ਸੰਗਰੂਰ, 13 ਨਵੰਬਰ, 2026 (ਚੌਧਰੀ ਪ੍ਰਭਜੀਤ ਸਿੰਘ ) : ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪ੍ਰਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਸੰਗਰੂਰ ਜ਼ਿਲ੍ਹੇ ਦੇ ਵੱਖ-ਵੱਖ ਆਂਗਣਵਾੜੀ ਕੇਂਦਰਾਂ ਵਿੱਚ ਸਫ਼ਾਈ ਅਤੇ ਸਿਹਤ ਸਿੱਖਿਆ ਦੇ ਵਿਸ਼ੇ ਤਹਿਤ ਈ.ਸੀ.ਸੀ.ਈ. (ਸ਼ੁਰੂਆਤੀ ਬਾਲ ਸੰਭਾਲ ਅਤੇ ਸਿੱਖਿਆ) ਦਿਵਸ ਮਨਾਇਆ ਗਿਆ। ਇਸ ਮੌਕੇ ਬੱਚਿਆਂ ਦੀ ਉਮਰ ਅਤੇ ਸਮਝ ਨੂੰ ਧਿਆਨ ਵਿੱਚ ਰੱਖਦਿਆਂ ਅਜਿਹੀਆਂ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਰਾਹੀਂ ਉਨ੍ਹਾਂ ਨੂੰ ਖੇਡ-ਖੇਡ ਵਿੱਚ ਸਫ਼ਾਈ ਅਤੇ ਸਿਹਤਮੰਦ ਆਦਤਾਂ ਦੀ ਮਹੱਤਤਾ ਸਮਝਾਈ ਗਈ। ਆਂਗਣਵਾੜੀ ਵਰਕਰਾਂ ਨੇ ਬੱਚਿਆਂ ਨੂੰ ਸਾਬਣ ਨਾਲ ਹੱਥ ਧੋਣ ਦਾ ਸਹੀ ਤਰੀਕਾ ਕਰ ਕੇ ਵਿਖਾਇਆ। ਉਨ੍ਹਾਂ ਬੱਚਿਆਂ ਨੂੰ ਸਮਝਾਇਆ ਕਿ ਖਾਣਾ ਖਾਣ ਤੋਂ ਪਹਿਲਾਂ, ਪਖਾਨੇ ਦੀ ਵਰਤੋਂ ਤੋਂ ਬਾਅਦ ਅਤੇ ਬਾਹਰ ਖੇਡ ਕੇ ਘਰ ਪਰਤਣ ’ਤੇ ਹੱਥ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ। ਇਸ ਦੇ ਨਾਲ ਹੀ ਬੱਚਿਆਂ ਨੂੰ ਦੰਦਾਂ ਦੀ ਨਿਯਮਤ ਸਫ਼ਾਈ ਕਰਨ, ਨਹੁੰ ਕੱਟਣ, ਸਾਫ਼ ਕੱਪੜੇ ਪਹਿਨਣ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਲਈ ਪ੍ਰੇਰਿਤ ਕੀਤਾ ਗਿਆ।
ਬੱਚਿਆਂ ਨੇ ਸਫ਼ਾਈ ਨਾਲ ਸਬੰਧਤ ਚਿੱਤਰਕਾਰੀ, ਰੰਗਾਂ ਦੀ ਪਛਾਣ ਅਤੇ ਸਮੂਹਿਕ ਖੇਡਾਂ ਵਿੱਚ ਹਿੱਸਾ ਲਿਆ। ਰੋਜ਼ਾਨਾ ਜੀਵਨ ਦੀਆਂ ਸੌਖੀਆਂ ਉਦਾਹਰਨਾਂ ਰਾਹੀਂ ਉਨ੍ਹਾਂ ਨੂੰ ਸਫ਼ਾਈ ਨਾਲ ਜੁੜੀਆਂ ਚੰਗੀਆਂ ਆਦਤਾਂ ਪਛਾਣਨ ਅਤੇ ਅਪਣਾਉਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਦੌਰਾਨ ਬੱਚਿਆਂ ਨੂੰ ਸਾਫ਼ ਪਾਣੀ ਪੀਣ, ਪੌਸ਼ਟਿਕ ਭੋਜਨ ਖਾਣ, ਖਾਣ-ਪੀਣ ਦੀਆਂ ਵਸਤਾਂ ਢੱਕ ਕੇ ਰੱਖਣ ਅਤੇ ਕੂੜਾ ਕੂੜੇਦਾਨ ਵਿੱਚ ਪਾਉਣ ਦੀ ਮਹੱਤਤਾ ਵੀ ਸਮਝਾਈ ਗਈ। ਇਸ ਮੌਕੇ ਮਾਪਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਬੱਚਿਆਂ ਦੀ ਸਿਹਤ, ਨਿੱਜੀ ਸਫ਼ਾਈ ਅਤੇ ਖੁਰਾਕ ਵੱਲ ਵਿਸ਼ੇਸ਼ ਧਿਆਨ ਦੇਣ। ਉਨ੍ਹਾਂ ਨੂੰ ਘਰ ਵਿੱਚ ਵੀ ਬੱਚਿਆਂ ਨਾਲ ਮਿਲ ਕੇ ਸਫ਼ਾਈ ਦੀਆਂ ਆਦਤਾਂ ਦਾ ਨਿਯਮਤ ਅਭਿਆਸ ਕਰਨ ਲਈ ਪ੍ਰੇਰਿਤ ਕੀਤਾ ਗਿਆ, ਤਾਂ ਜੋ ਆਂਗਣਵਾੜੀ ਕੇਂਦਰਾਂ ਵਿੱਚ ਸਿੱਖੀਆਂ ਆਦਤਾਂ ਬੱਚਿਆਂ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਸਕਣ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪ੍ਰਦੀਪ ਸਿੰਘ ਗਿੱਲ ਨੇ ਕਿਹਾ ਕਿ ਈ.ਸੀ.ਸੀ.ਈ. ਦਿਵਸ ਦਾ ਮੁੱਖ ਮੰਤਵ ਛੇ ਸਾਲ ਤੱਕ ਦੀ ਉਮਰ ਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਉਨ੍ਹਾਂ ਨੂੰ ਖੇਡਾਂ ਅਤੇ ਗਤੀਵਿਧੀਆਂ ਰਾਹੀਂ ਸਿੱਖਣ ਦੇ ਮੌਕੇ ਦੇਣਾ ਹੈ। ਉਨ੍ਹਾਂ ਕਿਹਾ ਕਿ ਛੋਟੀ ਉਮਰ ਵਿੱਚ ਸਿੱਖੀਆਂ ਸਫ਼ਾਈ ਅਤੇ ਸਿਹਤ ਨਾਲ ਜੁੜੀਆਂ ਆਦਤਾਂ ਲੰਮੇ ਸਮੇਂ ਤੱਕ ਕਾਇਮ ਰਹਿੰਦੀਆਂ ਹਨ। ਇਨ੍ਹਾਂ ਆਦਤਾਂ ਨੂੰ ਪੱਕਾ ਕਰਨ ਵਿੱਚ ਪਰਿਵਾਰ ਅਤੇ ਆਂਗਣਵਾੜੀ ਕੇਂਦਰਾਂ ਦੀ ਸਾਂਝੀ ਭੂਮਿਕਾ ਅਹਿਮ ਹੈ। ਪ੍ਰਦੀਪ ਸਿੰਘ ਗਿੱਲ ਨੇ ਸਮੂਹ ਆਂਗਣਵਾੜੀ ਵਰਕਰਾਂ ਨੂੰ ਹਦਾਇਤ ਕੀਤੀ ਕਿ ਉਹ ਵਿਭਾਗ ਵੱਲੋਂ ਹਰ ਮਹੀਨੇ ਨਿਰਧਾਰਤ ਕੀਤੇ ਵਿਸ਼ੇ ਅਨੁਸਾਰ ਈ.ਸੀ.ਸੀ.ਈ. ਦਿਵਸ ਮਨਾਉਣ ਅਤੇ ਗਤੀਵਿਧੀਆਂ ਵਿੱਚ ਮਾਪਿਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਨੂੰ ਸਿਹਤਮੰਦ ਅਤੇ ਸੁਰੱਖਿਅਤ ਮਾਹੌਲ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਉਮਰ ਅਨੁਸਾਰ ਸਿੱਖਣ ਦੇ ਮੌਕੇ ਵੀ ਮੁਹੱਈਆ ਕਰਵਾਏ ਜਾਣ।






