Homeਪਟਿਆਲਾ ਅਪਡੇਟਪਟਿਆਲਾ ਵਿੱਚ ਸੀ.ਐਮ. ਦੀ ਯੋਗਸ਼ਾਲਾ ਬਣੀ ਲੋਕਾਂ ਦੀ ਪਹਿਲੀ ਪਸੰਦ, ਨਿਯਮਿਤ ਯੋਗ...

ਪਟਿਆਲਾ ਵਿੱਚ ਸੀ.ਐਮ. ਦੀ ਯੋਗਸ਼ਾਲਾ ਬਣੀ ਲੋਕਾਂ ਦੀ ਪਹਿਲੀ ਪਸੰਦ, ਨਿਯਮਿਤ ਯੋਗ ਨਾਲ ਸਿਹਤਮੰਦ ਜੀਵਨ ਵੱਲ ਵਧ ਰਹੇ ਕਦਮ

ਮੁਫ਼ਤ ਯੋਗ ਕਲਾਸਾਂ ਵਿੱਚ ਵਧ ਰਹੀ ਸ਼ਮੂਲੀਅਤ, ਭਾਗੀਦਾਰਾਂ ਨੇ ਦੱਸੇ ਸਰੀਰਕ ਤੇ ਮਾਨਸਿਕ ਸਿਹਤ ਦੇ ਫਾਇਦੇ

ਪਟਿਆਲਾ, 7 ਜੁਲਾਈ: (ਮਨੋਜ ਵਰਮਾ): ਪੰਜਾਬ ਸਰਕਾਰ ਦੀ ਸੀ.ਐਮ. ਦੀ ਯੋਗਸ਼ਾਲਾ ਮੁਹਿੰਮ ਤਹਿਤ ਜ਼ਿਲ੍ਹਾ ਪਟਿਆਲਾ ਦੇ ਸੈਂਟਰਲ ਬਲਾਕ ਪਾਰਕ, ਪੀ.ਐਨ.ਬੀ. ਬਲਾਕ ਵਿੱਚ ਲੱਗ ਰਹੀਆਂ ਮੁਫ਼ਤ ਯੋਗ ਕਲਾਸਾਂ ਲੋਕਾਂ ਲਈ ਸਿਹਤਮੰਦ ਜੀਵਨ ਦੀ ਨਵੀਂ ਰਾਹ ਬਣ ਰਹੀਆਂ ਹਨ। ਇਲਾਕੇ ਦੇ ਵੱਡੀ ਗਿਣਤੀ ਵਿੱਚ ਲੋਕ ਹਰ ਰੋਜ਼ ਇਨ੍ਹਾਂ ਕਲਾਸਾਂ ਵਿੱਚ ਸ਼ਮੂਲੀਅਤ ਕਰ ਰਹੇ ਹਨ ਅਤੇ ਨਿਯਮਿਤ ਯੋਗ ਅਭਿਆਸ ਰਾਹੀਂ ਆਪਣੀ ਸਰੀਰਕ ਅਤੇ ਮਾਨਸਿਕ ਸਿਹਤ ਵਿੱਚ ਆ ਰਹੇ ਸੁਧਾਰ ਨੂੰ ਮਹਿਸੂਸ ਕਰ ਰਹੇ ਹਨ।

ਸੀ.ਐਮ. ਦੀ ਯੋਗਸ਼ਾਲਾ ਦੀ ਜ਼ਿਲ੍ਹਾ ਕੋਆਰਡੀਨੇਟਰ ਰਮਨਜੀਤ ਕੌਰ ਨੇ ਕਲਾਸਾਂ ਦਾ ਨਿਰੀਖਣ ਕਰਦਿਆਂ ਕਿਹਾ ਕਿ ਲੋਕਾਂ ਵਿੱਚ ਯੋਗ ਪ੍ਰਤੀ ਦਿਲਚਸਪੀ ਲਗਾਤਾਰ ਵਧ ਰਹੀ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਯੋਗ ਕਰਨ ਨਾਲ ਤਣਾਅ ਘਟਦਾ ਹੈ, ਸਰੀਰ ਚੁਸਤ ਰਹਿੰਦਾ ਹੈ ਅਤੇ ਮਨ ਨੂੰ ਸ਼ਾਂਤੀ ਮਿਲਦੀ ਹੈ, ਜਿਸ ਕਾਰਨ ਲੋਕਾਂ ਦੀ ਜੀਵਨਸ਼ੈਲੀ ਵਿੱਚ ਸਕਾਰਾਤਮਕ ਬਦਲਾਅ ਆ ਰਹੇ ਹਨ।

ਯੋਗ ਟ੍ਰੇਨਰ ਕਾਜਲ ਰਾਣੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਗਲਤ ਖਾਣ-ਪੀਣ, ਬੈਠਕ ਵਾਲੀ ਜੀਵਨਸ਼ੈਲੀ ਅਤੇ ਮਾਨਸਿਕ ਦਬਾਅ ਕਾਰਨ ਕਈ ਬਿਮਾਰੀਆਂ ਵਧ ਰਹੀਆਂ ਹਨ। ਅਜਿਹੇ ਹਾਲਾਤਾਂ ਵਿੱਚ ਨਿਯਮਿਤ ਯੋਗ ਸਰੀਰ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਮਨ ਨੂੰ ਸੰਤੁਲਿਤ ਅਤੇ ਇਕਾਗਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਯੋਗ ਕਲਾਸਾਂ ਨਾਲ ਜੁੜੀ ਭਾਗੀਦਾਰ ਦਰਸ਼ਨਾਂ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਯੋਗ ਸ਼ੁਰੂ ਕਰਨ ਤੋਂ ਪਹਿਲਾਂ ਉਹ ਸ਼ੂਗਰ, ਵਧੇ ਹੋਏ ਵਜ਼ਨ ਅਤੇ ਲਗਾਤਾਰ ਥਕਾਵਟ ਤੋਂ ਪਰੇਸ਼ਾਨ ਰਹਿੰਦੇ ਸਨ। ਨਿਯਮਿਤ ਯੋਗ ਅਭਿਆਸ ਨਾਲ ਉਨ੍ਹਾਂ ਦੀ ਸ਼ੂਗਰ ਕਾਬੂ ਵਿੱਚ ਆਈ, ਵਜ਼ਨ ਘਟਿਆ ਅਤੇ ਉਹ ਪਹਿਲਾਂ ਨਾਲੋਂ ਵੱਧ ਤੰਦਰੁਸਤ, ਸਰਗਰਮ ਅਤੇ ਆਤਮਵਿਸ਼ਵਾਸੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਹੋਰ ਲੋਕਾਂ ਨੂੰ ਵੀ ਰੋਜ਼ਾਨਾ ਯੋਗ ਨੂੰ ਆਪਣੀ ਦਿਨਚਰਿਆ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ।

ਜ਼ਿਲ੍ਹਾ ਕੋਆਰਡੀਨੇਟਰ ਰਮਨਜੀਤ ਕੌਰ ਨੇ ਜਾਣਕਾਰੀ ਦਿੱਤੀ ਕਿ ਜੇਕਰ ਕੋਈ ਵੀ ਇਲਾਕਾ ਵਾਸੀ ਆਪਣੇ ਮੁਹੱਲੇ ਵਿੱਚ ਸੀ.ਐਮ. ਦੀ ਯੋਗਸ਼ਾਲਾ ਸ਼ੁਰੂ ਕਰਵਾਉਣਾ ਚਾਹੁੰਦਾ ਹੈ ਤਾਂ ਘੱਟੋ-ਘੱਟ 25 ਵਿਅਕਤੀਆਂ ਦਾ ਸਮੂਹ ਬਣਾਕੇ ਟੋਲ-ਫ੍ਰੀ ਨੰਬਰ 76694-00500 ‘ਤੇ ਮਿਸ ਕਾਲ ਕਰ ਸਕਦਾ ਹੈ ਜਾਂ ਸਰਕਾਰੀ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਵਾ ਕੇ ਇਸ ਮੁਹਿੰਮ ਨਾਲ ਜੁੜ ਸਕਦਾ ਹੈ। ਪੰਜਾਬ ਸਰਕਾਰ ਦਾ ਇਹ ਉਪਰਾਲਾ ਸੂਬੇ ਵਿੱਚ ਸਿਹਤਮੰਦ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments