Home ਪੰਜਾਬ ਦਿੜਬਾ ਸਬ-ਡਵੀਜ਼ਨ ਦੇ ਚਾਹਵਾਨਾਂ ਲਈ ਬੱਕਰੀ ਪਾਲਣ ਦੀ ਤਿੰਨ ਰੋਜ਼ਾ ਮੁਫ਼ਤ ਸਿਖਲਾਈ...

ਦਿੜਬਾ ਸਬ-ਡਵੀਜ਼ਨ ਦੇ ਚਾਹਵਾਨਾਂ ਲਈ ਬੱਕਰੀ ਪਾਲਣ ਦੀ ਤਿੰਨ ਰੋਜ਼ਾ ਮੁਫ਼ਤ ਸਿਖਲਾਈ 15 ਸਤੰਬਰ ਤੋਂ

Free three-day training to promote scientific goat farming among interested individuals in Dirba subdivision.

0

ਦਿੜਬਾ, 13 ਸਤੰਬਰ, (ਗੁਰਮੀਤ ਸਿੰਘ ਤੁੰਗ) : ਲੋਕਾਂ ਨੂੰ ਸਵੈ-ਰੁਜ਼ਗਾਰ ਅਤੇ ਸਹਾਇਕ ਧੰਦਿਆਂ ਨਾਲ ਜੋੜਨ ਦੇ ਉਦੇਸ਼ ਨਾਲ ਦਿੜਬਾ ਸਬ-ਡਵੀਜ਼ਨ ਨਾਲ ਸਬੰਧਤ ਚਾਹਵਾਨ ਵਿਅਕਤੀਆਂ ਲਈ ਬੱਕਰੀ ਪਾਲਣ ਸਬੰਧੀ ਤਿੰਨ ਰੋਜ਼ਾ ਮੁਫ਼ਤ ਸਿਖਲਾਈ 15 ਤੋਂ 17 ਸਤੰਬਰ 2026 ਤੱਕ ਐਸ.ਡੀ.ਐਮ. ਦਫ਼ਤਰ ਦਿੜਬਾ ਵਿਖੇ ਕਰਵਾਈ ਜਾ ਰਹੀ ਹੈ। ਪਸ਼ੂ ਪਾਲਣ ਵਿਭਾਗ ਵੱਲੋਂ ਤਿਆਰ ਸਿਖਲਾਈ ਪ੍ਰੋਗਰਾਮ ਤਹਿਤ ਮਾਹਿਰਾਂ ਵੱਲੋਂ ਬੱਕਰੀ ਪਾਲਣ ਦੇ ਵੱਖ-ਵੱਖ ਵਿਹਾਰਕ ਅਤੇ ਤਕਨੀਕੀ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਐਸ.ਡੀ.ਐਮ. ਦਿੜਬਾ ਸ੍ਰੀ ਤਰਸੇਮ ਚੰਦ ਭਾਗਸਰ ਨੇ ਦੱਸਿਆ ਕਿ ਸਿਖਲਾਈ ਦਾ ਮੁੱਖ ਮਕਸਦ ਦਿੜਬਾ ਸਬ-ਡਵੀਜ਼ਨ ਦੇ ਵੱਧ ਤੋਂ ਵੱਧ ਚਾਹਵਾਨ ਵਿਅਕਤੀਆਂ ਨੂੰ ਬੱਕਰੀ ਪਾਲਣ ਵਰਗੇ ਲਾਭਕਾਰੀ ਸਹਾਇਕ ਧੰਦੇ ਦੀ ਵਿਹਾਰਕ ਜਾਣਕਾਰੀ ਦੇ ਕੇ ਆਪਣੀ ਆਮਦਨ ਦੇ ਵਾਧੂ ਸਰੋਤ ਪੈਦਾ ਕਰਨ ਲਈ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਆਪਣਾ ਕੰਮ ਸ਼ੁਰੂ ਕਰਨ ਦੇ ਚਾਹਵਾਨ ਨੌਜਵਾਨਾਂ, ਕਿਸਾਨਾਂ ਅਤੇ ਹੋਰ ਵਿਅਕਤੀਆਂ ਲਈ ਇਹ ਸਿਖਲਾਈ ਲਾਹੇਵੰਦ ਸਾਬਤ ਹੋ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਸਿਖਲਾਈ ਵਿੱਚ ਭਾਗ ਲੈਣ ਲਈ ਘੱਟੋ-ਘੱਟ ਵਿਦਿਅਕ ਯੋਗਤਾ ਪੰਜਵੀਂ ਪਾਸ ਹੋਣੀ ਲਾਜ਼ਮੀ ਹੈ। ਚਾਹਵਾਨ ਬਿਨੈਕਾਰ ਆਪਣੇ ਨਾਲ ਆਧਾਰ ਕਾਰਡ, ਵੋਟਰ ਕਾਰਡ ਅਤੇ ਚਾਰ ਪਾਸਪੋਰਟ ਸਾਈਜ਼ ਫੋਟੋਆਂ ਸਮੇਤ ਲੋੜੀਂਦੇ ਦਸਤਾਵੇਜ਼ ਜ਼ਰੂਰ ਲੈ ਕੇ ਆਉਣ। ਇਹ ਸਿਖਲਾਈ ਕੇਵਲ ਦਿੜਬਾ ਸਬ-ਡਵੀਜ਼ਨ ਨਾਲ ਸਬੰਧਤ ਬਿਨੈਕਾਰਾਂ ਲਈ ਹੈ।

ਸਿਖਲਾਈ ਪ੍ਰੋਗਰਾਮ ਦੌਰਾਨ 15 ਸਤੰਬਰ ਨੂੰ ਬੱਕਰੀਆਂ ਦੀਆਂ ਨਸਲਾਂ, ਚੋਣ, ਫੀਡਿੰਗ ਅਤੇ ਨਿਊਟ੍ਰੀਸ਼ਨ, 16 ਸਤੰਬਰ ਨੂੰ ਹਾਊਸਿੰਗ, ਫਾਰਮਿੰਗ ਇਨਫਰਾਸਟਰਕਚਰ ਅਤੇ ਬਿਮਾਰੀਆਂ, ਜਦਕਿ 17 ਸਤੰਬਰ ਨੂੰ ਬਰੀਡਿੰਗ, ਰੀਪ੍ਰੋਡਕਟਿਵ ਮੈਨੇਜਮੈਂਟ, ਵੈਕਸੀਨੇਸ਼ਨ ਅਤੇ ਡੀਵਾਰਮਿੰਗ ਸਮੇਤ ਸਫ਼ਲ ਬੱਕਰੀ ਪਾਲਣ ਨਾਲ ਜੁੜੇ ਹੋਰ ਅਹਿਮ ਵਿਸ਼ਿਆਂ ਬਾਰੇ ਮਾਹਿਰ ਜਾਣਕਾਰੀ ਸਾਂਝੀ ਕਰਨਗੇ।

ਤਰਸੇਮ ਚੰਦ ਭਾਗਸਰ ਨੇ ਦਿੜਬਾ ਸਬ-ਡਵੀਜ਼ਨ ਦੇ ਯੋਗ ਅਤੇ ਚਾਹਵਾਨ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਸਹੀ ਸਿਖਲਾਈ ਨਾਲ ਸ਼ੁਰੂ ਕੀਤਾ ਸਹਾਇਕ ਧੰਦਾ ਸਵੈ-ਰੁਜ਼ਗਾਰ ਦਾ ਰਾਹ ਖੋਲ੍ਹਣ ਦੇ ਨਾਲ ਪਰਿਵਾਰਕ ਆਮਦਨ ਨੂੰ ਮਜ਼ਬੂਤੀ ਦੇਣ ਦਾ ਸਾਧਨ ਬਣ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਿਖਲਾਈ ਵਿੱਚ ਸ਼ਾਮਲ ਹੋਣ ਅਤੇ ਹੋਰ ਜਾਣਕਾਰੀ ਲਈ ਚਾਹਵਾਨ ਵਿਅਕਤੀ ਐਸ.ਡੀ.ਐਮ. ਦਫ਼ਤਰ ਦਿੜਬਾ ਜਾਂ ਦਫ਼ਤਰੀ ਸਮੇਂ ਦੌਰਾਨ ਸਬੰਧਤ ਨੋਡਲ ਅਫ਼ਸਰ ਡਾ. ਸ਼ਵਿੰਦਰਪਾਲ, ਐਸ.ਵੀ.ਓ. ਦਿੜਬਾ ਨਾਲ ਮੋਬਾਈਲ ਨੰਬਰ 94173-40030 ’ਤੇ ਸੰਪਰਕ ਕਰ ਸਕਦੇ ਹਨ।

Exit mobile version