ਨਵੀਂ ਦਿੱਲੀ, 13 ਅਗਸਤ, 2026 (ਹਰਸ਼ਪ੍ਰੀਤ ਕੌਰ) : ਦਿੱਲੀ ਪੁਲਿਸ ਨੇ ਸੋਸ਼ਲ ਮੀਡੀਆ ’ਤੇ ਚੱਲ ਰਹੇ ‘ਕੁਚੂ-ਪੁਚੂ’ ਟਰੈਂਡ ਨੂੰ ਅਪਣਾਉਂਦੇ ਹੋਏ ਲੋਕਾਂ ਨੂੰ ਚੀਨੀ ਡੋਰ ਦੀ ਵਰਤੋਂ ਤੋਂ ਬਚਣ ਦੀ ਅਪੀਲ ਕੀਤੀ ਹੈ। ਪੁਲਿਸ ਨੇ ਆਪਣੇ ਸੰਦੇਸ਼ ਨੂੰ ਹਲਕੇ-ਫੁਲਕੇ ਅਤੇ ਨੌਜਵਾਨਾਂ ਦੀ ਭਾਸ਼ਾ ਵਾਲੇ ਅੰਦਾਜ਼ ਵਿੱਚ ਪੇਸ਼ ਕੀਤਾ, ਤਾਂ ਜੋ ਸੁਰੱਖਿਆ ਸੰਬੰਧੀ ਸੁਨੇਹਾ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ। ਦਿੱਲੀ ਪੁਲਿਸ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਪਤੰਗਬਾਜ਼ਾਂ ਨੂੰ ਕਿਹਾ ਕਿ ਉਹ ਪਤੰਗਾਂ ਦਾ ਆਨੰਦ ਜ਼ਰੂਰ ਲੈਣ, ਪਰ ਪਾਬੰਦੀਸ਼ੁਦਾ ਚੀਨੀ ਅਤੇ ਪਲਾਸਟਿਕ ਡੋਰ ਦੀ ਵਰਤੋਂ ਨਾ ਕਰਨ। ਪੁਲਿਸ ਦਾ ਇਹ ਨਵਾਂ ਅੰਦਾਜ਼ ਲੋਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ ਅਤੇ ਕਈ ਯੂਜ਼ਰ ਇਸ ਨੂੰ ‘ਦਿੱਲੀ ਪੁਲਿਸ ਦਾ ਜੈੱਨ-ਜ਼ੀ ਮੋਡ’ ਕਰਾਰ ਦੇ ਰਹੇ ਹਨ।
ਪੁਲਿਸ ਨੇ ਚੇਤਾਵਨੀ ਦਿੱਤੀ ਕਿ ਸਿੰਥੈਟਿਕ ਅਤੇ ਪਲਾਸਟਿਕ ਡੋਰ ਇਨਸਾਨਾਂ ਦੇ ਨਾਲ-ਨਾਲ ਪੰਛੀਆਂ ਅਤੇ ਹੋਰ ਜਾਨਵਰਾਂ ਲਈ ਵੀ ਗੰਭੀਰ ਖ਼ਤਰਾ ਬਣ ਸਕਦੀ ਹੈ। ਇਸ ਦੀ ਧਾਰ ਕਾਰਨ ਸੜਕਾਂ ’ਤੇ ਸਫ਼ਰ ਕਰਨ ਵਾਲੇ ਲੋਕ ਜ਼ਖ਼ਮੀ ਹੋ ਸਕਦੇ ਹਨ ਅਤੇ ਪੰਛੀਆਂ ਦੀ ਜਾਨ ਵੀ ਜਾ ਸਕਦੀ ਹੈ। ਇਸ ਦੌਰਾਨ ਪੁਲਿਸ ਵੱਲੋਂ ਚੀਨੀ ਡੋਰ ਖ਼ਿਲਾਫ਼ ਕਾਰਵਾਈ ਵੀ ਜਾਰੀ ਹੈ। ਹਾਲ ਹੀ ਵਿੱਚ ਕ੍ਰਾਈਮ ਬ੍ਰਾਂਚ ਨੇ ਛਾਪੇਮਾਰੀ ਦੌਰਾਨ 1,300 ਤੋਂ ਵੱਧ ਚਰਖੜੀਆਂ ਬਰਾਮਦ ਕੀਤੀਆਂ, ਜਦਕਿ ਕੇਂਦਰੀ ਦਿੱਲੀ ਪੁਲਿਸ ਨੇ ਵੀ ਲਗਭਗ 120 ਚਰਖੜੀਆਂ ਜ਼ਬਤ ਕੀਤੀਆਂ।
ਦਿੱਲੀ ਪੁਲਿਸ ਦੀ ਪੋਸਟ ’ਤੇ ਸੋਸ਼ਲ ਮੀਡੀਆ ਯੂਜ਼ਰਾਂ ਵੱਲੋਂ ਦਿਲਚਸਪ ਪ੍ਰਤੀਕਿਰਿਆਵਾਂ ਵੀ ਸਾਹਮਣੇ ਆਈਆਂ। ਕਈ ਲੋਕਾਂ ਨੇ ਪੁਲਿਸ ਦੇ ਇਸ ਅੰਦਾਜ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰੀ ਵਿਭਾਗ ਹੁਣ ਨੌਜਵਾਨਾਂ ਨਾਲ ਜੁੜਨ ਲਈ ਸੋਸ਼ਲ ਮੀਡੀਆ ਦੇ ਨਵੇਂ ਟਰੈਂਡਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਰਤ ਰਹੇ ਹਨ। ਹਾਲਾਂਕਿ ਸੰਦੇਸ਼ ਦਾ ਅੰਦਾਜ਼ ਮਜ਼ਾਕੀਆ ਹੈ, ਪਰ ਚੀਨੀ ਡੋਰ ਨੂੰ ਲੈ ਕੇ ਪੁਲਿਸ ਦੀ ਚੇਤਾਵਨੀ ਗੰਭੀਰ ਹੈ। ਪਿਛਲੇ ਸਮੇਂ ਵਿੱਚ ਇਸ ਡੋਰ ਕਾਰਨ ਲੋਕਾਂ ਦੇ ਜ਼ਖ਼ਮੀ ਹੋਣ ਅਤੇ ਜਾਨਾਂ ਜਾਣ ਦੀਆਂ ਘਟਨਾਵਾਂ ਵੀ ਸਾਹਮਣੇ ਆ ਚੁੱਕੀਆਂ ਹਨ। ਇਸ ਲਈ ਪੁਲਿਸ ਨੇ ਲੋਕਾਂ ਨੂੰ ਸੁਰੱਖਿਅਤ ਅਤੇ ਮਨਜ਼ੂਰਸ਼ੁਦਾ ਡੋਰ ਨਾਲ ਹੀ ਪਤੰਗ ਉਡਾਉਣ ਦੀ ਅਪੀਲ ਕੀਤੀ ਹੈ।






