ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਕੀਤੀ ਕਾਰਵਾਈ, ਮੁਲਜ਼ਮਾਂ ਦੇ ਅੰਮ੍ਰਿਤਸਰ ਤੋਂ ਹਥਿਆਰ ਲਿਆਉਣ ਅਤੇ ਮੁੰਬਈ ਵਿੱਚ ਫਾਇਰਿੰਗ ਦੀ ਘਟਨਾ ਨਾਲ ਕਥਿਤ ਸਬੰਧਾਂ ਦੀ ਜਾਂਚ ਜਾਰੀ
ਨਵੀਂ ਦਿੱਲੀ, 21 ਅਕਤੂਬਰ, 2026 (ਚੌਧਰੀ ਪ੍ਰਭਜੀਤ ਸਿੰਘ): ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ’ਤੇ ਕਥਿਤ ਗੋਲੀਬਾਰੀ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਦੀ ਨਾਰਦਰਨ ਰੇਂਜ ਸਪੈਸ਼ਲ ਸੈੱਲ ਨੇ ਦੋ ਔਰਤਾਂ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਦਾਲਤ ਨੇ ਮੁੰਬਈ ਪੁਲਿਸ ਦੀ ਅਪਰਾਧ ਜਾਂਚ ਸ਼ਾਖਾ (ਸੀਆਈਡੀ) ਨੂੰ ਮੁਲਜ਼ਮਾਂ ਦੀ ਰਸਮੀ ਗ੍ਰਿਫ਼ਤਾਰੀ ਦੀ ਇਜਾਜ਼ਤ ਦਿੰਦਿਆਂ ਤਿੰਨ ਦਿਨ ਦਾ ਟਰਾਂਜ਼ਿਟ ਰਿਮਾਂਡ ਦਿੱਤਾ ਹੈ, ਤਾਂ ਜੋ ਉਨ੍ਹਾਂ ਨੂੰ ਅਗਲੀ ਜਾਂਚ ਲਈ ਮੁੰਬਈ ਲਿਜਾਇਆ ਜਾ ਸਕੇ। ਪੁਲਿਸ ਅਨੁਸਾਰ, ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕੁਨਾਲ (21) ਅਤੇ ਸੁਮਿਤ (19), ਦੋਵੇਂ ਵਾਸੀ ਸੋਨੀਪਤ, ਹਰਿਆਣਾ, ਅਤੇ ਰਾਧਾ (23) ਤੇ ਬਬੀਤਾ (23), ਦੋਵੇਂ ਵਾਸੀ ਉੱਤਰ ਪ੍ਰਦੇਸ਼, ਵਜੋਂ ਹੋਈ ਹੈ। ਜਾਂਚ ਦੌਰਾਨ ਸਾਹਮਣੇ ਆਈ ਜਾਣਕਾਰੀ ਅਨੁਸਾਰ, ਕੁਨਾਲ ਨੂੰ ਹਾਲ ਹੀ ਵਿੱਚ ਜ਼ਮਾਨਤ ’ਤੇ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। ਪੁਲਿਸ ਦਾ ਦਾਅਵਾ ਹੈ ਕਿ ਹਰਸਾਣਾ ਪਿੰਡ ਦੇ ਇੱਕ ਜਾਣਕਾਰ ਰਾਹੀਂ ਉਸ ਦੀ ਜਾਣ-ਪਛਾਣ ਅਨਿਲ ਪੰਡਿਤ ਨਾਲ ਹੋਈ ਸੀ। ਇਸ ਤੋਂ ਬਾਅਦ ਦੋਵਾਂ ਵਿਚਕਾਰ ਇੱਕ ਇਨਕ੍ਰਿਪਟਿਡ ਐਪ ਰਾਹੀਂ ਸੰਪਰਕ ਹੋਣ ਲੱਗਾ।
ਪੁਲਿਸ ਮੁਤਾਬਕ, ਅਨਿਲ ਪੰਡਿਤ ਦੇ ਕਥਿਤ ਨਿਰਦੇਸ਼ਾਂ ’ਤੇ ਕੁਨਾਲ ਅੰਮ੍ਰਿਤਸਰ ਤੋਂ ਇੱਕ ਪਿਸਤੌਲ ਅਤੇ 20 ਕਾਰਤੂਸ ਲੈ ਕੇ ਆਇਆ ਸੀ। ਲਗਭਗ ਦੋ ਮਹੀਨੇ ਪਹਿਲਾਂ ਕੁਨਾਲ ਦੀ ਰਾਧਾ ਨਾਲ ਮੁਲਾਕਾਤ ਹੋਈ। ਦੋਸ਼ ਹੈ ਕਿ ਉਸ ਨੇ ਰਾਧਾ ਨੂੰ ਆਪਣੀਆਂ ਗਤੀਵਿਧੀਆਂ ਬਾਰੇ ਦੱਸਿਆ ਅਤੇ ਹਥਿਆਰ ਲੈ ਕੇ ਮੁੰਬਈ ਜਾਣ ਲਈ ਰਾਜ਼ੀ ਕੀਤਾ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ 15 ਅਕਤੂਬਰ ਨੂੰ ਕੁਨਾਲ, ਰਾਧਾ ਅਤੇ ਬਬੀਤਾ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ਲੈ ਕੇ ਗਿਆ ਸੀ। ਕਥਿਤ ਤੌਰ ’ਤੇ ਪਿਸਤੌਲ ਰਾਧਾ ਦੇ ਬੈਗ ਵਿੱਚ ਰੱਖਿਆ ਹੋਇਆ ਸੀ। ਸਫ਼ਰ ਦੌਰਾਨ ਕੁਨਾਲ ਇਨਕ੍ਰਿਪਟਿਡ ਐਪ ਰਾਹੀਂ ਦੋਵਾਂ ਔਰਤਾਂ ਦੇ ਸੰਪਰਕ ਵਿੱਚ ਰਿਹਾ ਅਤੇ ਅਨਿਲ ਪੰਡਿਤ ਵੱਲੋਂ ਦਿੱਤੇ ਜਾ ਰਹੇ ਨਿਰਦੇਸ਼ ਉਨ੍ਹਾਂ ਤੱਕ ਪਹੁੰਚਾਉਂਦਾ ਰਿਹਾ। 17 ਅਕਤੂਬਰ ਨੂੰ ਰਾਧਾ ਅਤੇ ਬਬੀਤਾ ਮੁੰਬਈ ਦੇ ਦਾਦਰ ਇਲਾਕੇ ਵਿੱਚ ਪਹੁੰਚੀਆਂ ਅਤੇ ਇੱਕ ਹੋਟਲ ਵਿੱਚ ਠਹਿਰੀਆਂ। ਪੁਲਿਸ ਦੇ ਅਨੁਸਾਰ, ਉਸੇ ਦਿਨ ਸਵੇਰੇ ਲਗਭਗ 11 ਵਜੇ ਇੱਕ ਨਾਬਾਲਗ ਲੜਕਾ ਹੋਟਲ ਨੇੜੇ ਰਾਧਾ ਤੋਂ ਬੈਗ ਲੈ ਕੇ ਗਿਆ ਸੀ।
ਇਸ ਤੋਂ ਅਗਲੇ ਦਿਨ, 18 ਅਕਤੂਬਰ ਨੂੰ ਸ਼ਾਮ ਕਰੀਬ 7 ਵਜੇ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ’ਤੇ ਗੋਲੀਬਾਰੀ ਹੋਣ ਦੀ ਘਟਨਾ ਸਾਹਮਣੇ ਆਈ। ਪੁਲਿਸ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਅਨਿਲ ਪੰਡਿਤ ਨੇ ਕੁਨਾਲ ਨੂੰ ਦੱਸਿਆ ਕਿ ਗੋਲੀਬਾਰੀ ਕਰਨ ਵਾਲੇ ਵਿਅਕਤੀ ਮੁੰਬਈ ਵਿੱਚ ਫਸੇ ਹੋਏ ਹਨ ਅਤੇ ਉਨ੍ਹਾਂ ਦੇ ਉੱਥੋਂ ਨਿਕਲਣ ਦਾ ਪ੍ਰਬੰਧ ਕਰਨ ਲਈ ਕਿਹਾ। ਇਸੇ ਦਿਨ ਰਾਧਾ ਅਤੇ ਬਬੀਤਾ ਦਾਦਰ-ਹਰਿਦੁਆਰ ਐਕਸਪ੍ਰੈੱਸ ਰਾਹੀਂ ਮੁੰਬਈ ਤੋਂ ਦਿੱਲੀ ਲਈ ਰਵਾਨਾ ਹੋ ਗਈਆਂ। 20 ਅਕਤੂਬਰ ਨੂੰ ਪੁਲਿਸ ਨੇ ਦੋਵਾਂ ਔਰਤਾਂ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਕਾਬੂ ਕਰ ਲਿਆ, ਜਦਕਿ ਕੁਨਾਲ ਅਤੇ ਸੁਮਿਤ ਨੂੰ ਹਰਿਆਣਾ ਦੇ ਸੋਨੀਪਤ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪਹਿਲਾਂ ਚਾਰਾਂ ਮੁਲਜ਼ਮਾਂ ਨੂੰ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 35(1)(b) ਤਹਿਤ ਕਲੰਦਰ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਤੋਂ ਬਾਅਦ ਮੁੰਬਈ ਪੁਲਿਸ ਦੀ ਸੀਆਈਡੀ ਨੇ ਮੁਲਜ਼ਮਾਂ ਤੋਂ ਪੁੱਛਗਿੱਛ ਅਤੇ ਰਸਮੀ ਗ੍ਰਿਫ਼ਤਾਰੀ ਲਈ ਅਦਾਲਤ ਤੋਂ ਮਨਜ਼ੂਰੀ ਮੰਗੀ। ਅਦਾਲਤ ਵੱਲੋਂ ਇਜਾਜ਼ਤ ਮਿਲਣ ਮਗਰੋਂ ਮੁੰਬਈ ਪੁਲਿਸ ਨੇ ਚਾਰਾਂ ਨੂੰ ਰਸਮੀ ਤੌਰ ’ਤੇ ਗ੍ਰਿਫ਼ਤਾਰ ਕਰ ਲਿਆ। ਅਦਾਲਤ ਨੇ ਅਗਲੀ ਜਾਂਚ ਲਈ ਮੁੰਬਈ ਪੁਲਿਸ ਨੂੰ ਮੁਲਜ਼ਮਾਂ ਦਾ ਤਿੰਨ ਦਿਨ ਦਾ ਟਰਾਂਜ਼ਿਟ ਰਿਮਾਂਡ ਦੇ ਦਿੱਤਾ ਹੈ। ਪੁਲਿਸ ਹੁਣ ਇਸ ਮਾਮਲੇ ਵਿੱਚ ਮੁਲਜ਼ਮਾਂ ਦੀ ਕਥਿਤ ਭੂਮਿਕਾ, ਹਥਿਆਰ ਦੀ ਸਪਲਾਈ ਅਤੇ ਗੋਲੀਬਾਰੀ ਦੀ ਘਟਨਾ ਨਾਲ ਜੁੜੇ ਹੋਰ ਸੰਪਰਕਾਂ ਦੀ ਜਾਂਚ ਕਰ ਰਹੀ ਹੈ।
