ਪਟਿਆਲਾ, 18 ਜੁਲਾਈ (ਬਲਜੀਤ ਸਰਨਾ): ਪਟਿਆਲਾ ਦੇ ਤ੍ਰਿਪੜੀ ਇਲਾਕੇ ਵਿੱਚ ਸਾਲਾਂ ਤੋਂ ਰੁਕੀ ਪਈ ਇੱਕ ਸੜਕ ਦਾ ਕਬਜ਼ਾ ਪ੍ਰਸ਼ਾਸਨ ਵੱਲੋਂ ਮੁੜ ਆਪਣੇ ਹੱਥ ਵਿੱਚ ਲੈਣ ਮੌਕੇ ਪੁੱਜੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਲੱਦਾਖ ਦੇ ਸਮਾਜ ਸੇਵੀ ਅਤੇ ਸਿੱਖਿਆ ਸੁਧਾਰਕ ਸੋਨਮ ਵਾਂਗਚੁਗ ਖ਼ਿਲਾਫ਼ ਦਿੱਲੀ ਪੁਲਿਸ ਦੀ ਕਾਰਵਾਈ ‘ਤੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ।
ਡਾ. ਬਲਬੀਰ ਨੇ ਕਿਹਾ ਕਿ ਸੋਨਮ ਵਾਂਗਚੁਗ ਵਰਗੇ ਵਿਅਕਤੀ ਨੇ ਦੇਸ਼ ਲਈ ਸਿੱਖਿਆ ਅਤੇ ਨਵੀਨਤਾ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਾਂਗਚੁਗ ਦਾ ਸੰਘਰਸ਼ ਕਿਸੇ ਨਿੱਜੀ ਹਿੱਤ ਲਈ ਨਹੀਂ ਸੀ, ਸਗੋਂ ਸਿੱਖਿਆ ਪ੍ਰਣਾਲੀ ਨਾਲ ਜੁੜੇ ਮੁੱਦਿਆਂ ਅਤੇ ਨੌਜਵਾਨਾਂ ਦੀਆਂ ਚਿੰਤਾਵਾਂ ਨੂੰ ਉਭਾਰਨ ਲਈ ਸੀ।
ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਸਿੱਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ ਦੀ ਮੰਗ ਕਰ ਰਹੇ ਹਨ, ਉਨ੍ਹਾਂ ਦੀ ਆਵਾਜ਼ ਸੁਣਨ ਦੀ ਬਜਾਏ ਉਨ੍ਹਾਂ ਨੂੰ ਰੋਕਣਾ ਲੋਕਤੰਤਰ ਦੀ ਭਾਵਨਾ ਦੇ ਉਲਟ ਹੈ। ਡਾ. ਬਲਬੀਰ ਨੇ ਕਿਹਾ ਕਿ ਵਿਦਿਆਰਥੀਆਂ ਵੱਲੋਂ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ, ਨਾ ਕਿ ਸਰਕਾਰ ਨੂੰ ਹਟਾਉਣ ਦੀ।
ਸਿਹਤ ਮੰਤਰੀ ਨੇ ਕਿਹਾ ਕਿ ਜੇਕਰ ਸੋਨਮ ਵਾਂਗਚੁਗ ਵਰਗੇ ਦੂਰਦਰਸ਼ੀ ਅਤੇ ਸਿੱਖਿਆ ਪ੍ਰਤੀ ਸਮਰਪਿਤ ਵਿਅਕਤੀ ਨੂੰ ਨੀਤੀ ਬਣਾਉਣ ਦਾ ਮੌਕਾ ਮਿਲੇ ਤਾਂ ਦੇਸ਼ ਦੀ ਸਿੱਖਿਆ ਪ੍ਰਣਾਲੀ ਹੋਰ ਮਜ਼ਬੂਤ ਹੋ ਸਕਦੀ ਹੈ।
ਇਸ ਤੋਂ ਪਹਿਲਾਂ ਤ੍ਰਿਪੜੀ ਵਿੱਚ ਪ੍ਰਸ਼ਾਸਨ ਨੇ ਕਈ ਸਾਲਾਂ ਤੋਂ ਵਿਵਾਦਾਂ ਵਿੱਚ ਘਿਰੀ ਇੱਕ ਸੜਕ ਦਾ ਕਬਜ਼ਾ ਮੁੜ ਹਾਸਲ ਕੀਤਾ। ਇਸ ਕਾਰਵਾਈ ਨਾਲ ਇਲਾਕਾ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਡਾ. ਬਲਬੀਰ ਸਿੰਘ ਵੀ ਮੌਕੇ ‘ਤੇ ਪਹੁੰਚੇ ਅਤੇ ਪ੍ਰਸ਼ਾਸਨ ਦੀ ਕਾਰਵਾਈ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਪੂਰਾ ਕਰਨਾ ਸਰਕਾਰ ਦੀ ਤਰਜੀਹ ਹੈ।








