ਯੂਨਾਈਟਡ ਸਿੱਖਸ ਅਤੇ ਸਮਾਜ ਸੇਵਿਕਾ ਨਰਪਿੰਦਰ ਕੌਰ ਮਾਨ ਬੀ.ਈ.ਐਮ. ਵੱਲੋਂ ਪਰਿਵਾਰ ਦੀ ਕਰ ਰਹੇ ਮਦਦ
ਲੰਡਨ/ਪੰਜਾਬ : 18 ਜੁਲਾਈ 2026 (ਜੀ.ਐਸ.ਤੁੰਗ) : ਲੰਡਨ ਦੇ ਹੇਜ਼ ਇਲਾਕੇ ਵਿੱਚ ਕਤਲ ਦਾ ਸ਼ਿਕਾਰ ਹੋਈ 24 ਸਾਲਾ ਪੰਜਾਬਣ ਕਿਰਨਦੀਪ ਕੌਰ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਲਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਯਤਨ ਕੀਤੇ ਜਾ ਰਹੇ ਹਨ। ਯੂਨਾਈਟਡ ਸਿੱਖਸ (ਇੰਟਰਨੈਸ਼ਨਲ) ਅਤੇ ਯੂਨਾਈਟਡ ਹਿਊਮਨਟੇਰੀਅਨ ਸਿੱਖ ਏਡ (ਯੂਐਚਐਸਏ) ਦੀ ਡਾਇਰੈਕਟਰ ਨਰਪਿੰਦਰ ਕੌਰ ਮਾਨ ਬੀ.ਈ.ਐਮ. ਇਸ ਸਾਰੀ ਪ੍ਰਕਿਰਿਆ ਵਿੱਚ ਪਰਿਵਾਰ ਦੀ ਮਦਦ ਕਰ ਰਹੇ ਹਨ।
ਨਰਪਿੰਦਰ ਕੌਰ ਮਾਨ ਨੇ ਦੱਸਿਆ ਕਿ ਉਹ ਇਸ ਮਾਮਲੇ ਵਿੱਚ ਬਰਤਾਨਵੀ ਸਰਕਾਰ, ਮੈਟਰੋਪੋਲੀਟਨ ਪੁਲਿਸ, ਭਾਰਤ ਸਰਕਾਰ ਅਤੇ ਮ੍ਰਿਤਕਾ ਦੇ ਪਰਿਵਾਰ ਨਾਲ ਲਗਾਤਾਰ ਸੰਪਰਕ ਵਿੱਚ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਦੀ ਇੱਛਾ ਅਨੁਸਾਰ ਕਿਰਨਦੀਪ ਕੌਰ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਪੰਜਾਬ ਭੇਜਣ ਲਈ ਲੋੜੀਂਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਕਤਲ ਦੀ ਜਾਂਚ ਜਾਰੀ ਹੈ, ਜਦਕਿ ਮ੍ਰਿਤਕਾ ਦੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਨਰਪਿੰਦਰ ਕੌਰ ਮਾਨ ਇਸ ਤੋਂ ਪਹਿਲਾਂ ਵੀ ਯੂਕੇ ਵਿੱਚ ਮ੍ਰਿਤਕ ਹੋਏ ਕਈ ਪੰਜਾਬੀਆਂ ਅਤੇ ਹੋਰ ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਉਨ੍ਹਾਂ ਦੇ ਵਤਨ ਭੇਜਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਸਮਾਜ ਸੇਵਾ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਦੇਖਦਿਆਂ ਉਨ੍ਹਾਂ ਨੂੰ ਬਰਤਾਨੀਆ ਵੱਲੋਂ ਬ੍ਰਿਟਿਸ਼ ਐਮਪਾਇਰ ਮੈਡਲ (BEM) ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।








