ਸੰਗਰੂਰ/ਧੂਰੀ, 25 ਅਗਸਤ, 2026 (ਹਰਸ਼ਪ੍ਰੀਤ ਕੌਰ) : ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ ਵੱਲੋਂ ਸੰਗਰੂਰ ਜ਼ਿਲ੍ਹੇ ਦਾ ਅਚਨਚੇਤ ਦੌਰਾ ਕਰਕੇ ਵੱਖ-ਵੱਖ ਸਰਕਾਰੀ ਸਕੂਲਾਂ, ਆਂਗਣਵਾੜੀ ਕੇਂਦਰਾਂ ਅਤੇ ਰਾਸ਼ਨ ਡਿਪੂਆਂ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਮਿਡ-ਡੇ-ਮੀਲ ਦੀ ਗੁਣਵੱਤਾ, ਰਾਸ਼ਨ ਦੀ ਉਪਲਬਧਤਾ ਤੇ ਸਟੋਰੇਜ, ਪੀਣ ਵਾਲੇ ਪਾਣੀ, ਸਫ਼ਾਈ ਅਤੇ ਲਾਭਪਾਤਰੀਆਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ ਗਿਆ।

ਪਿੰਡ ਜਹਾਂਗੀਰ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਮਿਡ-ਡੇ-ਮੀਲ ਦੀ ਤਿਆਰੀ, ਗੁਣਵੱਤਾ ਅਤੇ ਰਾਸ਼ਨ ਦੀ ਸਟੋਰੇਜ ਸੰਤੋਸ਼ਜਨਕ ਪਾਈ ਗਈ। ਸਕੂਲ ਵਿੱਚ ਆਰ.ਓ. ਵਾਟਰ ਫਿਲਟਰ ਦੀ ਸਹੂਲਤ ਮੌਜੂਦ ਹੋਣ ਦੇ ਬਾਵਜੂਦ ਪੀਣ ਵਾਲੇ ਪਾਣੀ ਦੀ ਗੁਣਵੱਤਾ ਤਸੱਲੀਬਖਸ਼ ਨਹੀਂ ਪਾਈ ਗਈ। ਇਸੇ ਸਕੂਲ ਵਿੱਚ ਚੱਲ ਰਹੇ ਤਿੰਨ ਆਂਗਣਵਾੜੀ ਕੇਂਦਰਾਂ ਦਾ ਬੁਨਿਆਦੀ ਢਾਂਚਾ ਢੁਕਵਾਂ ਪਾਇਆ ਗਿਆ, ਪਰ ਬੱਚਿਆਂ ਦੀ ਗੈਰ-ਹਾਜ਼ਰੀ, ਹਾਜ਼ਰੀ ਰਜਿਸਟਰਾਂ ਦੀ ਸਹੀ ਸਾਂਭ-ਸੰਭਾਲ ਨਾ ਹੋਣ ਅਤੇ ਬੱਚਿਆਂ ਤੇ ਲਾਭਪਾਤਰੀਆਂ ਲਈ ਰਾਸ਼ਨ ਦੀ ਅਣਉਪਲਬਧਤਾ ਸਬੰਧੀ ਕਮੀਆਂ ਸਾਹਮਣੇ ਆਈਆਂ। ਜਹਾਂਗੀਰ-ਕਹੇਰੂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਿਡ-ਡੇ-ਮੀਲ ਦੀ ਗੁਣਵੱਤਾ ਅਤੇ ਰਾਸ਼ਨ ਦੀ ਸਟੋਰੇਜ ਤਸੱਲੀਬਖਸ਼ ਪਾਈ ਗਈ, ਪਰ ਪੀਣ ਵਾਲੇ ਪਾਣੀ ਦੀ ਗੁਣਵੱਤਾ ਤਸੱਲੀਬਖਸ਼ ਨਹੀਂ ਸੀ। ਇਸ ਸਬੰਧੀ ਮੈਂਬਰ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਬੱਚਿਆਂ ਲਈ ਹਰ ਹਾਲਤ ਵਿੱਚ ਸਾਫ਼ ਅਤੇ ਸੁਰੱਖਿਅਤ ਪੀਣ ਵਾਲਾ ਪਾਣੀ ਯਕੀਨੀ ਬਣਾਇਆ ਜਾਵੇ।
ਪਿੰਡ ਧੂਰੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਨਿਰੀਖਣ ਦੌਰਾਨ ਰਸੋਈ ਦੀ ਹਾਲਤ ਅਸੁਰੱਖਿਅਤ ਅਤੇ ਪੀਣ ਵਾਲੇ ਪਾਣੀ ਦੀ ਗੁਣਵੱਤਾ ਤਸੱਲੀਬਖਸ਼ ਨਹੀਂ ਪਾਈ ਗਈ। ਮੈਂਬਰ ਜਸਵੀਰ ਸਿੰਘ ਸੇਖੋਂ ਨੇ ਸਬੰਧਤ ਅਧਿਕਾਰੀਆਂ ਨੂੰ ਸਕੂਲ ਵਿੱਚ ਜਲਦ ਆਰ.ਓ. ਵਾਟਰ ਫਿਲਟਰ ਲਗਾਉਣ, ਕਿਚਨ ਵਿੱਚ ਲੋੜੀਂਦੇ ਸੁਧਾਰ ਕਰਨ ਅਤੇ ਰਸੋਈ ਘਰ ਦੇ ਆਲੇ-ਦੁਆਲੇ ਸਫ਼ਾਈ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਧੂਰੀ ਵਿਖੇ ਮਿਡ-ਡੇ-ਮੀਲ ਅਤੇ ਰਾਸ਼ਨ ਦੀ ਸਥਿਤੀ ਸੰਤੋਸ਼ਜਨਕ ਪਾਈ ਗਈ।
ਢਢੋਗਲ ਖੇੜੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਿਚਨ ਦੀ ਸਫ਼ਾਈ ਅਤੇ ਹਾਲਤ ਤਸੱਲੀਬਖਸ਼ ਨਹੀਂ ਪਾਈ ਗਈ, ਜਦਕਿ ਮਿਡ-ਡੇ-ਮੀਲ ਦੀ ਗੁਣਵੱਤਾ ਠੀਕ ਪਾਈ ਗਈ। ਇਸ ਸਬੰਧੀ ਸ. ਸੇਖੋਂ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਕਿਚਨ ਦੀ ਸਫ਼ਾਈ ਅਤੇ ਸਵੱਛਤਾ ਵੱਲ ਵਿਸ਼ੇਸ਼ ਧਿਆਨ ਦੇਣ ਲਈ ਹਦਾਇਤ ਕੀਤੀ ਗਈ। ਇਸ ਤੋਂ ਇਲਾਵਾ ਪਿੰਡ ਈਸੀ ਦੇ ਰਾਸ਼ਨ ਡਿਪੂ ਦਾ ਵੀ ਨਿਰੀਖਣ ਕੀਤਾ ਗਿਆ। ਡਿਪੂ ਹੋਲਡਰ ਵੱਲੋਂ ਦੱਸਿਆ ਗਿਆ ਕਿ ਲਾਭਪਾਤਰੀਆਂ ਨੂੰ ਕਣਕ ਦੀ ਵੰਡ ਕੀਤੀ ਜਾ ਚੁੱਕੀ ਹੈ। ਹਾਲਾਂਕਿ ਨਿਰੀਖਣ ਦੌਰਾਨ ਡਿਪੂ ’ਤੇ ਰਾਸ਼ਨ ਵੰਡ ਸਬੰਧੀ ਜਾਣਕਾਰੀ ਅਤੇ ਪੰਜਾਬ ਰਾਜ ਖੁਰਾਕ ਕਮਿਸ਼ਨ ਦਾ ਹੈਲਪਲਾਈਨ ਨੰਬਰ ਪ੍ਰਦਰਸ਼ਿਤ ਨਹੀਂ ਪਾਇਆ ਗਿਆ। ਮੈਂਬਰ ਵੱਲੋਂ ਲਾਭਪਾਤਰੀਆਂ ਦੀ ਜਾਗਰੂਕਤਾ ਲਈ ਰਾਸ਼ਨ ਵੰਡ ਸਬੰਧੀ ਜਾਗਰੂਕਤਾ ਬੈਨਰ ਅਤੇ ਪੰਜਾਬ ਰਾਜ ਖੁਰਾਕ ਕਮਿਸ਼ਨ ਦਾ ਹੈਲਪਲਾਈਨ ਨੰਬਰ ਜਲਦ ਤੋਂ ਜਲਦ ਪ੍ਰਦਰਸ਼ਿਤ ਕਰਨ ਦੀ ਹਦਾਇਤ ਕੀਤੀ ਗਈ।
ਇਸ ਮੌਕੇ ਜਸਵੀਰ ਸਿੰਘ ਸੇਖੋਂ ਨੇ ਸਬੰਧਤ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤ ਕੀਤੀ ਕਿ ਯੋਗ ਲਾਭਪਾਤਰੀਆਂ ਨੂੰ ਖੁਰਾਕੀ ਅਨਾਜ ਅਤੇ ਹੋਰ ਹੱਕਦਾਰ ਲਾਭ ਸਮੇਂ ਸਿਰ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਮੁਹੱਈਆ ਕਰਵਾਏ ਜਾਣ ਅਤੇ ਕਿਸੇ ਵੀ ਯੋਗ ਲਾਭਪਾਤਰੀ ਨੂੰ ਉਸਦੇ ਹੱਕ ਤੋਂ ਵਾਂਝਾ ਨਾ ਰਹਿਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਲਈ ਸਾਫ਼-ਸੁਥਰਾ ਵਾਤਾਵਰਣ, ਸੁਰੱਖਿਅਤ ਪੀਣ ਵਾਲਾ ਪਾਣੀ ਅਤੇ ਮਿਆਰੀ ਰਾਸ਼ਨ ਦੀ ਉਪਲਬਧਤਾ ਯਕੀਨੀ ਬਣਾਉਣਾ ਸਬੰਧਤ ਵਿਭਾਗਾਂ ਦੀ ਮੁੱਖ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਨਿਰੀਖਣ ਦੌਰਾਨ ਸਾਹਮਣੇ ਆਈਆਂ ਕਮੀਆਂ ਨੂੰ ਤੁਰੰਤ ਦੂਰ ਕਰਕੇ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਹੱਕ ਅਤੇ ਸਰਕਾਰੀ ਸਹੂਲਤਾਂ ਪਾਰਦਰਸ਼ੀ ਢੰਗ ਨਾਲ ਮੁਹੱਈਆ ਕਰਵਾਈਆਂ ਜਾਣ।







