ਟੋਰਾਂਟੋ:18 ਜੁਲਾਈ (ਛਤਰਪਾਲ ਸਿੰਘ):ਕੈਨੇਡਾ ਦੇ ਵਿੰਡਸਰ ਸ਼ਹਿਰ ਵਿੱਚ ਇੱਕ ਸਿੱਖ ਸੋਸ਼ਲ ਮੀਡੀਆ ਇਨਫਲੂਐਂਸਰ ਨਾਲ ਵਾਪਰੀ ਘਟਨਾ ਚਰਚਾ ਦਾ ਵਿਸ਼ਾ ਬਣ ਗਈ ਹੈ। ਸਿੱਖ ਇਨਫਲੂਐਂਸਰ ਗੁਰਪ੍ਰਤਾਪ ਸਿੰਘ ਖਾਲਸਾ ਨੇ ਦਾਅਵਾ ਕੀਤਾ ਹੈ ਕਿ ਕਿਰਪਾਨ ਧਾਰਨ ਕਰਨ ਕਾਰਨ ਉਸ ਨੂੰ ਇੱਕ ਜਿੰਮ ਵਿੱਚੋਂ ਬਾਹਰ ਜਾਣ ਲਈ ਕਿਹਾ ਗਿਆ, ਜਿਸ ਨੂੰ ਉਸ ਨੇ ਧਾਰਮਿਕ ਵਿਤਕਰਾ ਕਰਾਰ ਦਿੱਤਾ ਹੈ।
ਗੁਰਪ੍ਰਤਾਪ ਸਿੰਘ ਖਾਲਸਾ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿੱਚ ਉਹ ਜਿੰਮ ਦੇ ਕਰਮਚਾਰੀਆਂ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਹ ਜਿੰਮ ਵਿੱਚ ਕਸਰਤ ਕਰ ਰਹੇ ਸਨ ਤਾਂ ਇੱਕ ਕਰਮਚਾਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਕਿਸੇ ਹੋਰ ਮੈਂਬਰ ਨੇ ਉਨ੍ਹਾਂ ਦੀ ਕਿਰਪਾਨ ਬਾਰੇ ਇਤਰਾਜ਼ ਜਤਾਇਆ ਹੈ।
ਇਨਫਲੂਐਂਸਰ ਦੇ ਮੁਤਾਬਕ ਕਰਮਚਾਰੀ ਨੇ ਕਿਰਪਾਨ ਨੂੰ ਹਥਿਆਰ ਦੱਸਦੇ ਹੋਏ ਉਨ੍ਹਾਂ ਨੂੰ ਜਿੰਮ ਛੱਡਣ ਲਈ ਕਿਹਾ। ਇਸ ਦੌਰਾਨ ਗੁਰਪ੍ਰਤਾਪ ਸਿੰਘ ਨੇ ਸਵਾਲ ਉਠਾਇਆ ਕਿ ਕੀ ਉਨ੍ਹਾਂ ਨਾਲ ਸਿਰਫ਼ ਸਿੱਖ ਹੋਣ ਕਰਕੇ ਵੱਖਰਾ ਵਿਵਹਾਰ ਕੀਤਾ ਜਾ ਰਿਹਾ ਹੈ।
ਇਸ ਘਟਨਾ ਤੋਂ ਬਾਅਦ ਮਾਮਲਾ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਫੈਲ ਗਿਆ, ਜਿੱਥੇ ਕਈ ਲੋਕਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਸਿੱਖ ਭਾਈਚਾਰੇ ਅਤੇ ਵੱਖ-ਵੱਖ ਧਾਰਮਿਕ ਸੰਸਥਾਵਾਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਚਿੰਤਾ ਜ਼ਾਹਰ ਕੀਤੀ ਹੈ ਅਤੇ ਧਾਰਮਿਕ ਅਜ਼ਾਦੀ ਦੇ ਸਨਮਾਨ ਦੀ ਗੱਲ ਕੀਤੀ ਹੈ।
ਫਿਲਹਾਲ ਜਿੰਮ ਪ੍ਰਬੰਧਨ ਵੱਲੋਂ ਇਸ ਘਟਨਾ ਸਬੰਧੀ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। ਮਾਮਲੇ ਨੂੰ ਲੈ ਕੇ ਚਰਚਾ ਜਾਰੀ ਹੈ ਅਤੇ ਵਾਇਰਲ ਵੀਡੀਓ ਨੇ ਕੈਨੇਡਾ ਵਿੱਚ ਧਾਰਮਿਕ ਪਹਿਚਾਣ ਅਤੇ ਅਧਿਕਾਰਾਂ ਬਾਰੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ।








