Homeਪਟਿਆਲਾ ਅਪਡੇਟ22 ਅਕਤੂਬਰ ਦੀ ਸਿੰਡੀਕੇਟ ਮੀਟਿੰਗ ’ਤੇ ਟਿਕੀਆਂ ਕੰਟਰੈਕਟ ਅਧਿਆਪਕਾਂ ਦੀਆਂ ਨਜ਼ਰਾਂ, ਯੂ.ਜੀ.ਸੀ....

22 ਅਕਤੂਬਰ ਦੀ ਸਿੰਡੀਕੇਟ ਮੀਟਿੰਗ ’ਤੇ ਟਿਕੀਆਂ ਕੰਟਰੈਕਟ ਅਧਿਆਪਕਾਂ ਦੀਆਂ ਨਜ਼ਰਾਂ, ਯੂ.ਜੀ.ਸੀ. ਰੈਗੂਲੇਸ਼ਨਜ਼-2018 ਅਨੁਸਾਰ ਤਨਖ਼ਾਹਾਂ ਦੇਣ ਲਈ ਹੱਲ ਕੱਢਣ ਦੀ ਉਮੀਦ; ਪੁਕਟਾ ਵੱਲੋਂ ਰਜਿਸਟਰਾਰ ਅਤੇ ਵੀ.ਸੀ. ਦਫ਼ਤਰਾਂ ਅੱਗੇ ਨਾਅਰੇਬਾਜ਼ੀ

PUKTA Protests for UGC Regulations-2018 Salaries Ahead of October 22 Syndicate Meeting

ਪਟਿਆਲਾ, 19 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ ) : ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰਜ਼ ਐਸੋਸੀਏਸ਼ਨ (ਪੁਕਟਾ) ਵੱਲੋਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਚਲਾਏ ਜਾ ਰਹੇ ਸੰਘਰਸ਼ ਦੌਰਾਨ ਉਸ ਸਮੇਂ ਨਵੀਂ ਉਮੀਦ ਜਾਗੀ, ਜਦੋਂ ਧਰਨੇ ’ਤੇ ਬੈਠੇ ਅਧਿਆਪਕਾਂ ਨੂੰ ਯੂਨੀਵਰਸਿਟੀ ਦੇ ਇੱਕ ਅਧਿਕਾਰੀ ਤੋਂ ਜਾਣਕਾਰੀ ਮਿਲੀ ਕਿ 22 ਅਕਤੂਬਰ ਨੂੰ ਹੋਣ ਵਾਲੀ ਸਿੰਡੀਕੇਟ ਮੀਟਿੰਗ ਵਿੱਚ ਉਨ੍ਹਾਂ ਦੀਆਂ ਮੰਗਾਂ ਨਾਲ ਸਬੰਧਤ ਮਾਮਲਾ ਵਿਚਾਰ ਲਈ ਲਿਆਂਦਾ ਜਾਵੇਗਾ। ਇਸ ਦੀ ਪੁਸ਼ਟੀ ਕਰਦਿਆਂ ਪੁਕਟਾ ਦੇ ਮੀਡੀਆ ਸਲਾਹਕਾਰ ਡਾ. ਤੇਜਿੰਦਰ ਪਾਲ ਸਿੰਘ ਨੇ ਕਿਹਾ ਕਿ ਬੇਸ਼ੱਕ ਯੂਨੀਵਰਸਿਟੀ ਵੱਲੋਂ ਆਗਾਮੀ 22 ਅਕਤੂਬਰ ਨੂੰ ਹੋਣ ਵਾਲੀ ਸਿੰਡੀਕੇਟ ਦੀ ਮੀਟਿੰਗ ਵਿੱਚ ਸਾਡਾ ਮੁੱਦਾ ਚੁੱਕਿਆ ਜਾਵੇਗਾ ਪਰ ਭਰੋਸੇਯੋਗ ਸੂਤਰਾਂ ਅਨੁਸਾਰ ਪ੍ਰਸ਼ਾਸਨ ਵੱਲੋਂ ਅਜਿਹਾ ਵਿਚਲਾ ਰਾਹ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਰਾਹੀਂ ਯੂ.ਜੀ.ਸੀ. ਰੈਗੂਲੇਸ਼ਨਜ਼-2018 ਅਨੁਸਾਰ ਕੰਟਰੈਕਟ ਅਧਿਆਪਕਾਂ ਨੂੰ ਤਨਖ਼ਾਹਾਂ ਅਤੇ ਬਣਦੇ ਵਿੱਤੀ ਲਾਭ ਨਾ ਦਿੱਤੇ ਜਾ ਸਕਣ। ਇਸ ਲਈ ਰੋਸ ਵਜੋਂ ਅਜ ਪੁਕਟਾ ਵੱਲੋਂ ਰਜਿਸਟਰਾਰ ਦਫ਼ਤਰ ਅਤੇ ਉਪ-ਕੁਲਪਤੀ ਦਫ਼ਤਰ ਦੇ ਬਾਹਰ ਰੈਲੀ ਕਰਕੇ ਨਾਅਰੇਬਾਜ਼ੀ ਕੀਤੀ ਗਈ। ਅਧਿਆਪਕਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਲੰਮੇ ਸਮੇਂ ਤੋਂ ਲਟਕ ਰਹੇ ਮਸਲਿਆਂ ਦਾ ਤੁਰੰਤ ਹੱਲ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਬਣਦੇ ਸੇਵਾ-ਲਾਭ ਦਿੱਤੇ ਜਾਣ।

ਪੁਕਟਾ ਦੇ ਸਾਬਕਾ ਪ੍ਰਧਾਨ ਡਾ. ਦਲਬੀਰ ਸਿੰਘ ਨੇ ਕਿਹਾ ਕਿ ਕੰਟਰੈਕਟ ਅਧਿਆਪਕਾਂ ਨੇ ਯੂਨੀਵਰਸਿਟੀ ਦੀ ਵਿਦਿਅਕ ਪ੍ਰਣਾਲੀ ਨੂੰ ਚਲਾਉਣ ਵਿੱਚ ਲੰਮੇ ਸਮੇਂ ਤੋਂ ਅਹਿਮ ਯੋਗਦਾਨ ਪਾਇਆ ਹੈ। ਇਸ ਲਈ ਉਨ੍ਹਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰਨਾ ਅਧਿਆਪਕ ਵਰਗ ਦੇ ਮਨੋਬਲ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਅਧਿਆਪਕਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਅਜਿਹਾ ਹੱਲ ਕੱਢਣਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਨੂੰ ਬਣਦੇ ਲਾਭ ਮਿਲ ਸਕਣ ਅਤੇ ਵਿਦਿਅਕ ਮਾਹੌਲ ਵੀ ਸੁਖਾਵਾਂ ਬਣੇ।
ਪੁਕਟਾ ਦੇ ਕਾਨੂੰਨੀ ਸਲਾਹਕਾਰ ਪ੍ਰੋ. ਸੁਰਿੰਦਰ ਸਿੰਘ ਨੇ ਕਿਹਾ ਕਿ ਕੰਟਰੈਕਟ ਅਧਿਆਪਕਾਂ ਦੀਆਂ ਮੰਗਾਂ ’ਤੇ ਵਿਚਾਰ ਕਰਦਿਆਂ ਯੂ.ਜੀ.ਸੀ. ਰੈਗੂਲੇਸ਼ਨਜ਼-2018, ਲਾਗੂ ਨਿਯਮਾਂ ਅਤੇ ਸਬੰਧਤ ਅਦਾਲਤੀ ਫ਼ੈਸਲਿਆਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਸਿੰਡੀਕੇਟ ਮੀਟਿੰਗ ਵਿੱਚ ਮਾਮਲਾ ਵਿਚਾਰਨ ਸਮੇਂ ਸਾਰੇ ਕਾਨੂੰਨੀ ਅਤੇ ਸੇਵਾ-ਸਬੰਧੀ ਪੱਖਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਣਾ ਚਾਹੀਦਾ ਹੈ, ਤਾਂ ਜੋ ਅਧਿਆਪਕਾਂ ਦੀਆਂ ਮੰਗਾਂ ਦਾ ਢੁੱਕਵਾਂ ਹੱਲ ਨਿਕਲ ਸਕੇ। ਪੁਕਟਾ ਆਗੂਆਂ ਨੇ ਉਮੀਦ ਪ੍ਰਗਟਾਈ ਕਿ 22 ਅਕਤੂਬਰ ਦੀ ਸਿੰਡੀਕੇਟ ਮੀਟਿੰਗ ਵਿੱਚ ਕੰਟਰੈਕਟ ਅਧਿਆਪਕਾਂ ਦੇ ਮਸਲਿਆਂ ਬਾਰੇ ਸਕਾਰਾਤਮਕ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਕੱਲ੍ਹ ਯੂਨੀਵਰਸਿਟੀ ਅਧਿਕਾਰੀਆਂ ਦੇ ਪੁਤਲੇ ਫੂਕੇ ਕੇ ਰੋਸ ਮੁਜ਼ਾਹਰਾ ਕੀਤਾ ਜਾਵੇਗਾI ਉਹਨਾਂ ਕਿਹਾ ਕਿ ਜਦੋਂ ਤੱਕ ਮੰਗਾਂ ਸਬੰਧੀ ਠੋਸ ਫ਼ੈਸਲਾ ਨਹੀਂ ਲਿਆ ਜਾਂਦਾ ਅਤੇ ਉਸ ਨੂੰ ਲਾਗੂ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।

RELATED ARTICLES
- Advertisment -
Google search engine
Google search engine
Google search engine

Most Popular

Recent Comments