ਕਾਠਮੰਡੂ, 29 ਅਗਸਤ, 2026 (ਕਾਜਲ) : ਨੇਪਾਲ ਵਿੱਚ ਭੋਟੇਕੋਸ਼ੀ-ਤ੍ਰਿਸ਼ੂਲੀ ਖੇਤਰ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਵੱਡੇ ਪੱਧਰ ’ਤੇ ਜਾਰੀ ਹਨ। ਪ੍ਰਧਾਨ ਮੰਤਰੀ ਬਾਲੇਨ ਸ਼ਾਹ ਮੁਤਾਬਕ ਹੁਣ ਤੱਕ 4,451 ਲੋਕਾਂ ਨੂੰ ਸੁਰੱਖਿਅਤ ਬਚਾਇਆ ਜਾ ਚੁੱਕਾ ਹੈ, ਜਦਕਿ 15,431 ਸੁਰੱਖਿਆ ਕਰਮੀ ਪ੍ਰਭਾਵਿਤ ਇਲਾਕਿਆਂ ਵਿੱਚ ਤਾਇਨਾਤ ਹਨ। ਬਚਾਅ ਮੁਹਿੰਮ ਵਿੱਚ ਨੇਪਾਲੀ ਫੌਜ ਦੇ 6,755, ਨੇਪਾਲ ਪੁਲਿਸ ਦੇ 4,473 ਅਤੇ ਆਰਮਡ ਪੁਲਿਸ ਫੋਰਸ ਦੇ 4,203 ਜਵਾਨ ਸ਼ਾਮਲ ਹਨ। ਹੈਲੀਕਾਪਟਰਾਂ ਰਾਹੀਂ ਵੀ ਲਗਾਤਾਰ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਹੁਣ ਤੱਕ 99 ਹੈਲੀਕਾਪਟਰ ਉਡਾਣਾਂ ਰਾਹੀਂ 517 ਲੋਕਾਂ ਨੂੰ ਬਚਾਇਆ ਗਿਆ ਹੈ। ਹੜ੍ਹਾਂ ਕਾਰਨ ਹਾਈਡ੍ਰੋਪਾਵਰ ਪ੍ਰਾਜੈਕਟਾਂ ਦੀਆਂ ਸੁਰੰਗਾਂ ਵਿੱਚ ਫਸੇ ਮਜ਼ਦੂਰਾਂ ਨੂੰ ਕੱਢਣ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਹੁਣ ਤੱਕ 191 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਇਸ ਤੋਂ ਇਲਾਵਾ 129 ਵਿਦੇਸ਼ੀ ਸੈਲਾਨੀਆਂ ਅਤੇ ਨਾਗਰਿਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਵੀ ਬਚਾਇਆ ਗਿਆ ਹੈ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਰਾਹਤ ਫੰਡ ਵਿੱਚ ਪਿਛਲੇ 36 ਘੰਟਿਆਂ ਦੌਰਾਨ 1.9 ਅਰਬ ਨੇਪਾਲੀ ਰੁਪਏ ਤੋਂ ਵੱਧ ਇਕੱਠੇ ਹੋਏ ਹਨ। ਭਾਰਤ ਅਤੇ ਚੀਨ ਤੋਂ 70 ਮੀਟਰ ਲੰਬੇ 10 ਬੇਲੀ ਬ੍ਰਿਜ ਮੰਗਵਾਉਣ ਲਈ ਵੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਪ੍ਰਭਾਵਿਤ ਇਲਾਕਿਆਂ ਵਿੱਚ ਸਿਹਤ ਸੇਵਾਵਾਂ, ਪੀਣ ਵਾਲੇ ਪਾਣੀ, ਬਿਜਲੀ ਅਤੇ ਦੂਰਸੰਚਾਰ ਸੇਵਾਵਾਂ ਨੂੰ ਬਹਾਲ ਕਰਨ ਦਾ ਕੰਮ ਵੀ ਤੇਜ਼ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ 198 ਪ੍ਰਭਾਵਿਤ ਮੋਬਾਈਲ ਟਾਵਰਾਂ ਵਿੱਚੋਂ 145 ਨੂੰ ਮੁੜ ਚਾਲੂ ਕਰ ਦਿੱਤਾ ਗਿਆ ਹੈ। ਭੋਟੇਕੋਸ਼ੀ ਦਰਿਆ ਖੇਤਰ ਵਿੱਚ ਆਏ ਫਲੈਸ਼ ਫਲੱਡ ਕਾਰਨ ਵੱਡੇ ਪੱਧਰ ’ਤੇ ਤਬਾਹੀ ਹੋਈ ਹੈ। ਕਈ ਲੋਕਾਂ ਦੇ ਮਾਰੇ ਜਾਣ ਜਾਂ ਲਾਪਤਾ ਹੋਣ ਦੀਆਂ ਰਿਪੋਰਟਾਂ ਹਨ, ਜਦਕਿ ਸੜਕਾਂ ਅਤੇ ਸੰਚਾਰ ਪ੍ਰਣਾਲੀ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ।







