ਨਿਊਯਾਰਕ:18 ਜੁਲਾਈ (ਛਤਰਪਾਲ ਸਿੰਘ):ਨਿਊਯਾਰਕ ਦੇ ਮੇਅਰ ਜੋਹਰਾਨ ਮਮਦਾਨੀ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਸੰਭਾਵਿਤ ਨਿਊਯਾਰਕ ਦੌਰੇ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਮਮਦਾਨੀ ਨੇ ਕਿਹਾ ਹੈ ਕਿ ਉਹ ਇਸ ਗੱਲ ਬਾਰੇ ਕਾਨੂੰਨੀ ਸਲਾਹ ਲੈ ਰਹੇ ਹਨ ਕਿ ਕੀ ਸ਼ਹਿਰ ਪ੍ਰਸ਼ਾਸਨ ਕੋਲ ਨੇਤਨਯਾਹੂ ਖ਼ਿਲਾਫ਼ ਕੋਈ ਕਾਰਵਾਈ ਕਰਨ ਦਾ ਅਧਿਕਾਰ ਹੈ ਜਾਂ ਨਹੀਂ।
ਇੱਕ ਇੰਟਰਵਿਊ ਦੌਰਾਨ ਮਮਦਾਨੀ ਨੇ ਕਿਹਾ ਕਿ ਉਨ੍ਹਾਂ ਦੀ ਨਜ਼ਰ ਵਿੱਚ ਨੇਤਨਯਾਹੂ ਨੂੰ ਅੰਤਰਰਾਸ਼ਟਰੀ ਅਦਾਲਤ ਦਾ ਸਾਹਮਣਾ ਕਰਨਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅੰਤਰਰਾਸ਼ਟਰੀ ਅਪਰਾਧ ਅਦਾਲਤ (ICC) ਵੱਲੋਂ ਲਗਾਏ ਗਏ ਦੋਸ਼ਾਂ ਦੇ ਮੱਦੇਨਜ਼ਰ ਇਹ ਮੁੱਦਾ ਗੰਭੀਰ ਹੈ ਅਤੇ ਇਸ ਬਾਰੇ ਕਾਨੂੰਨੀ ਪ੍ਰਕਿਰਿਆ ਨੂੰ ਸਮਝਣਾ ਜ਼ਰੂਰੀ ਹੈ।
ਮੇਅਰ ਨੇ ਸਪੱਸ਼ਟ ਕੀਤਾ ਕਿ ਉਹ ਕੋਈ ਵੀ ਕਦਮ ਸਿਰਫ਼ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੀ ਚੁੱਕਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕਾਨੂੰਨੀ ਮਾਹਿਰਾਂ ਨਾਲ ਸਲਾਹ-ਮਸ਼ਵਰਾ ਜਾਰੀ ਹੈ ਅਤੇ ਜੋ ਵੀ ਕਾਨੂੰਨ ਇਜਾਜ਼ਤ ਦੇਵੇਗਾ, ਉਸੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਮਮਦਾਨੀ ਦੇ ਬਿਆਨ ਤੋਂ ਬਾਅਦ ਇਜ਼ਰਾਈਲ ਵੱਲੋਂ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ। ਸੰਯੁਕਤ ਰਾਸ਼ਟਰ ਵਿੱਚ ਇਜ਼ਰਾਈਲ ਦੇ ਰਾਜਦੂਤ ਡੈਨੀ ਡੈਨਨ ਨੇ ਕਿਹਾ ਕਿ ਨਿਊਯਾਰਕ ਦੇ ਮੇਅਰ ਨੂੰ ਸ਼ਹਿਰ ਦੀਆਂ ਸਮੱਸਿਆਵਾਂ ਅਤੇ ਵਧ ਰਹੇ ਯਹੂਦੀ ਵਿਰੋਧੀ ਮਾਮਲਿਆਂ ‘ਤੇ ਧਿਆਨ ਦੇਣਾ ਚਾਹੀਦਾ ਹੈ, ਨਾ ਕਿ ਇਜ਼ਰਾਈਲ ਖ਼ਿਲਾਫ਼ ਰਾਜਨੀਤਿਕ ਬਿਆਨਬਾਜ਼ੀ ਕਰਨੀ ਚਾਹੀਦੀ ਹੈ।
ਡੈਨਨ ਨੇ ਕਿਹਾ ਕਿ ਨੇਤਨਯਾਹੂ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰਨ ਲਈ ਨਿਊਯਾਰਕ ਜ਼ਰੂਰ ਆਉਣਗੇ ਅਤੇ ਇਜ਼ਰਾਈਲ ਦੇ ਸੁਰੱਖਿਆ ਅਧਿਕਾਰਾਂ ਦੀ ਵਕਾਲਤ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਬਿਆਨ ਇਜ਼ਰਾਈਲ ਦੀ ਨੀਤੀ ਜਾਂ ਉਸਦੇ ਨੇਤਾਵਾਂ ਦੇ ਦੌਰਿਆਂ ‘ਤੇ ਕੋਈ ਅਸਰ ਨਹੀਂ ਪਾਉਣਗੇ।
ਇਸ ਤੋਂ ਪਹਿਲਾਂ ਵੀ ਨੇਤਨਯਾਹੂ ਅਤੇ ਮਮਦਾਨੀ ਵਿਚਾਲੇ ਬਿਆਨਾਂ ਦੀ ਜੰਗ ਦੇਖਣ ਨੂੰ ਮਿਲੀ ਸੀ। ਹਾਲ ਹੀ ਵਿੱਚ ਨੇਤਨਯਾਹੂ ਨੇ ਇੱਕ ਰੇਡੀਓ ਇੰਟਰਵਿਊ ਦੌਰਾਨ ਮਮਦਾਨੀ ਦੀਆਂ ਨੀਤੀਆਂ ਅਤੇ ਵਿਚਾਰਾਂ ਦੀ ਖੁੱਲ੍ਹੀ ਆਲੋਚਨਾ ਕੀਤੀ ਸੀ।
ਯੂਐਨ ਮਹਾਸਭਾ ਤੋਂ ਪਹਿਲਾਂ ਇਹ ਵਿਵਾਦ ਹੁਣ ਅੰਤਰਰਾਸ਼ਟਰੀ ਰਾਜਨੀਤੀ ਅਤੇ ਕੂਟਨੀਤੀ ਵਿੱਚ ਚਰਚਾ ਦਾ ਕੇਂਦਰ ਬਣ ਗਿਆ ਹੈ।







