ਐਡੀਲੇਡ (ਆਸਟ੍ਰੇਲੀਆ), 28 ਨਵੰਬਰ, 2026 (ਹਰਸ਼ਪ੍ਰੀਤ ਕੌਰ ): ਵਿਸ਼ਵ ਪ੍ਰਸਿੱਧ ਰੈਸਲਿੰਗ ਕੰਪਨੀ WWE ਦੇ ਨਾਮਵਰ ਸੁਪਰਸਟਾਰ ਬ੍ਰੌਨਸਨ ਰੀਡ ਦੇ ਦੇਹਾਂਤ ਦੀ ਖ਼ਬਰ ਨਾਲ ਖੇਡ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। 38 ਸਾਲਾ ਰੈਸਲਰ ਨੇ 27 ਨਵੰਬਰ ਨੂੰ ਆਖਰੀ ਸਾਹ ਲਏ। ਉਨ੍ਹਾਂ ਦਾ ਅਸਲੀ ਨਾਮ ਜਰਮੇਨ ਹੈਲੀ ਸੀ। WWE ਵੱਲੋਂ ਜਾਰੀ ਬਿਆਨ ਅਨੁਸਾਰ ਉਨ੍ਹਾਂ ਦੀ ਮੌਤ ਸਿਹਤ ਸੰਬੰਧੀ ਜਟਿਲਤਾਵਾਂ ਕਾਰਨ ਹੋਈ ਹੈ। WWE ਨੇ ਆਪਣੇ ਬਿਆਨ ਵਿੱਚ ਬ੍ਰੌਨਸਨ ਰੀਡ ਨੂੰ ਇੱਕ ਪ੍ਰਭਾਵਸ਼ਾਲੀ ਸ਼ਖ਼ਸੀਅਤ, ਸ਼ਾਨਦਾਰ ਇਨਸਾਨ ਅਤੇ ਪਰਿਵਾਰ ਪ੍ਰਤੀ ਸਮਰਪਿਤ ਵਿਅਕਤੀ ਦੱਸਦਿਆਂ ਉਨ੍ਹਾਂ ਦੇ ਪਰਿਵਾਰ, ਦੋਸਤਾਂ, ਸਾਥੀ ਪਹਿਲਵਾਨਾਂ ਅਤੇ ਪ੍ਰਸ਼ੰਸਕਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਸ ਮਹੀਨੇ 7 ਨਵੰਬਰ ਨੂੰ ਸਾਊਦੀ ਅਰਬ ਦੇ ਰਿਆਧ ਵਿੱਚ ਹੋਏ WWE ਦੇ ‘ਕ੍ਰਾਊਨ ਜਵੇਲ’ ਈਵੈਂਟ ਦੌਰਾਨ ਬ੍ਰੌਨਸਨ ਰੀਡ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ। ਓਬਾ ਫੇਮੀ ਨਾਲ ਜੁੜੇ ਰਿੰਗ ਮੁਕਾਬਲੇ ਦੌਰਾਨ ਉਨ੍ਹਾਂ ਨੂੰ ਸਟੇਜ ਤੋਂ ਹੇਠਾਂ ਮੇਜ਼ਾਂ ਅਤੇ ਉਪਕਰਣਾਂ ਵਾਲੇ ਹਿੱਸੇ ਉੱਤੇ ਸੁੱਟਿਆ ਗਿਆ ਸੀ। ਇਸ ਹਾਦਸੇ ਵਿੱਚ ਉਨ੍ਹਾਂ ਦੀਆਂ ਕਈ ਪਸਲੀਆਂ ਟੁੱਟਣ ਅਤੇ ਗੁਰਦੇ ਨੂੰ ਗੰਭੀਰ ਸੱਟ ਲੱਗਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਸਨ। ਹਾਲਾਂਕਿ WWE ਨੇ ਉਨ੍ਹਾਂ ਦੇ ਦੇਹਾਂਤ ਅਤੇ ਪਹਿਲਾਂ ਲੱਗੀਆਂ ਸੱਟਾਂ ਵਿਚਕਾਰ ਕਿਸੇ ਸਿੱਧੇ ਸਬੰਧ ਦੀ ਪੁਸ਼ਟੀ ਨਹੀਂ ਕੀਤੀ।
ਬ੍ਰੌਨਸਨ ਰੀਡ ਆਪਣੇ ਪਿੱਛੇ ਪਤਨੀ ਪੇਜ ਅਤੇ ਇੱਕ ਧੀ ਛੱਡ ਗਏ ਹਨ। ਉਨ੍ਹਾਂ ਦੀ ਪਤਨੀ ਗਰਭਵਤੀ ਵੀ ਹੈ। ਇਹ ਖ਼ਬਰ ਪਰਿਵਾਰ ਲਈ ਬੇਹੱਦ ਦੁਖਦਾਈ ਸਾਬਤ ਹੋਈ ਹੈ। ਆਸਟ੍ਰੇਲੀਆ ਦੇ ਐਡੀਲੇਡ ਵਿੱਚ ਜਨਮੇ ਰੀਡ ਨੇ ਸਾਲ 2007 ਵਿੱਚ ਪੇਸ਼ੇਵਰ ਰੈਸਲਿੰਗ ਦੀ ਸ਼ੁਰੂਆਤ ਕੀਤੀ ਸੀ। ਸਾਲ 2019 ਵਿੱਚ ਉਨ੍ਹਾਂ ਨੇ WWE ਵਿੱਚ ਆਪਣਾ ਡੈਬਿਊ ਕੀਤਾ। ਉਹ ਆਪਣੇ ਵਿਸ਼ਾਲ ਸਰੀਰ, ਜ਼ਬਰਦਸਤ ਤਾਕਤ ਅਤੇ ਹਮਲਾਵਰ ਰੈਸਲਿੰਗ ਅੰਦਾਜ਼ ਕਾਰਨ ਦੁਨੀਆ ਭਰ ਵਿੱਚ ਮਸ਼ਹੂਰ ਹੋਏ। ਉਹ ‘ਦਿ ਵਿਜ਼ਨ’ ਗਰੁੱਪ ਦਾ ਵੀ ਅਹਿਮ ਹਿੱਸਾ ਸਨ। ਉਨ੍ਹਾਂ ਦੇ ਦੇਹਾਂਤ ਨਾਲ WWE ਨੇ ਇੱਕ ਪ੍ਰਤਿਭਾਸ਼ਾਲੀ ਪਹਿਲਵਾਨ ਹੀ ਨਹੀਂ, ਸਗੋਂ ਇੱਕ ਸਮਰਪਿਤ ਸਾਥੀ ਅਤੇ ਪਰਿਵਾਰਕ ਇਨਸਾਨ ਨੂੰ ਵੀ ਗੁਆ ਦਿੱਤਾ ਹੈ।
