ਸੀਨੀਅਰ, ਜੂਨੀਅਰ, ਸਬ-ਜੂਨੀਅਰ ਅਤੇ ਯੂਥ ਵਰਗਾਂ (ਲੜਕੇ ਤੇ ਲੜਕੀਆਂ) ਵਿੱਚ ਹੋਣਗੇ ਮੁਕਾਬਲੇ
ਪਟਿਆਲਾ, 23 ਅਗਸਤ 2026: ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਪੱਧਰੀ ਮਾਊਂਟੇਨ ਟੈਰੇਨ ਬਾਈਕ (MTB) ਸਾਈਕਲਿੰਗ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਹ ਮੁਕਾਬਲੇ ਸੀਨੀਅਰ, ਜੂਨੀਅਰ, ਸਬ-ਜੂਨੀਅਰ ਅਤੇ ਯੂਥ ਵਰਗਾਂ ਦੇ ਲੜਕੇ ਅਤੇ ਲੜਕੀਆਂ ਲਈ ਕਰਵਾਏ ਜਾਣਗੇ। ਮੁਕਾਬਲਿਆਂ ਲਈ ਸੂਬੇ ਵਿੱਚ ਛੇ ਸਥਾਨ ਨਿਰਧਾਰਤ ਕੀਤੇ ਗਏ ਹਨ।
ਇਸ ਸਬੰਧੀ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ (CAP) ਨਾਲ ਸਬੰਧਤ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨਾਂ ਦੀ ਆਨਲਾਈਨ ਮੀਟਿੰਗ ਹੋਈ। ਮੀਟਿੰਗ ਦੀ ਅਗਵਾਈ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਢਿੱਲੋਂ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਨੇ ਕੀਤੀ।
ਜਨਰਲ ਸਕੱਤਰ ਜਗਦੀਪ ਸਿੰਘ ਨੇ ਦੱਸਿਆ ਕਿ ਪਟਿਆਲਾ, ਰੂਪਨਗਰ, ਐਸ.ਏ.ਐਸ. ਨਗਰ (ਮੋਹਾਲੀ) ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਸਾਈਕਲਿਸਟਾਂ ਦੇ ਮੁਕਾਬਲੇ 29 ਅਗਸਤ 2026 ਨੂੰ ਏਸ਼ੀਅਨ ਗਰੁੱਪ ਆਫ਼ ਕਾਲਜਿਜ਼ ਨੇੜੇ ਜਾਗੋ ਅਕਾਲ ਅਕੈਡਮੀ ਰੋਡ, ਪਟਿਆਲਾ ਵਿਖੇ ਹੋਣਗੇ। ਵਧੇਰੇ ਜਾਣਕਾਰੀ ਲਈ ਕੋਆਰਡੀਨੇਟਰ ਜਗਦੀਪ ਸਿੰਘ ਨਾਲ 7901964555 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸੇ ਤਰ੍ਹਾਂ ਸੰਗਰੂਰ, ਮਾਨਸਾ, ਬਠਿੰਡਾ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਮੁਕਾਬਲੇ 29 ਅਗਸਤ ਨੂੰ ਦਿੜ੍ਹਬਾ, ਸੰਗਰੂਰ ਵਿਖੇ ਐਸ.ਡੀ.ਐਮ. ਦਫ਼ਤਰ ਨੇੜੇ ਸਪੋਰਟਸ ਸਟੇਡੀਅਮ ਵਿੱਚ ਕਰਵਾਏ ਜਾਣਗੇ। ਜਾਣਕਾਰੀ ਲਈ ਕੋਆਰਡੀਨੇਟਰ ਬੀ.ਐਸ. ਸੂਡਾਨ ਨਾਲ 9876841086 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਲੁਧਿਆਣਾ, ਮੋਗਾ, ਫਿਰੋਜ਼ਪੁਰ ਅਤੇ ਮਾਲੇਰਕੋਟਲਾ ਜ਼ਿਲ੍ਹਿਆਂ ਦੇ ਮੁਕਾਬਲੇ 29 ਅਗਸਤ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU), ਲੁਧਿਆਣਾ ਵਿਖੇ ਹੋਣਗੇ। ਕੋਆਰਡੀਨੇਟਰ ਸਤਵਿੰਦਰ ਸਿੰਘ ਨਾਲ 9815631327 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਮੁਕਾਬਲੇ 29 ਅਗਸਤ ਨੂੰ ਸਰਕਾਰੀ ਕਾਲਜ, ਸ੍ਰੀ ਮੁਕਤਸਰ ਸਾਹਿਬ ਵਿਖੇ ਹੋਣਗੇ। ਵਧੇਰੇ ਜਾਣਕਾਰੀ ਲਈ ਕੋਆਰਡੀਨੇਟਰ ਐਸ.ਪੀ. ਸਿੰਘ ਨਾਲ 9517884218 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਦੋਆਬਾ ਖੇਤਰ ਦੇ ਹੁਸ਼ਿਆਰਪੁਰ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ ਅਤੇ ਕਪੂਰਥਲਾ ਜ਼ਿਲ੍ਹਿਆਂ ਦੇ ਮੁਕਾਬਲੇ 26 ਅਗਸਤ 2026 ਨੂੰ ਹੁਸ਼ਿਆਰਪੁਰ-ਫਗਵਾੜਾ ਰੋਡ ‘ਤੇ ਪਿੰਡ ਬੱਸੀ ਦੌਲਤ ਖਾਂ ਵਿਖੇ ਕਰਵਾਏ ਜਾਣਗੇ। ਜਾਣਕਾਰੀ ਲਈ ਕੋਆਰਡੀਨੇਟਰ ਅਭਿਸ਼ੇਕ ਕਸ਼ਯਪ ਨਾਲ 9417848282 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਦੇ ਮੁਕਾਬਲੇ 29 ਅਗਸਤ ਨੂੰ ਅੰਮ੍ਰਿਤਸਰ-ਅਟਾਰੀ ਰੋਡ ‘ਤੇ ਡੀ-ਮਾਰਟ ਨੇੜੇ ਖਾਸਾ ਵਿਖੇ ਕਰਵਾਏ ਜਾਣਗੇ। ਇਸ ਸਬੰਧੀ ਕੋਆਰਡੀਨੇਟਰ ਬਾਵਾ ਸਿੰਘ ਨਾਲ 9814321428 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਐਸੋਸੀਏਸ਼ਨ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਸਾਰੇ ਸਾਈਕਲਿਸਟਾਂ ਲਈ ਰਜਿਸਟ੍ਰੇਸ਼ਨ ਲਾਜ਼ਮੀ ਹੋਵੇਗੀ। ਰਜਿਸਟ੍ਰੇਸ਼ਨ ਮੁਕਾਬਲੇ ਵਾਲੀ ਥਾਂ ‘ਤੇ ਵੀ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ ਰਜਿਸਟ੍ਰੇਸ਼ਨ ਫਾਰਮ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਅਧਿਕਾਰਤ ਫੇਸਬੁੱਕ ਪੇਜ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
ਸਾਈਕਲਿਸਟਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਫਾਰਮ ਵਿੱਚ ਲੋੜੀਂਦੀ ਜਾਣਕਾਰੀ ਭਰ ਕੇ ਜ਼ਰੂਰੀ ਵੇਰਵਿਆਂ ਸਮੇਤ ਮੁਕਾਬਲੇ ਵਾਲੀ ਥਾਂ ‘ਤੇ ਜਮ੍ਹਾਂ ਕਰਵਾਉਣ। ਕੇਵਲ ਰਜਿਸਟਰਡ ਸਾਈਕਲਿਸਟਾਂ ਨੂੰ ਹੀ ਸਬੰਧਤ ਜ਼ਿਲ੍ਹਾ ਪੱਧਰੀ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਹੋਵੇਗੀ।
ਮੁਕਾਬਲਿਆਂ ਨੂੰ ਸੁਚਾਰੂ, ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਵੱਖ-ਵੱਖ ਸਥਾਨਾਂ ‘ਤੇ ਤਜਰਬੇਕਾਰ ਤਕਨੀਕੀ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ। ਐਸੋਸੀਏਸ਼ਨ ਨੇ ਵੱਧ ਤੋਂ ਵੱਧ ਸਾਈਕਲਿਸਟਾਂ ਨੂੰ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਦੀ ਅਪੀਲ ਕੀਤੀ ਹੈ।







