ਰਿਸ਼ੀਕੇਸ਼ (ਉੱਤਰਾਖੰਡ), 29 ਜੁਲਾਈ 2026 (ਰਾਜੇਸ਼ ਕੁਮਾਰ) : ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਨ ਜਾ ਰਹੇ ਰਿਸ਼ੀਕੇਸ਼ ਦੇ ਨਵੇਂ ਬਜਰੰਗ ਸੇਤੂ ਗਲਾਸ ਸਕਾਈਵਾਕ ‘ਤੇ ਹੁਣ ਦਾਖਲੇ ਲਈ ਫੀਸ ਦੇਣੀ ਹੋਵੇਗੀ। ਉੱਤਰਾਖੰਡ ਸਰਕਾਰ ਨੇ ਗਲਾਸ ਵਾਕਵੇਅ ਦੇ ਸੰਚਾਲਨ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਨਵੀਂ ਵਿਵਸਥਾ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਲੋਕ ਨਿਰਮਾਣ ਵਿਭਾਗ (PWD) ਨਰਿੰਦਰ ਨਗਰ ਵੱਲੋਂ ਤਿਆਰ ਕੀਤੇ ਗਏ SOP ਦੇ ਤਹਿਤ ਗਲਾਸ ਸਕਾਈਵਾਕ ਦੀ ਵਰਤੋਂ ਲਈ ਸੈਲਾਨੀਆਂ ਤੋਂ ਫੀਸ ਵਸੂਲੀ ਜਾਵੇਗੀ। ਇਸ ਲਈ ਜਲਦ ਹੀ ਟੈਂਡਰ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਬਾਲਗ ਯਾਤਰੀਆਂ ਨੂੰ 100 ਰੁਪਏ ਅਤੇ ਬੱਚਿਆਂ ਨੂੰ 50 ਰੁਪਏ ਐਂਟਰੀ ਫੀਸ ਦੇਣੀ ਪਵੇਗੀ।
PWD ਅਧਿਕਾਰੀਆਂ ਮੁਤਾਬਕ ਗਲਾਸ ਵਾਕਵੇਅ ‘ਤੇ ਸੈਲਾਨੀਆਂ ਦੀ ਆਵਾਜਾਈ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਹੀ ਹੋਵੇਗੀ। ਹਾਲਾਂਕਿ ਪੁਲ ਦਾ ਵਿਚਕਾਰਲਾ ਕੰਕਰੀਟ ਹਿੱਸਾ ਲੋਕਾਂ ਲਈ 24 ਘੰਟੇ ਮੁਫ਼ਤ ਖੁੱਲ੍ਹਾ ਰਹੇਗਾ।
ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪ੍ਰਵੀਨ ਕਰਨਵਾਲ ਨੇ ਦੱਸਿਆ ਕਿ ਪੁਲ ਦੀ ਸੁਰੱਖਿਆ ਅਤੇ ਸੈਲਾਨੀਆਂ ਦੀ ਸਹੂਲਤ ਲਈ ਕਰੀਬ 48 ਕਰਮਚਾਰੀ ਤਾਇਨਾਤ ਕੀਤੇ ਜਾਣਗੇ, ਜੋ ਤਿੰਨ ਸ਼ਿਫਟਾਂ ਵਿੱਚ ਆਪਣੀ ਡਿਊਟੀ ਨਿਭਾਉਣਗੇ।
ਬਜਰੰਗ ਸੇਤੂ ਭਾਰਤ ਦਾ ਪਹਿਲਾ ਗਲਾਸ ਫਲੋਰ ਕੇਬਲ ਸਸਪੈਂਸ਼ਨ ਬ੍ਰਿਜ ਹੈ, ਜੋ ਗੰਗਾ ਨਦੀ ‘ਤੇ ਪੁਰਾਣੇ ਲਕਸ਼ਮਣ ਝੂਲੇ ਦੇ ਨੇੜੇ ਬਣਾਇਆ ਗਿਆ ਹੈ। ਇਹ ਪੁਲ ਟਿਹਰੀ ਗੜ੍ਹਵਾਲ ਦੇ ਤਪੋਵਨ ਨੂੰ ਪੌੜੀ ਗੜ੍ਹਵਾਲ ਦੇ ਜੌਂਕ ਇਲਾਕੇ ਨਾਲ ਜੋੜਦਾ ਹੈ।
ਲਗਭਗ 60 ਤੋਂ 70 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਇਸ ਪੁਲ ਦੀ ਲੰਬਾਈ 132 ਮੀਟਰ ਅਤੇ ਚੌੜਾਈ 8 ਮੀਟਰ ਹੈ। ਪੁਲ ਦੇ ਕੇਂਦਰ ਵਿੱਚ ਦੋ ਪਹੀਆ ਵਾਹਨਾਂ ਲਈ 5 ਮੀਟਰ ਚੌੜਾ ਸਟੀਲ ਡੈਕ ਬਣਾਇਆ ਗਿਆ ਹੈ, ਜਦਕਿ ਦੋਵੇਂ ਪਾਸਿਆਂ ਗਲਾਸ ਵਾਕਵੇਅ ਤਿਆਰ ਕੀਤੇ ਗਏ ਹਨ। ਇਨ੍ਹਾਂ ਵਿੱਚ 12 ਮਿਲੀਮੀਟਰ ਮੋਟੇ ਟੈਂਪਰਡ ਗਲਾਸ ਦੀਆਂ ਪਰਤਾਂ ਲਗਾਈਆਂ ਗਈਆਂ ਹਨ, ਜੋ ਇਸ ਨੂੰ ਇੱਕ ਵਿਲੱਖਣ ਸੈਰ-ਸਪਾਟਾ ਸਥਾਨ ਬਣਾਉਂਦੀਆਂ ਹਨ।