਾਉਣ ਲਈ ਸਮਤਲ, ਸਾਫ਼-ਸੁਥਰੀ ਅਤੇ ਚੰਗੀ ਨਿਕਾਸ ਵਾਲੀ ਜ਼ਮੀਨ ਦੀ ਚੋਣ ਕੀਤੀ ਜਾਵੇ। ਉਨ੍ਹਾਂ 1 ਮੀਟਰ × 1 ਮੀਟਰ × 1 ਮੀਟਰ ਆਕਾਰ ਦੇ ਟੋਏ ਪੁੱਟਣ, ਉਨ੍ਹਾਂ ਵਿੱਚ ਉੱਪਰਲੀ ਮਿੱਟੀ ਅਤੇ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਖਾਦ ਨੂੰ ਬਰਾਬਰ ਮਾਤਰਾ ਵਿੱਚ ਮਿਲਾ ਕੇ ਭਰਨ ਅਤੇ ਹਰੇਕ ਟੋਏ ਵਿੱਚ 15 ਮਿਲੀਲੀਟਰ ਕਲੋਰਪਾਈਰੀਫਾਸ 20 ਈ.ਸੀ. ਨੂੰ ਲਗਭਗ 2 ਕਿਲੋ ਮਿੱਟੀ ਵਿੱਚ ਮਿਲਾ ਕੇ ਪਾਉਣ ਦੀ ਸਿਫ਼ਾਰਸ਼ ਕੀਤੀ ਤਾਂ ਜੋ ਨਵੇਂ ਬੂਟਿਆਂ ਨੂੰ ਦੀਮਕ ਦੇ ਹਮਲੇ ਤੋਂ ਬਚਾਇਆ ਜਾ ਸਕੇ।
ਇਸ ਤੋਂ ਇਲਾਵਾ ਉਨ੍ਹਾਂ ਖਾਦਾਂ ਅਤੇ ਰੂੜੀ ਦੀ ਸਿਫ਼ਾਰਸ਼ੀ ਮਾਤਰਾ, ਸਿੰਚਾਈ ਪ੍ਰਬੰਧਨ, ਪੌਸ਼ਟਿਕ ਤੱਤਾਂ ਦੀ ਘਾਟ, ਕੀੜਿਆਂ ਅਤੇ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਅਤੇ ਉਨ੍ਹਾਂ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਬਾਰੇ ਵੀ ਜਾਣਕਾਰੀ ਦਿੱਤੀ।
 ਇਸ ਮੁਹਿੰਮ ਨੂੰ ਦੋਵਾਂ ਪਿੰਡਾਂ ਦੇ ਪ੍ਰਗਤੀਸ਼ੀਲ ਕਿਸਾਨਾਂ ਦਾ ਭਰਪੂਰ ਸਹਿਯੋਗ ਮਿਲਿਆ। ਪਿੰਡ ਖੋਖਰ ਕਲਾਂ ਦੇ ਸ. ਨਿਰਮਲ ਸਿੰਘ ਅਤੇ ਸ. ਜਸਵਿੰਦਰ ਸਿੰਘ ਅਤੇ ਪਿੰਡ ਸੰਗਤਪੁਰਾ ਦੇ ਸ. ਸੁਖਤਾਰ ਸਿੰਘ, ਸ. ਗੁਰਵਿੰਦਰ ਸਿੰਘ ਅਤੇ ਸ. ਪਰਗਟ ਸਿੰਘ ਨੇ ਪ੍ਰੋਗਰਾਮ ਦੀ ਸਫਲਤਾ ਅਤੇ ਫਲਦਾਰ ਬੂਟਿਆਂ ਦੀ ਸੁਚੱਜੀ ਵੰਡ ਵਿੱਚ ਅਹਿਮ ਭੂਮਿਕਾ ਨਿਭਾਈ।
ਫਲਦਾਰ ਬੂਟੇ ਲਗਾਉਣ ਦੀ ਮੁਹਿੰਮ ਉਪਰੰਤ ਡਾ. ਗਰਗ ਨੇ ਸ. ਪਰਗਟ ਸਿੰਘ ਦੇ ਸਿੱਧੀ ਬਿਜਾਈ ਵਾਲੇ ਝੋਨੇ (ਡੀ.ਐੱਸ.ਆਰ.) ਦੇ ਖੇਤਾਂ ਅਤੇ ਇਲਾਕੇ ਵਿੱਚ ਲੱਗੀ ਪੀ.ਆਰ. 133 ਸਮੇਤ ਹੋਰ ਝੋਨੇ ਦੀਆਂ ਫ਼ਸਲਾਂ ਦਾ ਦੌਰਾ ਕਰਕੇ ਨਿਰੀਖਣ ਕੀਤਾ। ਸਰਵੇਖਣ ਦੌਰਾਨ ਝੋਨੇ ਵਿੱਚ ਡਾਰਫਿੰਗ (ਬੌਣਾਪਨ) ਬਿਮਾਰੀ ਦਾ ਕੋਈ ਪ੍ਰਕੋਪ ਨਹੀਂ ਮਿਲਿਆ। ਕਿਸਾਨਾਂ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਫ਼ਸਲਾਂ ਦੀ ਸੰਭਾਲ ਅਤੇ ਪ੍ਰਬੰਧਨ ਸਬੰਧੀ ਸਮੇਂ ਸਿਰ ਤਕਨੀਕੀ ਸਲਾਹ ਦਿੱਤੀ ਗਈ, ਤਾਂ ਜੋ ਉਹ ਸਿਹਤਮੰਦ ਫ਼ਸਲ ਅਤੇ ਵੱਧ ਝਾੜ ਪ੍ਰਾਪਤ ਕਰ ਸਕਣ।
RELATED ARTICLES
- Advertisment -
Google search engine
Google search engine
Google search engine

Most Popular

Recent Comments