ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਮਿਹਨਤ, ਲਗਨ ਅਤੇ ਅਨੁਸ਼ਾਸਨ ਜਿੰਨੇ ਜ਼ਰੂਰੀ ਹਨ, ਉੱਨਾ ਹੀ ਮਹੱਤਵ ਉਨ੍ਹਾਂ ਲੋਕਾਂ ਦਾ ਵੀ ਹੈ, ਜਿਹੜੇ ਸਾਡੀ ਸੋਚ ਨੂੰ ਨਿਖਾਰਦੇ, ਸਾਡੇ ਹੌਸਲੇ ਨੂੰ ਮਜ਼ਬੂਤ ਕਰਦੇ ਅਤੇ ਸਾਡੀਆਂ ਕਮੀਆਂ ਤੋਂ ਜਾਣੂ ਕਰਵਾਉਂਦੇ ਹਨ। ਇਨਸਾਨ ਭਾਵੇਂ ਆਪਣੀ ਮੰਜ਼ਿਲ ਦਾ ਰਾਹ ਖ਼ੁਦ ਤੈਅ ਕਰਦਾ ਹੈ, ਪਰ ਸਹੀ ਸਾਥ ਉਸ ਦੇ ਸਫ਼ਰ ਨੂੰ ਵਧੇਰੇ ਸੁਚੱਜਾ ਅਤੇ ਸਾਰਥਕ ਬਣਾ ਸਕਦਾ ਹੈ।
ਪਹਿਲਾ ਸਾਥੀ ਉਹ ਹੈ, ਜਿਸ ਤੋਂ ਅਸੀਂ ਸਿੱਖਦੇ ਹਾਂ। ਇਹ ਸਾਥੀ ਸਾਡਾ ਅਧਿਆਪਕ, ਮਾਪਾ, ਦੋਸਤ, ਸਾਡੇ ਨਾਲ ਕੰਮ ਕਰਨ ਵਾਲਾ ਸਾਥੀ ਜਾਂ ਕੋਈ ਤਜਰਬੇਕਾਰ ਹੋ ਸਕਦਾ ਹੈ। ਉਸ ਦੀ ਖ਼ਾਸੀਅਤ ਸਿਰਫ਼ ਗਿਆਨ ਦੇਣਾ ਨਹੀਂ, ਸਗੋਂ ਸਾਨੂੰ ਸਵਾਲ ਪੁੱਛਣ, ਤਰਕ ਕਰਨ ਅਤੇ ਆਪਣੀਆਂ ਗ਼ਲਤੀਆਂ ਤੋਂ ਸਿੱਖਣ ਦੇ ਯੋਗ ਬਣਾਉਣਾ ਹੈ। ਸਿੱਖਣ ਦੀ ਕੰਮ ਕਿਸੇ ਉਮਰ, ਅਹੁਦੇ ਜਾਂ ਡਿਗਰੀ ਦੀ ਮੁਹਤਾਜ ਨਹੀਂ। ਜਿਹੜਾ ਵਿਅਕਤੀ ਇਹ ਮੰਨ ਲੈਂਦਾ ਹੈ ਕਿ ਉਸ ਨੂੰ ਸਭ ਕੁਝ ਆਉਂਦਾ ਹੈ, ਉਹ ਆਪਣੀ ਤਰੱਕੀ ਦੇ ਰਾਹ ਆਪ ਬੰਦ ਕਰ ਲੈਂਦਾ ਹੈ।
ਦੂਜਾ ਸਾਥੀ ਉਹ ਹੈ, ਜਿਸ ਨੂੰ ਸਾਡੀ ਸਮਰੱਥਾ ਉੱਤੇ ਭਰੋਸਾ ਹੁੰਦਾ ਹੈ। ਜਦੋਂ ਅਸੀਂ ਖ਼ੁਦ ਸ਼ੱਕ ਅਤੇ ਦੁਚਿੱਤੀ ਵਿੱਚ ਘਿਰੇ ਹੁੰਦੇ ਹਾਂ, ਉਦੋਂ ਕਿਸੇ ਦਾ ਇਹ ਕਹਿਣਾ ਕਿ ‘ਮੈਨੂੰ ਤੇਰੇ ’ਤੇ ਭਰੋਸਾ ਹੈ, ਤੂੰ ਕੋਸ਼ਿਸ਼ ਕਰ’ ਸਾਡੇ ਅੰਦਰ ਨਵਾਂ ਹੌਸਲਾ ਪੈਦਾ ਕਰ ਸਕਦਾ ਹੈ। ਅਜਿਹਾ ਵਿਅਕਤੀ ਸਾਡੀਆਂ ਸਾਰੀਆਂ ਗ਼ਲਤੀਆਂ ਨੂੰ ਸਹੀ ਨਹੀਂ ਠਹਿਰਾਉਂਦਾ, ਬਲਕਿ ਸਾਡੀ ਕਾਬਲੀਅਤ ਨੂੰ ਪਛਾਣਦਿਆਂ ਸਾਨੂੰ ਜ਼ਿੰਮੇਵਾਰੀ ਨਿਭਾਉਣ ਦਾ ਮੌਕਾ ਦਿੰਦਾ ਹੈ। ਭਰੋਸੇ ਦਾ ਅਸਲ ਅਰਥ ਅੰਨ੍ਹਾ ਸਮਰਥਨ ਨਹੀਂ, ਸਗੋਂ ਸੱਚਾਈ ਦੇ ਨਾਲ ਖੜ੍ਹਨਾ ਹੈ।
ਤੀਜਾ ਸਾਥੀ ਉਹ ਹੈ, ਜੋ ਸਾਨੂੰ ਮੁਕਾਬਲਾ ਦਿੰਦਾ ਹੈ। ਉਹ ਸਾਡੀਆਂ ਕਮੀਆਂ ਵੱਲ ਧਿਆਨ ਦਿਵਾਉਂਦਾ ਹੈ, ਸਾਡੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਾ ਹੈ ਅਤੇ ਸਾਨੂੰ ਆਪਣੀਆਂ ਹੱਦਾਂ ਤੋਂ ਅੱਗੇ ਵਧਣ ਲਈ ਉਤਸ਼ਾਹਿਤ ਕਰਦਾ ਹੈ। ਪਰ ਇੱਥੇ ਇੱਕ ਫ਼ਰਕ ਸਮਝਣਾ ਜ਼ਰੂਰੀ ਹੈ, ਅੱਗੇ ਵਧਣ ਦੀ ਨੁਕਤਾਚੀਨੀ ਅਤੇ ਬੇਜ਼ਤੀ ਇੱਕੋ ਚੀਜ਼ ਨਹੀਂ ਹਨ। ਜਿਹੜਾ ਇਨਸਾਨ ਸਾਡੀ ਗ਼ਲਤੀ ਦੱਸ ਕੇ ਸੁਧਰਨ ਦਾ ਰਾਹ ਵੀ ਦਿਖਾਉਂਦਾ ਹੈ, ਉਹ ਸਾਡੀ ਤਰੱਕੀ ਵਿੱਚ ਯੋਗਦਾਨ ਪਾਉਂਦਾ ਹੈ। ਇਸ ਦੇ ਉਲਟ, ਜਿਹੜਾ ਸਿਰਫ਼ ਨੀਵਾਂ ਦਿਖਾਉਣ ਜਾਂ ਹੌਸਲਾ ਤੋੜਨ ਲਈ ਆਲੋਚਨਾ ਕਰਦਾ ਹੈ, ਉਸ ਦੀ ਹਰ ਗੱਲ ਨੂੰ ਵਿਕਾਸ ਦਾ ਸਾਧਨ ਨਹੀਂ ਮੰਨਿਆ ਜਾ ਸਕਦਾ।
ਮਨੋਵਿਗਿਆਨ ਵਿੱਚ ਪ੍ਰਚਲਿਤ ਸਵੈ-ਨਿਰਧਾਰਨ ਸਿਧਾਂਤ (ਸੈਲਫ -ਡਿਟਰਮੀਨੇਸ਼ਨ ਥਿਊਰੀ) ਵੀ ਇਸ ਤੱਥ ਨੂੰ ਸਮਝਣ ਵਿੱਚ ਸਹਿਯੋਗ ਕਰਦਾ ਹੈ। ਇਸ ਤਹਿਤ ਇਨਸਾਨ ਦੀ ਪ੍ਰੇਰਣਾ ਅਤੇ ਤਰੱਕੀ ਲਈ ਖ਼ੁਦ ਫ਼ੈਸਲੇ ਕਰਨ ਦੀ ਆਜ਼ਾਦੀ, ਆਪਣੀ ਸਮਰੱਥਾ ਦਾ ਅਹਿਸਾਸ ਅਤੇ ਦੂਜਿਆਂ ਨਾਲ ਲਾਹੇਬੰਧ ਸਬੰਧ ਮਹੱਤਵਪੂਰਨ ਹਨ। ਇਸ ਲਈ ਭਰੋਸਾ, ਸਿੱਖਿਆ ਅਤੇ ਮੁਕਾਬਲੇ ਲਈ ਉਕਸਾਣ ਲਾਭਕਾਰੀ ਬਣਦੇ ਹਨ, ਜਦੋਂ ਉਹ ਇਨਸਾਨ ਦੀ ਖ਼ੁਦਮੁਖ਼ਤਿਆਰੀ ਅਤੇ ਸਵੈ-ਮਾਣ ਨੂੰ ਵੀ ਸੁਰੱਖਿਅਤ ਰੱਖਣ।
ਕਈ ਖ਼ੁਸ਼ਕਿਸਮਤ ਲੋਕਾਂ ਨੂੰ ਇਹ ਤਿੰਨੇ ਗੁਣ ਇੱਕੋ ਦੋਸਤ ਵਿੱਚ ਮਿਲ ਜਾਂਦੇ ਹਨ। ਉਹ ਉਸਤਾਦੀ ਸਿਖਾਉਂਦਾ ਵੀ ਹੈ, ਹੌਸਲਾ ਵੀ ਦਿੰਦਾ ਹੈ ਅਤੇ ਗ਼ਲਤੀ ਹੋਣ ’ਤੇ ਸਖ਼ਤੀ ਨਾਲ ਸੁਧਾਰ ਵੀ ਕਰਵਾਉਂਦਾ ਹੈ। ਪਰ ਜੇ ਇਹ ਤਿੰਨੇ ਗੁਣ ਵੱਖ-ਵੱਖ ਲੋਕਾਂ ਵਿੱਚ ਹੋਣ, ਤਾਂ ਵੀ ਇਹ ਕਿਸੇ ਘਾਟ ਦੀ ਨਿਸ਼ਾਨੀ ਨਹੀਂ। ਅਹਿਮ ਗੱਲ ਇਹ ਹੈ ਕਿ ਸਾਡੀ ਜ਼ਿੰਦਗੀ ਵਿੱਚ ਸਿੱਖਣ, ਭਰੋਸਾ ਪ੍ਰਾਪਤ ਕਰਨ ਅਤੇ ਆਪਣੇ ਆਪ ਨੂੰ ਬਿਹਤਰ ਬਣਾਉਣ ਦੇ ਮੌਕੇ ਮੌਜੂਦ ਹੋਣ।
ਇਸ ਵਿਚਾਰ ਦਾ ਸਭ ਤੋਂ ਮਹੱਤਵਪੂਰਨ ਪੱਖ ਇਹ ਹੈ ਕਿ ਅਸੀਂ ਸਿਰਫ਼ ਅਜਿਹੇ ਲੋਕਾਂ ਦੀ ਭਾਲ ਨਾ ਕਰੀਏ, ਸਗੋਂ ਖ਼ੁਦ ਵੀ ਕਿਸੇ ਲਈ ਅਜਿਹੇ ਇਨਸਾਨ ਬਣੀਏ। ਆਪਣੇ ਤਜਰਬੇ ਨਾਲ ਕਿਸੇ ਨੂੰ ਸਿਖਾਈਏ, ਉਸ ਦੀ ਯੋਗਤਾ ਉੱਤੇ ਭਰੋਸਾ ਕਰੀਏ ਅਤੇ ਉਸ ਦੀਆਂ ਕਮੀਆਂ ਨੂੰ ਨਿੱਜੀ ਹਮਲਾ ਬਣਾਉਣ ਦੀ ਬਜਾਏ ਸੁਧਾਰ ਦਾ ਮੌਕਾ ਸਮਝੀਏ। ਕਾਮਯਾਬੀ ਦਾ ਅਸਲ ਮਾਪ ਸਿਰਫ਼ ਇਹ ਨਹੀਂ ਕਿ ਤਰੱਕੀ ਤਹਿਤ ਅਸੀਂ ਕਿੰਨਾ ਅੱਗੇ ਪਹੁੰਚੇ ਹਾਂ, ਸਗੋਂ ਇਹ ਵੀ ਹੈ ਕਿ ਸਾਡੇ ਸਫ਼ਰ ਨੇ ਸਾਨੂੰ ਕਿੰਨਾ ਬਿਹਤਰ ਇਨਸਾਨ ਬਣਾਇਆ ਹੈ। ਚੰਗਾ ਸਾਥੀ ਸਾਨੂੰ ਮੰਜ਼ਿਲ ਤੱਕ ਪਹੁੰਚਣ ਵਿੱਚ ਮਦਦ ਕਰਦਾ ਹੈ, ਪਰ ਸਹੀ ਸਾਥੀ ਸਾਨੂੰ ਮੰਜ਼ਿਲ ਦੇ ਕਾਬਲ ਵੀ ਬਣਾਉਂਦਾ ਹੈ।
ਛਤਰਪਾਲ ਸਿੰਘ
