ਨਿਊਯਾਰਕ:18 ਜੁਲਾਈ (ਛਤਰਪਾਲ ਸਿੰਘ):ਫੁੱਟਬਾਲ ਦੇ ਮਹਾਨ ਖਿਡਾਰੀ ਪੇਲੇ ਨਾਲ ਜੁੜੀ ਇੱਕ ਇਤਿਹਾਸਕ ਯਾਦਗਾਰ ਨੇ ਨਿਲਾਮੀ ਵਿੱਚ ਨਵਾਂ ਰਿਕਾਰਡ ਕਾਇਮ ਕੀਤਾ ਹੈ। 1958 ਫੀਫਾ ਵਿਸ਼ਵ ਕੱਪ ਫਾਈਨਲ ਦੌਰਾਨ ਪੇਲੇ ਵੱਲੋਂ ਪਹਿਨੀ ਗਈ ਬ੍ਰਾਜ਼ੀਲ ਦੀ ਮਸ਼ਹੂਰ ਨੰਬਰ 10 ਜਰਸੀ 49 ਲੱਖ ਡਾਲਰ (ਕਰੀਬ 41 ਕਰੋੜ ਰੁਪਏ) ਵਿੱਚ ਨਿਲਾਮ ਹੋਈ ਹੈ।
ਪ੍ਰਸਿੱਧ ਨਿਲਾਮੀ ਘਰ ਸੋਥਬੀਜ਼ ਅਨੁਸਾਰ ਇਹ ਜਰਸੀ ਹੁਣ ਤੱਕ ਵਿਕੀਆਂ ਫੁੱਟਬਾਲ ਜਰਸੀਆਂ ਵਿੱਚ ਦੂਜੇ ਸਭ ਤੋਂ ਉੱਚੇ ਮੁੱਲ ’ਤੇ ਵਿਕਣ ਵਾਲੀ ਜਰਸੀ ਬਣ ਗਈ ਹੈ। ਇਹ ਜਰਸੀ ਉਸ ਇਤਿਹਾਸਕ ਫਾਈਨਲ ਨਾਲ ਜੁੜੀ ਹੋਈ ਹੈ, ਜਿਸ ਵਿੱਚ ਪੇਲੇ ਨੇ ਸਵੀਡਨ ਖ਼ਿਲਾਫ਼ ਦੋ ਗੋਲ ਕਰਕੇ ਬ੍ਰਾਜ਼ੀਲ ਨੂੰ ਵਿਸ਼ਵ ਕੱਪ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਜਾਣਕਾਰੀ ਮੁਤਾਬਕ ਪੇਲੇ ਨੇ ਮੈਚ ਤੋਂ ਬਾਅਦ ਇਹ ਹੱਥ ਨਾਲ ਤਿਆਰ ਕੀਤੀ ਜਰਸੀ ਆਪਣੇ ਸਾਥੀ ਖਿਡਾਰੀ ਦੀਦਾ ਨੂੰ ਤੋਹਫ਼ੇ ਵਜੋਂ ਦਿੱਤੀ ਸੀ। ਕਈ ਦਹਾਕਿਆਂ ਤੱਕ ਸੰਭਾਲੀ ਗਈ ਇਹ ਜਰਸੀ ਹੁਣ ਨਿਲਾਮੀ ਰਾਹੀਂ ਇੱਕ ਨਵੇਂ ਮਾਲਕ ਦੇ ਹੱਥਾਂ ਵਿੱਚ ਪਹੁੰਚ ਗਈ ਹੈ।
ਹਾਲਾਂਕਿ ਸਭ ਤੋਂ ਮਹਿੰਗੀ ਫੁੱਟਬਾਲ ਜਰਸੀ ਦਾ ਰਿਕਾਰਡ ਅਜੇ ਵੀ ਅਰਜਨਟੀਨਾ ਦੇ ਮਹਾਨ ਖਿਡਾਰੀ ਡਿਏਗੋ ਮੈਰਾਡੋਨਾ ਦੇ ਨਾਮ ਹੈ। ਉਨ੍ਹਾਂ ਦੀ 1986 ਵਿਸ਼ਵ ਕੱਪ ਦੀ ਮਸ਼ਹੂਰ ‘ਹੈਂਡ ਆਫ ਗੌਡ’ ਜਰਸੀ 2022 ਵਿੱਚ 93 ਲੱਖ ਡਾਲਰ ਵਿੱਚ ਨਿਲਾਮ ਹੋਈ ਸੀ।
ਪੇਲੇ ਦੀ ਇਸ ਜਰਸੀ ਦੀ ਨਿਲਾਮੀ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਖੇਡ ਜਗਤ ਦੀਆਂ ਇਤਿਹਾਸਕ ਯਾਦਗਾਰਾਂ ਦੀ ਮਹੱਤਤਾ ਸਮੇਂ ਦੇ ਨਾਲ ਹੋਰ ਵੀ ਵੱਧਦੀ ਜਾਂਦੀ ਹੈ।








