Home Lifestyle ਆਸਾਨ ਫੈਂਸਲੇ ਕਰਜ਼ – ਔਖੇ ਫੈਂਸਲੇ ਵਿਆਜ, ਕਿਰਦਾਰ ਤਰਾਸ਼ੀ ਕਰਦੇ ਜ਼ਿੰਦਗੀ ਦੇ...

ਆਸਾਨ ਫੈਂਸਲੇ ਕਰਜ਼ – ਔਖੇ ਫੈਂਸਲੇ ਵਿਆਜ, ਕਿਰਦਾਰ ਤਰਾਸ਼ੀ ਕਰਦੇ ਜ਼ਿੰਦਗੀ ਦੇ ਅੰਦਾਜ਼.

The choices we make, especially the difficult ones, shape our character and define the way we live.

0

ਜ਼ਿੰਦਗੀ ਵਿੱਚ ਹਰ ਸੌਖਾ ਰਾਹ ਸਹੀ ਮੰਜ਼ਿਲ ਵੱਲ ਨਹੀਂ ਜਾਂਦਾ

ਜ਼ਿੰਦਗੀ ਹਰ ਰੋਜ਼ ਸਾਨੂੰ ਅਜਿਹੇ ਮੋੜ ’ਤੇ ਲਿਆ ਖੜ੍ਹਾ ਕਰਦੀ ਹੈ, ਜਿੱਥੇ ਦੋ ਰਾਹ ਸਾਡੇ ਸਾਹਮਣੇ ਹੁੰਦੇ ਹਨ। ਇੱਕ ਰਾਹ ਸੌਖਾ ਹੁੰਦਾ ਹੈ, ਜਿਸ ’ਤੇ ਤੁਰਨ ਲਈ ਨਾ ਬਹੁਤੀ ਹਿੰਮਤ ਦੀ ਲੋੜ ਪੈਂਦੀ ਹੈ, ਨਾ ਸਬਰ ਦੀ ਅਤੇ ਨਾ ਹੀ ਕਿਸੇ ਤਿਆਗ ਦੀ। ਦੂਜਾ ਰਾਹ ਔਖਾ ਹੁੰਦਾ ਹੈ, ਜਿਸ ’ਤੇ ਤੁਰਨ ਲਈ ਆਪਣੇ ਹਉਮੈ, ਗੁੱਸੇ, ਲਾਲਚ ਅਤੇ ਤੁਰਤ ਮਿਲਣ ਵਾਲੇ ਸੁੱਖਾਂ ਨਾਲ ਲੜਨਾ ਪੈਂਦਾ ਹੈ। ਪਰ ਜ਼ਿੰਦਗੀ ਦੀ ਇੱਕ ਦਿਲਚਸਪ ਦੁੱਖ ਇਹ ਹੈ ਕਿ ਜਿਹੜਾ ਫ਼ੈਸਲਾ ਉਸ ਵੇਲੇ ਸਭ ਤੋਂ ਸੌਖਾ ਜਾਪਦਾ ਹੈ, ਉਹੀ ਭਵਿੱਖ ਦੀ ਸਭ ਤੋਂ ਵੱਡੀ ਮੁਸ਼ਕਲ ਬਣ ਜਾਂਦਾ ਹੈ। ਇਹ ਗੱਲ ਰੋਜ਼ਾਨਾ ਦੀ ਜ਼ਿੰਦਗੀ ਦੇ ਛੋਟੇ-ਮੋਟੇ ਕੰਮਾਂ ਤੋਂ ਲੈ ਕੇ ਰਿਸ਼ਤਿਆਂ, ਕਾਰੋਬਾਰ ਅਤੇ ਸਮਾਜਿਕ ਜ਼ਿੰਮੇਵਾਰੀਆਂ ਤੱਕ ਹਰ ਥਾਂ ਲਾਗੂ ਹੁੰਦੀ ਹੈ। ਅਸੀਂ ਅਕਸਰ ਤੁਰਤ ਸਹੂਲਤ ਨੂੰ ਸਹੀ ਫ਼ੈਸਲਾ ਸਮਝ ਬੈਠਦੇ ਹਾਂ, ਜਦਕਿ ਅਸੀਂ ਦੋਵਾਂ ਵਿਚਲਾ ਫ਼ਰਕ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ।

ਮਿਸਾਲ ਵਜੋਂ, ਕਿਸੇ ਦੋਸਤ ਦੀ ਇੱਕ ਗੱਲ ਬੁਰੀ ਲੱਗ ਗਈ। ਅਸੀਂ ਉਸ ਦੀ ਸਾਲਾਂ ਦੀ ਦੋਸਤੀ, ਸਾਂਝੇ ਤਜਰਬਿਆਂ ਅਤੇ ਕੀਤੇ ਹੋਏ ਅਹਿਸਾਨਾਂ ਨੂੰ ਇੱਕ ਪਾਸੇ ਰੱਖ ਕੇ ਰਿਸ਼ਤਾ ਤੋੜ ਦਿੰਦੇ ਹਾਂ। ਇਹ ਫ਼ੈਸਲਾ ਕਰਨਾ ਬਹੁਤ ਸੌਖਾ ਹੈ, ਪਰ ਗਲਤਫ਼ਹਿਮੀ ਦੂਰ ਕਰਨੀ, ਗੱਲਬਾਤ ਕਰਨੀ, ਆਪਣੀ ਗ਼ਲਤੀ ਮੰਨਣੀ ਅਤੇ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਕਿਤੇ ਵੱਧ ਔਖੀ ਹੈ। ਇੱਥੇ ਹੀ ਮਨੁੱਖ ਦੇ ਕਿਰਦਾਰ ਦੀ ਪਰਖ ਹੁੰਦੀ ਹੈ। ਰਿਸ਼ਤਾ ਤੋੜਨ ਲਈ ਇੱਕ ਪਲ ਕਾਫ਼ੀ ਹੈ, ਪਰ ਉਸ ਰਿਸ਼ਤੇ ਦੀ ਅਹਿਮੀਅਤ ਸਮਝਣ ਲਈ ਕਈ ਵਾਰ ਪੂਰੀ ਉਮਰ ਲੱਗ ਜਾਂਦੀ ਹੈ। ਵਿਆਹੁਤਾ ਜੀਵਨ ਵਿੱਚ ਵੀ ਇਹੀ ਸੱਚਾਈ ਸਾਹਮਣੇ ਆਉਂਦੀ ਹੈ। ਤਲਾਕ ਲੈਣਾ ਜਾਂ ਦੇਣਾ ਕਾਨੂੰਨੀ ਕਾਰਵਾਈ ਹੈ, ਪਰ ਉਸ ਫ਼ੈਸਲੇ ਦੇ ਭਾਵਨਾਤਮਕ, ਪਰਿਵਾਰਕ ਅਤੇ ਸਮਾਜਿਕ ਨਤੀਜੇ ਲੰਮੇ ਸਮੇਂ ਤੱਕ ਨਾਲ ਚੱਲਦੇ ਹਨ। ਇਸ ਦਾ ਮਤਲਬ ਇਹ ਨਹੀਂ ਕਿ ਹਰ ਕੀਮਤ ’ਤੇ ਰਿਸ਼ਤਾ ਨਿਭਾਇਆ ਜਾਵੇ, ਜਿੱਥੇ ਮਾਰ-ਕੁੱਟ , ਜ਼ੁਲਮ ਜਾਂ ਲਗਾਤਾਰ ਬੇਇੱਜ਼ਤੀ ਹੋਵੇ, ਉੱਥੋਂ ਨਿਕਲਣਾ ਹੀ ਸਹੀ ਫ਼ੈਸਲਾ ਹੋ ਸਕਦਾ ਹੈ। ਅਸਲ ਗੱਲ ਇਹ ਹੈ ਕਿ ਫ਼ੈਸਲਾ ਗੁੱਸੇ ਦੇ ਇੱਕ ਪਲ ਵਿੱਚ ਨਹੀਂ, ਸਗੋਂ ਸੂਝ-ਬੂਝ, ਹਕੀਕਤ ਅਤੇ ਦੂਰਅੰਦੇਸ਼ੀ ਨਾਲ ਕੀਤਾ ਜਾਵੇ।

ਕਾਰੋਬਾਰ ਵਿੱਚ ਵੀ ਨੁਕਸਾਨ ਵੇਲੇ ਹਾਰ ਮੰਨ ਲੈਣੀ, ਜ਼ਿੰਮੇਵਾਰੀਆਂ ਤੋਂ ਭੱਜਣਾ ਜਾਂ ਆਪਣਾ ਕੰਮਕਾਜ ਵੇਚ ਦੇਣਾ ਕਈ ਵਾਰ ਸਭ ਤੋਂ ਸੌਖਾ ਰਾਹ ਲੱਗਦਾ ਹੈ। ਪਰ ਮੁਸ਼ਕਲਾਂ ਦੀ ਪੜਚੋਲ ਕਰਨਾ, ਆਪਣੀਆਂ ਘਾਟਾਂ ਸੁਧਾਰਨਾ, ਨਵੀਂ ਰਣਨੀਤੀ ਬਣਾਉਣਾ ਅਤੇ ਮੁੜ ਖੜ੍ਹੇ ਹੋਣ ਦੀ ਕੋਸ਼ਿਸ਼ ਕਰਨੀ ਵੱਧ ਹਿੰਮਤ ਮੰਗਦੀ ਹੈ। ਹਾਂ, ਹਰ ਕਾਰੋਬਾਰ ਨੂੰ ਹਰ ਹਾਲਤ ਵਿੱਚ ਜਾਰੀ ਰੱਖਣਾ ਵੀ ਸਿਆਣਪ ਨਹੀਂ। ਕਈ ਵਾਰ ਸਮੇਂ ਸਿਰ ਪਿੱਛੇ ਹਟਣਾ ਹੀ ਦੂਰਅੰਦੇਸ਼ੀ ਹੁੰਦੀ ਹੈ। ਫ਼ਰਕ ਸਿਰਫ਼ ਇੰਨਾ ਹੈ ਕਿ ਫ਼ੈਸਲਾ ਮਜਬੂਰੀ ਜਾਂ ਨਿਰਾਸ਼ਾ ਵਿੱਚ ਲਿਆ ਗਿਆ ਹੈ ਜਾਂ ਸੋਚ-ਵਿਚਾਰ ਤੋਂ ਬਾਅਦ। ਕਰਜ਼ਾ ਲੈਣਾ ਵੀ ਇਸੇ ਸਿੱਕੇ ਦਾ ਇੱਕ ਹੋਰ ਪਾਸਾ ਹੈ। ਲੋੜ ਵੇਲੇ ਪੈਸਾ ਮਿਲ ਜਾਣਾ ਤਸੱਲੀ ਦਿੰਦਾ ਹੈ, ਪਰ ਉਸ ਨੂੰ ਵਿਆਜ ਸਮੇਤ ਮੋੜਨ ਦੀ ਜ਼ਿੰਮੇਵਾਰੀ ਲੰਮਾ ਸਮਾਂ ਪਿੱਛਾ ਕਰ ਸਕਦੀ ਹੈ। ਸਹੂਲਤ ਅੱਜ ਮਿਲਦੀ ਹੈ, ਪਰ ਉਸ ਦੀ ਕੀਮਤ ਕੱਲ੍ਹ ਚੁਕਾਉਣੀ ਪੈਂਦੀ ਹੈ। ਇਸੇ ਲਈ ਸਿਆਣਪ ਸਿਰਫ਼ ਮੌਕਾ ਹਾਸਲ ਕਰਨ ਵਿੱਚ ਨਹੀਂ, ਸਗੋਂ ਉਸ ਦੇ ਨਤੀਜਿਆਂ ਨੂੰ ਪਹਿਲਾਂ ਸਮਝਣ ਵਿੱਚ ਵੀ ਹੈ।

ਇੱਕ ਵਾਰ ਆਪਣੇ ਬੀਤੇ ਜੀਵਨ ਵੱਲ ਮੁੜ ਕੇ ਵੇਖੋ। ਕਾਗਜ਼ ’ਤੇ ਉਹ ਫ਼ੈਸਲੇ ਲਿਖੋ, ਜਿਨ੍ਹਾਂ ਨੂੰ ਤੁਸੀਂ ਉਸ ਵੇਲੇ ਸੌਖਾ ਸਮਝ ਕੇ ਚੁਣਿਆ ਸੀ, ਅਤੇ ਉਹ ਵੀ, ਜਿਨ੍ਹਾਂ ਲਈ ਤੁਹਾਨੂੰ ਸਬਰ, ਮਿਹਨਤ ਜਾਂ ਤਿਆਗ ਕਰਨਾ ਪਿਆ ਸੀ। ਫਿਰ ਇਮਾਨਦਾਰੀ ਨਾਲ ਵਿਚਾਰ ਕਰੋ ਕਿ ਕਿਹੜੇ ਫ਼ੈਸਲਿਆਂ ਨੇ ਤੁਹਾਨੂੰ ਅੰਦਰੋਂ ਮਜ਼ਬੂਤ ਕੀਤਾ ਅਤੇ ਕਿਹੜਿਆਂ ਨੇ ਤੁਹਾਨੂੰ ਅਜਿਹਾ ਨੁਕਸਾਨ ਦਿੱਤਾ, ਜਿਸ ਦੀ ਭਰਪਾਈ ਅੱਜ ਵੀ ਨਹੀਂ ਹੋ ਸਕੀ। ਯਾਦ ਰੱਖੋ, ਹਰ ਔਖਾ ਫ਼ੈਸਲਾ ਸਹੀ ਨਹੀਂ ਹੁੰਦਾ ਅਤੇ ਹਰ ਸੌਖਾ ਫ਼ੈਸਲਾ ਗਲਤ ਨਹੀਂ ਹੁੰਦਾ। ਸਹੀ ਫ਼ੈਸਲੇ ਦੀ ਪਛਾਣ ਉਸ ਦੀ ਸੌਖਿਆਈ ਜਾਂ ਔਖਿਆਈ ਨਾਲ ਨਹੀਂ, ਸਗੋਂ ਉਸ ਦੀ ਸੂਝ-ਬੂਝ, ਨਿੱਜੀ ਅਤੇ ਦੂਰਗਾਮੀ ਨਤੀਜਿਆਂ ਨਾਲ ਹੁੰਦੀ ਹੈ।

ਜ਼ਿੰਦਗੀ ਵਿੱਚ ਕਈ ਵਾਰ ਸਹੀ ਰਾਹ ਚੁਣਨ ਲਈ ਆਪਣੇ ਮਨ ਦੇ ਵਿਰੁੱਧ ਜਾਣਾ ਪੈਂਦਾ ਹੈ। ਕਿਉਂਕਿ ਅਸਲ ਕਾਮਯਾਬੀ ਹਰ ਮੁਸ਼ਕਲ ਤੋਂ ਬਚ ਨਿਕਲਣ ਵਿੱਚ ਨਹੀਂ, ਸਗੋਂ ਸਹੀ ਮੁਸ਼ਕਲ ਦਾ ਸਾਹਮਣਾ ਕਰਨ ਦੀ ਹਿੰਮਤ ਵਿੱਚ ਹੈ। ਇਨਸਾਨ ਦੀ ਅਸਲ ਵਿਰਾਸਤ ਉਸ ਦੀ ਜਾਇਦਾਦ ਜਾਂ ਅਹੁਦਾ ਹੀ ਨਹੀਂ, ਸਗੋਂ ਉਸ ਦੇ ਫ਼ੈਸਲਿਆਂ ਨਾਲ ਬਣਿਆ ਕਿਰਦਾਰ ਵੀ ਹੁੰਦਾ ਹੈ। ਅੱਜ ਦਾ ਸੌਖਾ ਫ਼ੈਸਲਾ ਕੱਲ੍ਹ ਦਾ ਬੋਝ ਵੀ ਬਣਦਾ ਹੈ, ਜਦਕਿ ਅੱਜ ਦਾ ਔਖਾ ਫ਼ੈਸਲਾ ਆਉਣ ਵਾਲੀਆਂ ਪੀੜ੍ਹੀਆਂ ਲਈ ਮਿਸਾਲ ਬਣਦਾ ਹੈ। ਇਸ ਲਈ ਫ਼ੈਸਲਾ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਇਹ ਸਵਾਲ ਜ਼ਰੂਰ ਪੁੱਛੋ, ਮੈਂ ਇਸ ਵੇਲੇ ਸਿਰਫ਼ ਸੌਖਾ ਰਾਹ ਚੁਣ ਰਿਹਾ ਹਾਂ ਜਾਂ ਸਹੀ ਰਾਹ? ਕਿਉਂਕਿ ਫ਼ੈਸਲਾ ਇੱਕ ਪਲ ਵਿੱਚ ਹੁੰਦਾ ਹੈ, ਪਰ ਉਸ ਦੀ ਕੀਮਤ ਪੂਰੀ ਉਮਰ ਚੁਕਾਉਣੀ ਪੈਂਦੀ ਹੈ।

ਛਤਰਪਾਲ ਸਿੰਘ

Exit mobile version