Home ਹਰਿਆਣਾ CM ਸੈਣੀ ਨੇ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

CM ਸੈਣੀ ਨੇ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

Haryana Chief Minister Nayab Singh Saini honoured over 250 meritorious students from more than 70 schools at the Utkrisht Shiksha Puraskar 2026 ceremony, highlighting merit, transparency, and equal opportunities in education.

0

ਚੰਡੀਗੜ੍ਹ, 6 ਅਗਸਤ, 2026 (ਕਾਜਲ) : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਰਾਜ ਸਰਕਾਰ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਸੂਬੇ ਦਾ ਕੋਈ ਵੀ ਹੋਣਹਾਰ ਵਿਦਿਆਰਥੀ ਸਾਧਨਾਂ ਦੀ ਘਾਟ ਕਾਰਨ ਆਪਣੇ ਸੁਪਨੇ ਪੂਰੇ ਕਰਨ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਸਿੱਖਿਆ ਵਿੱਚ ਬਰਾਬਰ ਦੇ ਮੌਕੇ, ਪਾਰਦਰਸ਼ਤਾ ਅਤੇ ਯੋਗਤਾ ਦਾ ਸਨਮਾਨ ਸਰਕਾਰ ਦੀਆਂ ਮੁੱਖ ਤਰਜੀਹਾਂ ਹਨ।

ਅੰਬਾਲਾ ਵਿੱਚ ਆਯੋਜਿਤ ਉਤਕ੍ਰਿਸ਼ਟ ਸਿੱਖਿਆ ਪੁਰਸਕਾਰ–2026 ਸਮਾਰੋਹ ਦੌਰਾਨ ਮੁੱਖ ਮੰਤਰੀ ਨੇ 70 ਤੋਂ ਵੱਧ ਸਕੂਲਾਂ ਦੇ 250 ਤੋਂ ਵੱਧ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਹ ਵਿਦਿਆਰਥੀ ਦਸਵੀਂ, ਬਾਰ੍ਹਵੀਂ ਅਤੇ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਸਨਮਾਨ ਸਿਰਫ਼ ਵਿਦਿਆਰਥੀਆਂ ਦੀ ਮਿਹਨਤ ਦੀ ਕਦਰ ਨਹੀਂ, ਸਗੋਂ ਉਨ੍ਹਾਂ ਦੇ ਮਾਪਿਆਂ ਦੇ ਤਿਆਗ ਅਤੇ ਅਧਿਆਪਕਾਂ ਦੀ ਸਮਰਪਿਤ ਸੇਵਾ ਨੂੰ ਵੀ ਨਮਨ ਹੈ। ਉਨ੍ਹਾਂ ਕਿਹਾ ਕਿ ਅੱਜ ਹਰਿਆਣਾ ਦਾ ਨੌਜਵਾਨ ਇਹ ਭਰੋਸਾ ਰੱਖਦਾ ਹੈ ਕਿ ਸਫਲਤਾ ਸਿਰਫ਼ ਮਿਹਨਤ ਨਾਲ ਮਿਲਦੀ ਹੈ, ਨਾ ਕਿ “ਖਰਚੀ-ਪਰਚੀ” ਵਰਗੀਆਂ ਪ੍ਰਥਾਵਾਂ ਨਾਲ।

ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਦੇ ਹੋਣਹਾਰ ਵਿਦਿਆਰਥੀ ਹੀ ਭਵਿੱਖ ਦੇ ਵਿਗਿਆਨੀ, ਡਾਕਟਰ, ਇੰਜੀਨੀਅਰ, ਅਧਿਆਪਕ, ਪ੍ਰਸ਼ਾਸਕ ਅਤੇ ਦੇਸ਼ ਦੇ ਨੇਤਾ ਬਣਨਗੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਚੰਗੇ ਅੰਕ ਜ਼ਰੂਰੀ ਹਨ, ਪਰ ਜੀਵਨ ਵਿੱਚ ਚੰਗਾ ਚਰਿੱਤਰ ਅਤੇ ਸੰਸਕਾਰ ਇਸ ਤੋਂ ਵੀ ਵੱਧ ਮਹੱਤਵਪੂਰਨ ਹਨ।

ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਾਪਿਆਂ, ਅਧਿਆਪਕਾਂ, ਆਪਣੀ ਮਾਤਭੂਮੀ ਅਤੇ ਭਾਰਤੀ ਸੰਸਕ੍ਰਿਤੀ ਨਾਲ ਜੁੜੇ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ 2047 ਤੱਕ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਨੌਜਵਾਨਾਂ ਦੀ ਸਭ ਤੋਂ ਅਹਿਮ ਭੂਮਿਕਾ ਹੋਵੇਗੀ। ਇਸ ਮੌਕੇ ਮੁੱਖ ਮੰਤਰੀ ਨੇ ਪੂਜਾ ਫਾਊਂਡੇਸ਼ਨ ਦੀ ਵੀ ਸ਼ਲਾਘਾ ਕੀਤੀ, ਜਿਸ ਵੱਲੋਂ ਹਰ ਸਾਲ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਸਮਾਜ ਵਿੱਚ ਪ੍ਰਤਿਭਾ ਦਾ ਸਨਮਾਨ ਕਰਨ ਦੀ ਪਰੰਪਰਾ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।

 

Exit mobile version