Home ਪੰਜਾਬ ਪੀ.ਏ.ਯੂ.-ਕੇ.ਵੀ.ਕੇ., ਸੰਗਰੂਰ ਵੱਲੋਂ ਪਰਾਲੀ ਪ੍ਰਬੰਧਨ ਬਾਰੇ ਪੰਜ-ਰੋਜ਼ਾ ਸਿਖਲਾਈ ਪ੍ਰੋਗਰਾਮ

ਪੀ.ਏ.ਯੂ.-ਕੇ.ਵੀ.ਕੇ., ਸੰਗਰੂਰ ਵੱਲੋਂ ਪਰਾਲੀ ਪ੍ਰਬੰਧਨ ਬਾਰੇ ਪੰਜ-ਰੋਜ਼ਾ ਸਿਖਲਾਈ ਪ੍ਰੋਗਰਾਮ

Farmers receive practical training on sustainable crop residue management and environmentally friendly farming practices.

0
ਦਿੜ੍ਹਬਾ, 22 ਅਗਸਤ, 2026 (ਕਾਜਲ) :  ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਪਿੰਡ ਘਨੌੜ ਜੱਟਾਂ, ਬਲਾਕ ਦਿੜ੍ਹਬਾ ਦੇ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਦੇ ਅਭਿਆਸਾਂ ਤੋਂ ਜਾਣੂ ਕਰਵਾਉਣ ਲਈ ਪੰਜ-ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਕੁੱਲ 25 ਕਿਸਾਨਾਂ ਨੇ ਭਾਗ ਲਿਆ। ਇਸ ਸਿਖਲਾਈ ਕੋਰਸ ਦੌਰਾਨ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਦੇ ਵੱਖ-ਵੱਖ ਤਰੀਕਿਆਂ ਅਤੇ ਮਸ਼ੀਨਰੀ ਦੀ ਵਰਤੋਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਸਿਖਲਾਈ ਕੋਰਸ ਦੀ ਸ਼ੁਰੂਆਤ ਕਰਦਿਆਂ ਡਾ: ਮਨਦੀਪ ਸਿੰਘ, ਇੰਚਾਰਜ, ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਨਾਲ ਵਾਤਾਵਰਣ ਅਤੇ ਮਿੱਟੀ ਦੀ ਸਿਹਤ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਗਰੂਕ ਕੀਤਾ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਮਿੱਟੀ ਵਿੱਚ ਜੈਵਿਕ ਮਾਦਾ ਵਧਾਉਣ ਲਈ ਫ਼ਸਲੀ ਰਹਿੰਦ-ਖੂਹੰਦ ਨੂੰ ਖੇਤ ਵਿੱਚ ਮਿਲਾਉਣ ਬੇਹੱਦ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਕੇ.ਵੀ.ਕੇ., ਸੰਗਰੂਰ ਵਿਖੇ ਕਿਸਾਨਾਂ ਲਈ “ਸੀ.ਆਰ.ਐਮ. ਮਸ਼ੀਨਰੀ ਬੈਂਕ” ਸਥਾਪਿਤ ਕੀਤਾ ਗਿਆ ਹੈ। ਜਿਥੋਂ ਸੀਮਾਂਤ ਅਤੇ ਛੋਟੇ ਕਿਸਾਨ ਵਾਜਬ ਕਿਰਾਏ ‘ਤੇ ਖੇਤੀ ਮਸ਼ੀਨਰੀ ਲੈ ਕੇ ਆਪਣੇ ਖੇਤਾਂ ਵਿੱਚ ਪਰਾਲੀ ਦਾ ਯੋਗ ਪ੍ਰਬੰਧਨ ਕਰ ਸਕਦੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਕਿਸਾਨਾਂ ਦੀ ਆਮਦਨ ਵਧਾਉਣ ਲਈ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਲਗਾਈਆਂ ਜਾਣ ਵਾਲੀਆਂ ਕਿੱਤਾਮੁਖੀ ਸਿਖਲਾਈ ਕੋਰਸਾਂ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੇ ਸੁਧਰੇ ਬੀਜਾਂ ਦੀ ਉਪਲਬਧਤਾ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਡਾ. ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ (ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ) ਨੇ ਸਿਖਲਾਈ ਪ੍ਰੋਗਰਾਮ ਦੌਰਾਨ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਅਤੇ ਖੇਤ ਵਿੱਚ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਵੱਖ-ਵੱਖ ਖੇਤੀ ਮਸ਼ੀਨਰੀ ਜਿਵੇਂ ਕਿ ਸੁਪਰ ਐਸ.ਐਮ.ਐਸ. ਯੁਕਤ ਕੰਬਾਈਨ, ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ, ਸਰਫੇਸ ਸੀਡਰ, ਮਲਚਰ, ਕਟਰ-ਕਮ-ਸਪ੍ਰੈਡਰ ਅਤੇ ਪਲਟਾਊ ਹਲਾਂ ਬਾਰੇ ਵਿਸਥਾਰਪੂਵਕ ਜਾਣਕਾਰੀ ਦਿੱਤੀ। ਉਨ੍ਹਾਂ ਖੇਤ ਵਿੱਚ ਵੱਖ-ਵੱਖ ਮਸ਼ੀਨਰੀ ਦੀ ਵਰਤੋਂ ਸਬੰਧੀ ਕਿਸਾਨਾਂ ਦੇ ਸ਼ੰਕਿਆਂ ਨੂੰ ਵੀ ਦੂਰ ਕੀਤਾ।
ਡਾ: ਰੁਕਿੰਦਰਪ੍ਰੀਤ ਸਿੰਘ ਧਾਲੀਵਾਲ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਨੇ ਝੋਨੇ ਦੀ ਪਰਾਲੀ ਵਾਲੇ ਖੇਤਾਂ ਵਿੱਚ ਕਣਕ ਦੀ ਬਿਜਾਈ ਦੇ ਸੁਧਰੇ ਕਾਸ਼ਤਕਾਰੀ ਢੰਗਾਂ, ਨਦੀਨ ਪ੍ਰਬੰਧਨ ਅਤੇ ਖਾਦ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ।   ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨ ਭਲਾਈ ਸਕੀਮਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਸੀ.ਆਰ.ਐਮ. ਮਸ਼ੀਨਰੀ ਖਰੀਦਣ ਲਈ ਸਬਸਿਡੀ ਸਕੀਮਾਂ ਅਤੇ ਆਨਲਾਈਨ ਅਪਲਾਈ ਕਰਨ ਦੇ ਤਰੀਕੇ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਕਿਸਾਨਾਂ ਨੂੰ ਮਿੱਟੀ ਦੀ ਸਿਹਤ ਸੁਧਾਰਨ ਲਈ ਇਨ-ਸੀਟੂ ਪਰਾਲੀ ਪ੍ਰਬੰਧਨ ਅਪਣਾਉਣ ਲਈ ਪ੍ਰੇਰਿਤ ਕੀਤਾ। ਡਾ: ਗੁਰਬੀਰ ਕੌਰ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਪਰਾਲੀ ਵਿੱਚ ਬੀਜੀ ਜਾਣ ਵਾਲੀ ਕਣਕ ਦੇ ਬੀਜ ਦੀ ਸੋਧ ਅਤੇ ਕਣਕ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਦੇ ਨਾਲ-ਨਾਲ ਕਣਕ ਦੀ ਫਸਲ ਨੂੰ ਲੱਗਣ ਵਾਲੀਆਂ ਵੱਖ-ਵੱਖ ਬੀਮਾਰੀਆਂ ਅਤੇ ਉਨ੍ਹਾਂ ਦੇ ਯੋਗ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ।   ਸਮੂਹ ਕਿਸਾਨਾਂ ਨੂੰ ਸੀ.ਆਰ.ਐਮ. ਪ੍ਰੋਜੈਕਟ ਤਹਿਤ ਪੀ.ਏ.ਯੂ. ਦਾ ਖੇਤੀ ਸਾਹਿਤ ਮੁਹੱਈਆ ਕਰਵਾਇਆ ਗਿਆ। ਸੀ.ਆਰ.ਐਮ. ਮਸ਼ੀਨਰੀ ਦੀ ਪ੍ਰਦਰਸ਼ਨੀ ਲਗਾ ਕੇ ਇਸ ਦੀ ਸੁੱਚਜੀ ਵਰਤੋਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਵੀ ਸਾਂਝੀ ਕੀਤੀ ਗਈ। ਕਿਸਾਨ ਵੀਰਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ।

Exit mobile version