Home ਹਰਿਆਣਾ ਹੀਰਕ ਜਯੰਤੀ ਪ੍ਰਦਰਸ਼ਨੀ ਹਰਿਆਣਾ ਦੇ 60 ਸਾਲਾਂ ਦੇ ਵਿਕਾਸ ਸਫ਼ਰ ਦਾ ਜੀਵੰਤ...

ਹੀਰਕ ਜਯੰਤੀ ਪ੍ਰਦਰਸ਼ਨੀ ਹਰਿਆਣਾ ਦੇ 60 ਸਾਲਾਂ ਦੇ ਵਿਕਾਸ ਸਫ਼ਰ ਦਾ ਜੀਵੰਤ ਸ਼ੀਸ਼ਾ : ਵਿਸ਼ਰਾਮ ਕੁਮਾਰ ਮੀਣਾ

Thousands of visitors explore Haryana's 60-year journey of achievements, development and future vision at the Diamond Jubilee Exhibition in Kurukshetra, continuing until November 4

0

ਕੁਰੂਕਸ਼ੇਤਰ, 2 ਨਵੰਬਰ, 2026 (ਸੰਜੀਵ ਸ਼ਰਮਾ ) : ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਨੇ ਕਿਹਾ ਕਿ ਹਰਿਆਣਾ ਦੀ ਹੀਰਕ ਜਯੰਤੀ ਦੇ ਮੌਕੇ ’ਤੇ ਲਗਾਈ ਗਈ ਵਿਸ਼ੇਸ਼ ਪ੍ਰਦਰਸ਼ਨੀ ਸੂਬੇ ਦੇ 60 ਸਾਲਾਂ ਦੇ ਮਾਣਮੱਤੇ ਸਫ਼ਰ, ਸੰਘਰਸ਼, ਪ੍ਰਾਪਤੀਆਂ ਅਤੇ ਭਵਿੱਖ ਦੇ ਵਿਜ਼ਨ ਨੂੰ ਇਕੱਠੇ ਦਰਸਾ ਰਹੀ ਹੈ। ਇਹ ਪ੍ਰਦਰਸ਼ਨੀ ਸਿਰਫ਼ ਤਸਵੀਰਾਂ ਦਾ ਸੰਗ੍ਰਹਿ ਨਹੀਂ, ਸਗੋਂ ਹਰਿਆਣਾ ਦੇ ਸਵੈਮਾਣ ਅਤੇ ਤਰੱਕੀ ਦਾ ਜੀਵੰਤ ਦਸਤਾਵੇਜ਼ ਹੈ। ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਨੇ ਕਿਹਾ ਕਿ ਕੁਰੂਕਸ਼ੇਤਰ ਵਿੱਚ ਲਗਾਈ ਗਈ ਇਸ ਪ੍ਰਦਰਸ਼ਨੀ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦੂਜੇ ਦਿਨ ਹੀ ਹਜ਼ਾਰਾਂ ਨਾਗਰਿਕਾਂ, ਵਿਦਿਆਰਥੀਆਂ, ਮਹਿਲਾਵਾਂ, ਕਿਸਾਨਾਂ ਅਤੇ ਨੌਜਵਾਨਾਂ ਨੇ ਪ੍ਰਦਰਸ਼ਨੀ ਦਾ ਦੌਰਾ ਕੀਤਾ ਹੈ। ਇਹ ਪ੍ਰਦਰਸ਼ਨੀ 4 ਨਵੰਬਰ ਤੱਕ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨੀ ਨੂੰ 7 ਪ੍ਰਮੁੱਖ ਭਾਗਾਂ ਵਿੱਚ ਵੰਡਿਆ ਗਿਆ ਹੈ, ਤਾਂ ਜੋ ਹਰ ਵਰਗ ਦੇ ਲੋਕਾਂ ਨੂੰ ਹਰਿਆਣਾ ਦੀ ਸਮੁੱਚੀ ਤਰੱਕੀ ਬਾਰੇ ਜਾਣਕਾਰੀ ਮਿਲ ਸਕੇ।

ਉਨ੍ਹਾਂ ਦੱਸਿਆ ਕਿ ਪਹਿਲੇ ਭਾਗ ਵਿੱਚ ਸੂਬੇ ਦੇ ਗਠਨ, ਇਤਿਹਾਸ ਅਤੇ ਛੇ ਦਹਾਕਿਆਂ ਦੌਰਾਨ ਆਏ ਬਦਲਾਅ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਭਾਗ ਵਿੱਚ 1 ਨਵੰਬਰ 1966 ਨੂੰ ਹਰਿਆਣਾ ਦੇ ਗਠਨ ਤੋਂ ਲੈ ਕੇ ਹੁਣ ਤੱਕ ਦੇ 60 ਸਾਲਾਂ ਦੇ ਇਤਿਹਾਸਕ ਪੜਾਵਾਂ, ਅੰਦੋਲਨਾਂ ਅਤੇ ਤਬਦੀਲੀਆਂ ਨੂੰ ਦੁਰਲੱਭ ਤਸਵੀਰਾਂ ਅਤੇ ਤੱਥਾਂ ਰਾਹੀਂ ਦਰਸਾਇਆ ਗਿਆ ਹੈ। ਦੂਜੇ ਭਾਗ ਵਿੱਚ ਹਰਿਆਣਾ ਦੇ ਗਠਨ ਤੋਂ ਲੈ ਕੇ ਹੁਣ ਤੱਕ ਸੂਬੇ ਦੀ ਅਗਵਾਈ ਕਰਨ ਵਾਲੇ ਸਾਰੇ ਰਾਜਪਾਲਾਂ ਅਤੇ ਮੁੱਖ ਮੰਤਰੀਆਂ ਦੇ ਕਾਰਜਕਾਲ, ਉਨ੍ਹਾਂ ਦੇ ਅਹਿਮ ਫੈਸਲਿਆਂ ਅਤੇ ਯੋਗਦਾਨ ਨੂੰ ਲੜੀਵਾਰ ਢੰਗ ਨਾਲ ਪੇਸ਼ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਨੇ ਕਿਹਾ ਕਿ ਪਿਛਲੇ 60 ਸਾਲਾਂ ਦੌਰਾਨ ਖੇਤੀਬਾੜੀ, ਉਦਯੋਗ, ਸਿੱਖਿਆ, ਸਿਹਤ, ਖੇਡਾਂ, ਸੜਕਾਂ, ਬਿਜਲੀ ਅਤੇ ਪਾਣੀ ਸਮੇਤ ਸਾਰੇ ਖੇਤਰਾਂ ਵਿੱਚ ਹਰਿਆਣਾ ਨੇ ਜੋ ਤਰੱਕੀ ਕੀਤੀ ਹੈ, ਉਸ ਨੂੰ ਅੰਕੜਿਆਂ ਅਤੇ ਤੁਲਨਾਤਮਕ ਤਸਵੀਰਾਂ ਰਾਹੀਂ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ‘ਨਵੀਂ ਪਹਿਲ, ਨਵੀਂ ਪਛਾਣ, ਨਵੇਂ ਕੀਰਤੀਮਾਨ’ ਦੇ ਨਾਂ ਨਾਲ ਇੱਕ ਵੱਖਰਾ ਵਿਸ਼ੇਸ਼ ਜ਼ੋਨ ਤਿਆਰ ਕੀਤਾ ਗਿਆ ਹੈ। ਇਸ ਵਿੱਚ ਉਨ੍ਹਾਂ ਯੋਜਨਾਵਾਂ ਅਤੇ ਪ੍ਰਾਪਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਹਰਿਆਣਾ ਦੇਸ਼ ਵਿੱਚ ਮੋਹਰੀ ਰਿਹਾ ਹੈ। ਇਨ੍ਹਾਂ ਵਿੱਚ ਖੇਡਾਂ ਵਿੱਚ ਜਿੱਤੇ ਤਮਗੇ, ਜੀਐੱਸਟੀ ਸੰਗ੍ਰਹਿ ਅਤੇ ਈ-ਗਵਰਨੈਂਸ ਵਿੱਚ ਕੀਤੀਆਂ ਨਵੀਆਂ ਪਹਿਲਕਦਮੀਆਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸੂਬੇ ਨੇ ਲੋਕ ਭਲਾਈ ਦੇ ਚਾਰ ਮੁੱਖ ਥੰਮ੍ਹ ਮੰਨੇ ਹਨ, ਜਿਨ੍ਹਾਂ ਨੂੰ ਪ੍ਰਦਰਸ਼ਨੀ ਵਿੱਚ ਵਿਸ਼ੇਸ਼ ਤੌਰ ’ਤੇ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿੱਚ ਕਿਸਾਨ, ਮਹਿਲਾਵਾਂ, ਨੌਜਵਾਨ ਅਤੇ ਬਜ਼ੁਰਗ ਸ਼ਾਮਲ ਹਨ। ਇਨ੍ਹਾਂ ਵਰਗਾਂ ਨਾਲ ਸਬੰਧਤ ਸਰਕਾਰ ਦੀਆਂ ਪ੍ਰਮੁੱਖ ਭਲਾਈ ਯੋਜਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਹਰਿਆਣਾ ਨੇ ਖੁਸ਼ਹਾਲੀ ਦੇ ਨਵੇਂ ਪੈਮਾਨੇ ਸਥਾਪਤ ਕੀਤੇ ਹਨ। ਖੇਤੀ ਪ੍ਰਧਾਨ ਸੂਬੇ ਤੋਂ ਉਦਯੋਗ, ਆਈਟੀ, ਸਟਾਰਟਅੱਪ ਅਤੇ ਬਰਾਮਦ ਦੇ ਕੇਂਦਰ ਵਜੋਂ ਹਰਿਆਣਾ ਕਿਵੇਂ ਉੱਭਰਿਆ ਹੈ, ਇਸ ਨੂੰ ਆਧੁਨਿਕ ਹਰਿਆਣਾ ਦੀ ਤਸਵੀਰ ਵਜੋਂ ਇਸ ਭਾਗ ਵਿੱਚ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨੀ ਵਿੱਚ ਭਵਿੱਖ ਦਾ ਵਿਜ਼ਨ ਵੀ ਤਿਆਰ ਕੀਤਾ ਗਿਆ ਹੈ। ਆਖਰੀ ਭਾਗ ਵਿੱਚ ਸਾਲ 2047 ਤੱਕ ਵਿਕਸਿਤ ਹਰਿਆਣਾ ਬਣਾਉਣ ਦੇ ਟੀਚੇ ਨੂੰ ਦਰਸਾਇਆ ਗਿਆ ਹੈ। ਇਸ ਵਿੱਚ ਗ੍ਰੀਨ ਐਨਰਜੀ, ਸਮਾਰਟ ਪਿੰਡਾਂ, ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਅਤੇ ਰੁਜ਼ਗਾਰ ਦੇ ਨਵੇਂ ਮੌਕਿਆਂ ਦੀ ਝਲਕ ਪੇਸ਼ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਨੇ ਕਿਹਾ ਕਿ ਇਹ ਪ੍ਰਦਰਸ਼ਨੀ ਵਿਸ਼ੇਸ਼ ਤੌਰ ’ਤੇ ਨੌਜਵਾਨ ਪੀੜ੍ਹੀ ਲਈ ਪ੍ਰੇਰਨਾਦਾਇਕ ਹੈ। ਉਨ੍ਹਾਂ ਸਾਰੇ ਸਕੂਲਾਂ, ਕਾਲਜਾਂ, ਸਮਾਜਿਕ ਸੰਸਥਾਵਾਂ ਅਤੇ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਇਸ ਪ੍ਰਦਰਸ਼ਨੀ ਨੂੰ ਦੇਖਣ ਅਤੇ ਹਰਿਆਣਾ ਦੇ ਮਾਣਮੱਤੇ ਇਤਿਹਾਸ ਨਾਲ ਜੁੜਨ।

 

Exit mobile version