Home ਪਟਿਆਲਾ ਅਪਡੇਟ ਫਲਿੱਪਕਾਰਟ ਦੀ ਵਰਦੀ ਪਾ ਕੇ ਅਸਲਾ ਸਪਲਾਈ ਕਰਨ ਵਾਲੇ 4 ਕਾਬੂ

ਫਲਿੱਪਕਾਰਟ ਦੀ ਵਰਦੀ ਪਾ ਕੇ ਅਸਲਾ ਸਪਲਾਈ ਕਰਨ ਵਾਲੇ 4 ਕਾਬੂ

0

ਪਟਿਆਲਾ, 13 ਜੁਲਾਈ (ਬਲਜੀਤ ਸਰਨਾ):ਪਟਿਆਲਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਫਲਿੱਪਕਾਰਟ ਦੀ ਵਰਦੀ ਪਾ ਕੇ ਨਾਜਾਇਜ਼ ਅਸਲਿਆਂ ਦੀ ਸਪਲਾਈ ਕਰਨ ਵਾਲੇ ਖਤਰੀ ਗੈਂਗ ਦੇ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ 15 ਨਾਜਾਇਜ਼ ਪਿਸਤੌਲ ਵੀ ਬਰਾਮਦ ਕੀਤੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਪਟਿਆਲਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਚਾਰੇ ਨੌਜਵਾਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਨੌਜਵਾਨ ਬਹੁਤ ਹੀ ਸ਼ਾਤਿਰ ਤਰੀਕੇ ਨਾਲ ਫਲਿੱਪਕਾਰਟ ਵਰਗੀਆਂ ਈ-ਕਾਮਰਸ ਕੰਪਨੀਆਂ ਦੀ ਯੂਨੀਫਾਰਮ ਪਾ ਕੇ ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਰਾਹੀਂ ਸਫ਼ਰ ਕਰਦੇ ਸਨ।

ਪੁਲਿਸ ਅਨੁਸਾਰ ਇਹ ਗਿਰੋਹ ਹਥਿਆਰਾਂ ਨੂੰ ਫਲਿੱਪਕਾਰਟ ਦੇ ਪੁਰਾਣੇ ਡੱਬਿਆਂ ਅਤੇ ਹੋਰ ਪੈਕਿੰਗ ਸਮੱਗਰੀ ਵਿੱਚ ਪੈਕ ਕਰਕੇ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਂਦਾ ਸੀ, ਤਾਂ ਜੋ ਕਿਸੇ ਨੂੰ ਉਨ੍ਹਾਂ ‘ਤੇ ਸ਼ੱਕ ਨਾ ਪਵੇ।

ਐਸਐਸਪੀ ਨੇ ਦੱਸਿਆ ਕਿ ਇਹ ਗਿਰੋਹ ਦੇ ਮੈਂਬਰ ਗੈਂਗਸਟਰ ਸੋਨੂ ਖਤਰੀ ਨਾਲ ਸਿੱਧੇ ਸੰਪਰਕ ਵਿੱਚ ਸਨ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਨੌਜਵਾਨ ਸੋਸ਼ਲ ਮੀਡੀਆ ਰਾਹੀਂ ਵਿਦੇਸ਼ ਵਿੱਚ ਬੈਠੇ ਹੈਂਡਲਰਾਂ ਦੇ ਸੰਪਰਕ ਵਿੱਚ ਆਏ ਸਨ। ਉਨ੍ਹਾਂ ਨੂੰ ਫੋਨ ਰਾਹੀਂ ਹੀ ਹਦਾਇਤਾਂ ਦਿੱਤੀਆਂ ਜਾਂਦੀਆਂ ਸਨ ਕਿ ਕਿੱਥੋਂ ਹਥਿਆਰ ਚੁੱਕਣੇ ਹਨ ਅਤੇ ਕਿੱਥੇ ਪਹੁੰਚਾਉਣੇ ਹਨ। ਇਸ ਕੰਮ ਦੇ ਬਦਲੇ ਉਨ੍ਹਾਂ ਨੂੰ ਬਹੁਤ ਘੱਟ ਰਕਮ ਦਿੱਤੀ ਜਾਂਦੀ ਸੀ।

ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਐਸਐਸਪੀ ਮੁਤਾਬਕ ਇਨ੍ਹਾਂ ਵਿੱਚੋਂ ਕੁਝ ਮੈਂਬਰਾਂ ਖ਼ਿਲਾਫ਼ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਗੈਂਗਵਾਰ, ਲੜਾਈ-ਝਗੜੇ ਅਤੇ ਹੋਰ ਅਪਰਾਧਿਕ ਮਾਮਲਿਆਂ ਸਬੰਧੀ ਕੇਸ ਵੀ ਦਰਜ ਹਨ।

ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਇਸ ਗਿਰੋਹ ਨਾਲ ਜੁੜੇ ਹੋਰ ਵਿਅਕਤੀਆਂ ਅਤੇ ਨੈੱਟਵਰਕ ਬਾਰੇ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

 

Exit mobile version