ਨਾਕਆਊਟ ਮੁਕਾਬਲਿਆਂ ਦੀ ਸ਼ਾਨਦਾਰ ਸ਼ੁਰੂਆਤ, ਪੈਨਲਟੀ ਸ਼ੂਟਆਊਟ ਵਿੱਚ ਪੈਰਾਗਵੇ ਨੇ ਜਰਮਨੀ ਅਤੇ ਮੋਰੱਕੋ ਨੇ ਨੀਦਰਲੈਂਡਜ਼ ਨੂੰ ਕੀਤਾ ਬਾਹਰ
ਸਪੋਰਟਸ 30 ਜੂਨ 2026 (ਜਗਜੀਤ ਸਿੰਘ): ਫੀਫਾ ਵਿਸ਼ਵ ਕੱਪ 2026 ਦੇ ਨਾਕਆਊਟ ਮੁਕਾਬਲਿਆਂ ਦੀ ਸ਼ੁਰੂਆਤ ਰੋਮਾਂਚਕ ਮੈਚਾਂ ਅਤੇ ਵੱਡੇ ਉਲਟਫੇਰਾਂ ਨਾਲ ਹੋਈ ਹੈ। ਉੱਤਰੀ ਅਮਰੀਕਾ ਵਿੱਚ ਖੇਡੇ ਜਾ ਰਹੇ ਇਸ ਟੂਰਨਾਮੈਂਟ ਵਿੱਚ ਕਈ ਦਿੱਗਜ ਟੀਮਾਂ ਰਾਊਂਡ ਆਫ਼ 16 ਵਿੱਚ ਪਹੁੰਚਣ ਲਈ ਜ਼ੋਰ ਅਜ਼ਮਾਈ ਕਰ ਰਹੀਆਂ ਹਨ।
ਸਹਿ-ਮੇਜ਼ਬਾਨ ਕੈਨੇਡਾ ਨੇ ਦੱਖਣੀ ਅਫ਼ਰੀਕਾ ਨੂੰ 1-0 ਨਾਲ ਹਰਾਕੇ ਆਪਣੇ ਇਤਿਹਾਸ ਦੀ ਪਹਿਲੀ ਨਾਕਆਊਟ ਜਿੱਤ ਦਰਜ ਕੀਤੀ ਅਤੇ ਰਾਊਂਡ ਆਫ਼ 16 ਵਿੱਚ ਜਗ੍ਹਾ ਬਣਾਈ।
ਬ੍ਰਾਜ਼ੀਲ ਨੇ ਵੀ ਜਾਪਾਨ ਖ਼ਿਲਾਫ਼ ਸਖ਼ਤ ਮੁਕਾਬਲੇ ਵਿੱਚ 2-1 ਨਾਲ ਜਿੱਤ ਦਰਜ ਕੀਤੀ। ਮੈਚ ਦੇ 95ਵੇਂ ਮਿੰਟ ਵਿੱਚ ਕੀਤੇ ਗਏ ਫੈਸਲਾਕੁੰਨ ਗੋਲ ਨੇ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਨੂੰ ਅਗਲੇ ਗੇੜ ਵਿੱਚ ਪਹੁੰਚਾ ਦਿੱਤਾ। ਹੁਣ ਬ੍ਰਾਜ਼ੀਲ ਦਾ ਸਾਹਮਣਾ ਆਈਵਰੀ ਕੋਸਟ ਜਾਂ ਨਾਰਵੇ ਵਿੱਚੋਂ ਕਿਸੇ ਇੱਕ ਟੀਮ ਨਾਲ ਹੋਵੇਗਾ।

ਨਾਕਆਊਟ ਦੌਰ ਦਾ ਸਭ ਤੋਂ ਵੱਡਾ ਉਲਟਫੇਰ ਬੋਸਟਨ ਵਿੱਚ ਵੇਖਣ ਨੂੰ ਮਿਲਿਆ, ਜਿੱਥੇ ਪੈਰਾਗਵੇ ਨੇ ਜਰਮਨੀ ਨੂੰ ਪੈਨਲਟੀ ਸ਼ੂਟਆਊਟ ਵਿੱਚ 4-3 ਨਾਲ ਹਰਾਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। ਨਿਰਧਾਰਤ ਅਤੇ ਵਾਧੂ ਸਮੇਂ ਤੱਕ ਸਕੋਰ 1-1 ਰਿਹਾ, ਜਿਸ ਤੋਂ ਬਾਅਦ ਪੈਰਾਗਵੇ ਨੇ ਪੈਨਲਟੀ ਵਿੱਚ ਬਾਜ਼ੀ ਮਾਰੀ।
ਇਸੇ ਤਰ੍ਹਾਂ ਮੋਰੱਕੋ ਨੇ ਵੀ ਨੀਦਰਲੈਂਡਜ਼ ਨੂੰ ਪੈਨਲਟੀ ਸ਼ੂਟਆਊਟ ਵਿੱਚ 3-2 ਨਾਲ ਹਰਾ ਕੇ ਰਾਊਂਡ ਆਫ਼ 16 ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਹੁਣ ਮੋਰੱਕੋ ਦਾ ਅਗਲਾ ਮੁਕਾਬਲਾ ਕੈਨੇਡਾ ਨਾਲ ਹੋਵੇਗਾ।
ਰਾਊਂਡ ਆਫ਼ 16 ਲਈ ਹੁਣ ਤੱਕ ਕੁਆਲੀਫਾਈ ਕਰਨ ਵਾਲੀਆਂ ਟੀਮਾਂ
- ਕੈਨੇਡਾ
- ਬ੍ਰਾਜ਼ੀਲ
- ਪੈਰਾਗਵੇ
- ਮੋਰੱਕੋ
ਬਾਕੀ ਰਹਿੰਦੇ ਨਾਕਆਊਟ ਮੁਕਾਬਲੇ
- ਆਈਵਰੀ ਕੋਸਟ / ਨਾਰਵੇ
- ਫਰਾਂਸ / ਸਵੀਡਨ
- ਮੈਕਸੀਕੋ / ਇਕਵਾਡੋਰ
- ਇੰਗਲੈਂਡ / ਡੀਆਰ ਕਾਂਗੋ
- ਬੈਲਜੀਅਮ / ਸੇਨੇਗਲ
- ਅਮਰੀਕਾ / ਬੋਸਨੀਆ ਅਤੇ ਹਰਜ਼ੇਗੋਵੀਨਾ
- ਸਪੇਨ / ਆਸਟਰੀਆ
- ਪੁਰਤਗਾਲ / ਕ੍ਰੋਏਸ਼ੀਆ
- ਸਵਿਟਜ਼ਰਲੈਂਡ / ਅਲਜੀਰੀਆ
- ਆਸਟ੍ਰੇਲੀਆ / ਮਿਸਰ
- ਅਰਜਨਟੀਨਾ / ਕੇਪ ਵਰਡੇ
- ਕੋਲੰਬੀਆ / ਘਾਨਾ
ਫੀਫਾ ਵਿਸ਼ਵ ਕੱਪ 2026 ਦੇ ਨਾਕਆਊਟ ਮੁਕਾਬਲੇ ਹੁਣ ਹੋਰ ਵੀ ਰੋਮਾਂਚਕ ਹੋਣ ਦੀ ਉਮੀਦ ਹੈ, ਕਿਉਂਕਿ ਹਰ ਜਿੱਤ ਟੀਮ ਨੂੰ ਵਿਸ਼ਵ ਚੈਂਪੀਅਨ ਬਣਨ ਵੱਲ ਇੱਕ ਹੋਰ ਕਦਮ ਨੇੜੇ ਲੈ ਜਾਵੇਗੀ।