Homeਸੰਸਾਰਕੈਨੇਡਾ 'ਚ ਪੰਜਾਬ ਦੀ ਧੀ ਦੀ ਮੌਤ, ਸਾਥੀ 'ਤੇ ਕਤਲ ਦਾ ਕੇਸ...

ਕੈਨੇਡਾ ‘ਚ ਪੰਜਾਬ ਦੀ ਧੀ ਦੀ ਮੌਤ, ਸਾਥੀ ‘ਤੇ ਕਤਲ ਦਾ ਕੇਸ ਦਰਜ

ਕੈਨੇਡਾ:24 ਜੁਲਾਈ (ਛਤਰਪਾਲ ਸਿੰਘ):ਕੈਨੇਡਾ ਦੇ ਐਡਮੰਟਨ ਸ਼ਹਿਰ ਵਿੱਚ ਰਹਿ ਰਹੀ ਪੰਜਾਬ ਦੀ ਇੱਕ ਨੌਜਵਾਨ ਲੜਕੀ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਉਸ ਦੇ ਲਿਵ-ਇਨ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਜਾਂਚ ਮੁਤਾਬਕ ਨਜ਼ਦੀਕੀ ਸਾਥੀਆਂ ਵਿਚਾਲੇ ਹੋਏ ਇੱਕ ਵਿਵਾਦ ਦੌਰਾਨ ਲੜਕੀ ਦਾ ਗਲਾ ਘੁੱਟਿਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਮ੍ਰਿਤਕਾ ਦੀ ਪਛਾਣ 23 ਸਾਲਾ ਦਮਨਪ੍ਰੀਤ ਕੌਰ ਵਜੋਂ ਹੋਈ ਹੈ, ਜੋ ਪੰਜਾਬ ਦੇ ਸਮਰਾਲਾ ਖੇਤਰ ਨਾਲ ਸਬੰਧਤ ਸੀ। ਦੋਸ਼ੀ 22 ਸਾਲਾ ਰਿਤੇਸ਼ ਕੁਮਾਰ ਦਿੱਲੀ ਦਾ ਵਸਨੀਕ ਦੱਸਿਆ ਗਿਆ ਹੈ। ਉਸ ਖ਼ਿਲਾਫ਼ ਸੈਕਿੰਡ-ਡਿਗਰੀ ਮਰਡਰ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਦਮਨਪ੍ਰੀਤ ਲਗਭਗ ਪੰਜ ਸਾਲ ਪਹਿਲਾਂ ਉੱਚ ਸਿੱਖਿਆ ਲਈ ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਸੀ। ਪੜ੍ਹਾਈ ਦੌਰਾਨ ਉਸ ਦੀ ਜਾਣ-ਪਛਾਣ ਰਿਤੇਸ਼ ਨਾਲ ਹੋਈ ਅਤੇ ਸਮੇਂ ਦੇ ਨਾਲ ਦੋਵੇਂ ਇਕੱਠੇ ਰਹਿਣ ਲੱਗ ਪਏ। ਹਾਲਾਂਕਿ ਉਨ੍ਹਾਂ ਦੇ ਲਿਵ-ਇਨ ਰਿਸ਼ਤੇ ਦੀ ਮਿਆਦ ਬਾਰੇ ਅਧਿਕਾਰਿਕ ਜਾਣਕਾਰੀ ਸਾਹਮਣੇ ਨਹੀਂ ਆਈ।

ਐਡਮੰਟਨ ਪੁਲਿਸ ਨੂੰ 9 ਜੁਲਾਈ ਦੀ ਸ਼ਾਮ ਸਿਲਵਰਬੈਰੀ ਇਲਾਕੇ ਦੇ ਇੱਕ ਘਰ ਤੋਂ ਐਮਰਜੈਂਸੀ ਕਾਲ ਮਿਲੀ ਸੀ। ਮੌਕੇ ‘ਤੇ ਪਹੁੰਚੀ ਪੁਲਿਸ ਅਤੇ ਪੈਰਾਮੈਡਿਕ ਟੀਮ ਨੇ ਦਮਨਪ੍ਰੀਤ ਨੂੰ ਬੇਹੋਸ਼ ਹਾਲਤ ਵਿੱਚ ਲੱਭਿਆ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਇਲਾਜ ਦੌਰਾਨ 12 ਜੁਲਾਈ ਨੂੰ ਉਸ ਨੇ ਦਮ ਤੋੜ ਦਿੱਤਾ।

14 ਜੁਲਾਈ ਨੂੰ ਹੋਏ ਪੋਸਟਮਾਰਟਮ ਤੋਂ ਬਾਅਦ ਮੈਡੀਕਲ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਮੌਤ ਦਾ ਕਾਰਨ ਗਲਾ ਘੁੱਟਣਾ ਸੀ ਅਤੇ ਇਹ ਕੁਦਰਤੀ ਮੌਤ ਨਹੀਂ ਸੀ। ਇਸ ਤੋਂ ਬਾਅਦ ਕਤਲ-ਜਾਂਚ ਵਿਭਾਗ ਨੇ ਜਾਂਚ ਤੇਜ਼ ਕਰਦਿਆਂ 22 ਜੁਲਾਈ ਨੂੰ ਰਿਤੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ।

ਪੁਲਿਸ ਦਾ ਕਹਿਣਾ ਹੈ ਕਿ ਇਹ ਨਜ਼ਦੀਕੀ ਸਾਥੀ ਵੱਲੋਂ ਕੀਤੀ ਗਈ ਹਿੰਸਾ ਦਾ ਮਾਮਲਾ ਹੈ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਸ ਕੇਸ ਵਿੱਚ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਸਾਹਮਣੇ ਨਹੀਂ ਆਈ ਅਤੇ ਨਾ ਹੀ ਕਿਸੇ ਹੋਰ ਸ਼ੱਕੀ ਦੀ ਭਾਲ ਕੀਤੀ ਜਾ ਰਹੀ ਹੈ।

ਦਮਨਪ੍ਰੀਤ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਐਡਮੰਟਨ ਵਿੱਚ ਨੌਕਰੀ ਕਰ ਰਹੀ ਸੀ। ਕੈਨੇਡੀਅਨ ਮੀਡੀਆ ਰਿਪੋਰਟਾਂ ਮੁਤਾਬਕ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਅਤੇ ਅੰਤਿਮ ਸੰਸਕਾਰ ਨਾਲ ਜੁੜੇ ਖਰਚਿਆਂ ਲਈ ਆਨਲਾਈਨ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਪਰਿਵਾਰ ਇਸ ਵੇਲੇ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਦੀ ਪ੍ਰਕਿਰਿਆ ਜਾਰੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਕਿਸੇ ਸਰਕਾਰੀ ਜਾਂ ਦੂਤਾਵਾਸੀ ਮਦਦ ਬਾਰੇ ਜਾਣਕਾਰੀ ਨਹੀਂ ਮਿਲੀ। ਇਸ ਦਰਮਿਆਨ, ਅਦਾਲਤ ਵਿੱਚ ਕੇਸ ਦੀ ਅਗਲੀ ਸੁਣਵਾਈ ਦੌਰਾਨ ਦੋਸ਼ੀ ਖ਼ਿਲਾਫ਼ ਕਾਨੂੰਨੀ ਕਾਰਵਾਈ ਅੱਗੇ ਵਧੇਗੀ।

RELATED ARTICLES
- Advertisment -
Google search engine
Google search engine
Google search engine

Most Popular

Recent Comments