ਚੰਡੀਗੜ੍ਹ:25 ਜੁਲਾਈ (ਛਤਰਪਾਲ ਸਿੰਘ):ਫੋਰੈਸਟ ਸਰਵੇ ਆਫ ਇੰਡੀਆ ਦੀ ਤਾਜ਼ਾ ਰਿਪੋਰਟ ਨੇ ਦੇਸ਼ ਵਿੱਚ ਜੰਗਲਾਂ ਅਤੇ ਰੁੱਖਾਂ ਦੇ ਕਵਰ ਸਬੰਧੀ ਇੱਕ ਮਿਲੀ-ਜੁਲੀ ਤਸਵੀਰ ਪੇਸ਼ ਕੀਤੀ ਹੈ। ਰਿਪੋਰਟ ਅਨੁਸਾਰ ਭਾਰਤ ਦੇ ਕੁੱਲ ਭੂਗੋਲਿਕ ਖੇਤਰ ਦਾ ਲਗਭਗ ਇੱਕ ਚੌਥਾਈ ਹਿੱਸਾ ਜੰਗਲਾਂ ਅਤੇ ਰੁੱਖਾਂ ਨਾਲ ਢੱਕਿਆ ਹੋਇਆ ਹੈ, ਜੋ ਵਾਤਾਵਰਣ ਸੰਤੁਲਨ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ।
ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਉੱਤਰ-ਪੂਰਬੀ ਰਾਜ ਅਤੇ ਟਾਪੂਈ ਖੇਤਰ ਜੰਗਲ ਕਵਰ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹਨ। ਲਕਸ਼ਦੀਪ, ਮਿਜ਼ੋਰਮ, ਅੰਡਮਾਨ-ਨਿਕੋਬਾਰ ਟਾਪੂ, ਅਰੁਣਾਚਲ ਪ੍ਰਦੇਸ਼ ਅਤੇ ਨਾਗਾਲੈਂਡ ਵਿੱਚ ਜੰਗਲਾਂ ਅਤੇ ਰੁੱਖਾਂ ਦਾ ਹਿੱਸਾ ਸਭ ਤੋਂ ਵੱਧ ਦਰਜ ਕੀਤਾ ਗਿਆ ਹੈ, ਜਿਸ ਨਾਲ ਇਹ ਖੇਤਰ ਦੇਸ਼ ਦੇ ਹਰੇ-ਭਰੇ ਇਲਾਕਿਆਂ ਵਜੋਂ ਉਭਰੇ ਹਨ।
ਇਸਦੇ ਉਲਟ, ਪੰਜਾਬ ਸਮੇਤ ਕੁਝ ਰਾਜਾਂ ਵਿੱਚ ਜੰਗਲ ਕਵਰ ਕਾਫ਼ੀ ਘੱਟ ਪਾਇਆ ਗਿਆ ਹੈ। ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ ਅਤੇ ਗੁਜਰਾਤ ਵੀ ਉਨ੍ਹਾਂ ਰਾਜਾਂ ਵਿੱਚ ਸ਼ਾਮਲ ਹਨ ਜਿੱਥੇ ਜੰਗਲਾਂ ਅਤੇ ਰੁੱਖਾਂ ਦੀ ਹਿਸੇਦਾਰੀ ਰਾਸ਼ਟਰੀ ਔਸਤ ਤੋਂ ਘੱਟ ਹੈ। ਵਾਤਾਵਰਣ ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਖੇਤਰਾਂ ਵਿੱਚ ਹਰਿਆਲੀ ਵਧਾਉਣ ਲਈ ਵਿਆਪਕ ਪੱਧਰ ‘ਤੇ ਰੁੱਖ ਲਗਾਉਣ ਅਤੇ ਸੰਭਾਲ ਮੁਹਿੰਮਾਂ ਦੀ ਲੋੜ ਹੈ।
ਰਿਪੋਰਟ ਇਹ ਵੀ ਦਰਸਾਉਂਦੀ ਹੈ ਕਿ ਦੇਸ਼ ਦੇ ਕਈ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ 33 ਫੀਸਦੀ ਤੋਂ ਵੱਧ ਜੰਗਲ ਅਤੇ ਰੁੱਖਾਂ ਦਾ ਕਵਰ ਬਣਾਈ ਰੱਖਣ ਵਿੱਚ ਸਫਲ ਰਹੇ ਹਨ। ਵੱਡੇ ਰਾਜਾਂ ਵਿੱਚ ਛੱਤੀਸਗੜ੍ਹ, ਕੇਰਲ, ਅਸਾਮ, ਓਡੀਸ਼ਾ ਅਤੇ ਝਾਰਖੰਡ ਨੇ ਇਸ ਮਾਮਲੇ ਵਿੱਚ ਉਲੇਖਣਯੋਗ ਪ੍ਰਦਰਸ਼ਨ ਕੀਤਾ ਹੈ, ਜੋ ਕੁਦਰਤੀ ਸੰਸਾਧਨਾਂ ਦੀ ਸੰਭਾਲ ਲਈ ਇੱਕ ਸਕਾਰਾਤਮਕ ਸੰਕੇਤ ਮੰਨਿਆ ਜਾ ਰਿਹਾ ਹੈ।
