ਸੰਗਰੂਰ/ਧੂਰੀ, 25 ਅਗਸਤ, 2026 (ਜਗਦੇਵ ਰੰਚਨਾ) : ਸਥਾਨਕ ਪੁਲਿਸ ਲਾਈਨਜ਼ ਸੰਗਰੂਰ ਵਿਖੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਸੰਗਰੂਰ ਵੱਲੋਂ ਤਿੰਨ ਰੋਜ਼ਾ ਓਪਨ ਜ਼ਿਲ੍ਹਾ ਪੱਧਰੀ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਅੰਡਰ-11, ਅੰਡਰ-13, ਅੰਡਰ-15, ਅੰਡਰ-17, ਅੰਡਰ-19 ਅਤੇ ਸੀਨੀਅਰ ਵਰਗ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਧੂਰੀ ਸ਼ਹਿਰ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ।

ਬੈਡਮਿੰਟਨ ਮੁਕਾਬਲਿਆਂ ਵਿੱਚ ਧੂਰੀ ਦੀ ਖਿਡਾਰਨ ਮਨਸੀਰਤ ਕੌਰ, ਪੁੱਤਰੀ ਰੁਪਿੰਦਰ ਸਿੰਘ, ਨੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਅੰਡਰ-13 ਲੜਕੀਆਂ ਦੇ ਸਿੰਗਲ ਮੁਕਾਬਲੇ ਵਿੱਚ ਚਾਂਦੀ ਅਤੇ ਡਬਲ ਮੁਕਾਬਲੇ ਵਿੱਚ ਸੋਨੇ ਦਾ ਤਗਮਾ ਹਾਸਲ ਕੀਤਾ। ਇਸ ਤੋਂ ਇਲਾਵਾ ਅੰਡਰ-15 ਵਰਗ ਦੇ ਸਿੰਗਲ ਕਾਂਸੀ ਦਾ, ਡਬਲ ਚਾਂਦੀ ਦਾ ਅਤੇ ਮਿਕਸਡ ਡਬਲ ਚਾਂਦੀ ਦਦੇ ਤਗਮੇ, ਅੰਡਰ-17 ਮਿਕਸਡ ਡਬਲ ਵਿੱਚ ਸੋਨੇ ਦਾ ਤਗਮਾ ਅਤੇ ਸੀਨੀਅਰ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਇਸ ਤਰ੍ਹਾਂ ਮਨਸੀਰਤ ਕੌਰ ਨੇ ਵੱਖ-ਵੱਖ ਵਰਗਾਂ ਵਿੱਚ ਕੁੱਲ 7 ਤਗਮੇ ਜਿੱਤ ਕੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਅੰਡਰ-17 ਲੜਕਿਆਂ ਦੇ ਮੁਕਾਬਲਿਆਂ ਵਿੱਚ ਧੂਰੀ ਦੇ ਓਪਰਾਜ ਜੁਝਾਰ ਸਿੰਘ ਪੁੱਤਰ ਰੁਪਿੰਦਰ ਸਿੰਘ, ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿੰਗਲ ਅਤੇ ਡਬਲ ਮੁਕਾਬਲਿਆਂ ਵਿੱਚ ਕਾਂਸੀ ਦੇ ਤਗਮੇ ਹਾਸਲ ਕੀਤੇ।
ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਵੈਟਰਨ ਖਿਡਾਰੀ ਅਤੇ ਬੈਡਮਿੰਟਨ ਕੋਚ ਮੈਡਮ ਸਕੋਰਾ ਬੇਗਮ ਨੇ ਜੇਤੂ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਮੈਡਮ ਸਕੋਰਾ ਬੇਗਮ ਬੈਡਮਿੰਟਨ ਦੀ ਨੈਸ਼ਨਲ ਪੱਧਰ ਦੀ ਖਿਡਾਰਨ ਰਹਿ ਚੁੱਕੇ ਹਨ ਅਤੇ ਲਗਭਗ 62-63 ਸਾਲ ਦੀ ਉਮਰ ਵਿੱਚ ਵੀ ਬੈਡਮਿੰਟਨ ਖੇਡ ਨੂੰ ਸਮਰਪਿਤ ਹਨ। ਉਹ ਮਲੇਰਕੋਟਲਾ ਸਥਿਤ ਸੀਤਾ ਗਰਾਮਰ ਸਕੂਲ ਅਤੇ ਮਲੇਰਕੋਟਲਾ ਕਲੱਬ ਵਿਖੇ ਬੱਚਿਆਂ ਨੂੰ ਮੁਫ਼ਤ ਬੈਡਮਿੰਟਨ ਕੋਚਿੰਗ ਦੇ ਕੇ ਨੌਜਵਾਨ ਖਿਡਾਰੀਆਂ ਨੂੰ ਖੇਡਾਂ ਨਾਲ ਜੋੜਨ ਲਈ ਲਗਾਤਾਰ ਯਤਨਸ਼ੀਲ ਹਨ।
ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਅਤੇ ਖਿਡਾਰੀਆਂ ਨੂੰ ਮਿਹਨਤ, ਅਨੁਸ਼ਾਸਨ ਅਤੇ ਲਗਨ ਨਾਲ ਆਪਣੀ ਖੇਡ ਜਾਰੀ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਖਿਡਾਰੀਆਂ ਨੂੰ ਸਹੀ ਮਾਰਗਦਰਸ਼ਨ ਅਤੇ ਲਗਾਤਾਰ ਅਭਿਆਸ ਨਾਲ ਸੂਬਾ ਅਤੇ ਕੌਮੀ ਪੱਧਰ ’ਤੇ ਆਪਣੀ ਪਛਾਣ ਬਣਾਉਣ ਦੇ ਮੌਕੇ ਮਿਲ ਸਕਦੇ ਹਨ। ਜੇਤੂ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਲਈ ਉਪ ਕਪਤਾਨ ਪੁਲਿਸ, ਸੰਗਰੂਰ ਕਰਨੈਲ ਸਿੰਘ, ਬੈਡਮਿੰਟਨ ਕੋਚ ਮੈਡਮ ਸਕੋਰਾ ਬੇਗਮ ਅਤੇ ਕੋਚ ਪਰਮਿੰਦਰ ਸਿੰਘ ਵਿੱਕੀ ਵੱਲੋਂ ਹੋਣਹਾਰ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਸੂਬਾ ਅਤੇ ਕੌਮੀ ਪੱਧਰ ’ਤੇ ਹੋਰ ਵੱਡੀਆਂ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ ਗਿਆ।