Home Lifestyle ਆਧੁਨਿਕ ਯੁੱਗ ਵਿੱਚ ਘਟਦਾ ਸਿਵਿਕ ਸੈਂਸ, ਘਰ ਤੋਂ ਸੰਸਦ ਤੱਕ ਜ਼ਿੰਮੇਵਾਰੀ ਦੇ...

ਆਧੁਨਿਕ ਯੁੱਗ ਵਿੱਚ ਘਟਦਾ ਸਿਵਿਕ ਸੈਂਸ, ਘਰ ਤੋਂ ਸੰਸਦ ਤੱਕ ਜ਼ਿੰਮੇਵਾਰੀ ਦੇ ਹਾਲਤ ਟੈਂਸ.

Declining Civic Sense Raises Concerns Over Responsibility from Homes to Parliament

0

ਜਦੋਂ ਇਨਸਾਨ ਆਪਣੇ ਹੱਕਾਂ ਪ੍ਰਤੀ ਜਾਗਰੂਕ, ਪਰ ਆਪਣੇ ਫ਼ਰਜ਼ਾਂ ਪ੍ਰਤੀ ਲਾਪਰਵਾਹ ਹੋ ਜਾਵੇ, ਤਾਂ ਸੰਕਟ ਸਿਰਫ਼ ਵਿਅਕਤੀ ਦੇ ਕਿਰਦਾਰ ਦਾ ਨਹੀਂ ਰਹਿੰਦਾ ਸਗੋਂ ਇਹ ਪੂਰੇ ਸਮਾਜ ਦੀ ਨਿੱਜੀ , ਵਿਵਸਥਾ ਅਤੇ ਭਵਿੱਖ ਦਾ ਸੰਕਟ ਬਣ ਜਾਂਦਾ ਹੈ। ਭਾਰਤ ਦੀ ਤਰੱਕੀ ਦੇ ਦਾਅਵਿਆਂ ਵਿਚਕਾਰ ਇੱਕ ਗੰਭੀਰ ਸਵਾਲ ਸਾਡੇ ਸਾਹਮਣੇ ਖੜ੍ਹਾ ਹੈ ਕੀ ਸਾਡੀ ਆਰਥਿਕ, ਤਕਨੀਕੀ ਅਤੇ ਵਿੱਦਿਅਕ ਤਰੱਕੀ ਦੇ ਅਨੁਪਾਤ ਵਿੱਚ ਸਾਡੀ ਨਾਗਰਿਕ ਸੂਝ-ਬੂਝ ਵੀ ਵਿਕਸਿਤ ਹੋ ਰਹੀ ਹੈ? ਸਿਵਿਕ ਸੈਂਸ ਸਿਰਫ਼ ਸੜਕ ’ਤੇ ਕੂੜਾ ਨਾ ਸੁੱਟਣ ਜਾਂ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਤੱਕ ਸੀਮਿਤ ਨਹੀਂ। ਇਹ ਦੂਜਿਆਂ ਦੇ ਅਧਿਕਾਰਾਂ ਦਾ ਸਤਿਕਾਰ ਕਰਨ, ਜਨਤਕ ਸੰਪਤੀ ਦੀ ਰੱਖਿਆ ਕਰਨ, ਨਿਯਮਾਂ ਨੂੰ ਸਵੀਕਾਰਨ ਅਤੇ ਆਪਣੀ ਆਜ਼ਾਦੀ ਦੇ ਨਾਲ ਜ਼ਿੰਮੇਵਾਰੀ ਨਿਭਾਉਣ ਦੀ ਸਮਾਜਿਕ ਚੇਤਨਾ ਹੈ।

ਪਰਿਵਾਰ ਸਿਵਿਕ ਸੈਂਸ ਦੀ ਪਹਿਲੀ ਪਾਠਸ਼ਾਲਾ ਹੈ। ਜਦੋਂ ਘਰਾਂ ਵਿੱਚ ਬੱਚਿਆਂ ਨੂੰ ਅਨੁਸ਼ਾਸਨ ਦਾ ਉਪਦੇਸ਼ ਤਾਂ ਦਿੱਤਾ ਜਾਂਦਾ ਹੈ, ਪਰ ਮਾਪੇ ਖ਼ੁਦ ਨਿਯਮ ਤੋੜਦੇ ਹਨ, ਜਦੋਂ ਬਜ਼ੁਰਗਾਂ ਦਾ ਸਤਿਕਾਰ ਘਟਦਾ ਹੈ, ਔਰਤਾਂ ਦੀ ਆਜ਼ਾਦੀ ਨੂੰ ਨਿਯੰਤਰਣ ਨਾਲ ਜੋੜਿਆ ਜਾਂਦਾ ਹੈ ਅਤੇ ਪਰਿਵਾਰਕ ਮਤਭੇਦ ਸੰਵਾਦ ਦੀ ਥਾਂ ਹੰਕਾਰ ਨਾਲ ਸੁਲਝਾਏ ਜਾਂਦੇ ਹਨ, ਤਾਂ ਬੱਚੇ ਵਿਰੋਧਾਭਾਸੀ ਸੰਸਕਾਰ ਹੀ ਸਿੱਖਦੇ ਹਨ। ਪਰਿਵਾਰਾਂ ਦੀ ਬਦਲਦੀ ਬਣਤਰ ਆਪਣੇ ਆਪ ਵਿੱਚ ਖਾਤਮੇ ਦਾ ਸਬੂਤ ਨਹੀਂ, ਅਸਲ ਚੁਣੌਤੀ ਆਪਸੀ ਸਤਿਕਾਰ, ਸੰਵੇਦਨਸ਼ੀਲਤਾ ਅਤੇ ਜ਼ਿੰਮੇਵਾਰੀ ਨੂੰ ਕਾਇਮ ਰੱਖਣ ਦੀ ਹੈ।

ਸਮਾਜਿਕ ਜੀਵਨ ਵਿੱਚ ਸਿਵਿਕ ਸੈਂਸ ਦੀ ਘਾਟ ਲਾਈਨਾਂ ਤੋੜਨ, ਜਨਤਕ ਥਾਵਾਂ ’ਤੇ ਗੰਦਗੀ ਫੈਲਾਉਣ, ਬੇਲੋੜਾ ਹਾਰਨ ਵਜਾਉਣ, ਦੂਜਿਆਂ ਦੀ ਨਿੱਜਤਾ ਵਿੱਚ ਦਖ਼ਲ ਦੇਣ ਅਤੇ ਸਮਾਜਿਕ ਮਤਭੇਦਾਂ ਨੂੰ ਦੁਸ਼ਮਣੀ ਵਿੱਚ ਬਦਲਣ ਰਾਹੀਂ ਪ੍ਰਗਟ ਹੁੰਦੀ ਹੈ। ਪ੍ਰੇਸ਼ਾਨੀ ਇਹ ਹੈ ਕਿ ਅਸੀਂ ਆਪਣੇ ਘਰ ਦੀ ਸਫ਼ਾਈ ਨੂੰ ਆਪਣੀ ਇੱਜ਼ਤ, ਪਰ ਗਲੀ ਦੀ ਸਫ਼ਾਈ ਨੂੰ ਕਿਸੇ ਹੋਰ ਦੀ ਜ਼ਿੰਮੇਵਾਰੀ ਸਮਝ ਲੈਂਦੇ ਹਾਂ ਰਾਜਨੀਤਿਕ ਖੇਤਰ ਵਿੱਚ ਇਹ ਸੰਕਟ ਹੋਰ ਵੀ ਗੰਭੀਰ ਹੈ। ਜਦੋਂ ਨੀਤੀਆਂ ਦੀ ਥਾਂ ਨਿੱਜੀ ਹਮਲੇ, ਤੱਥਾਂ ਦੀ ਥਾਂ ਪ੍ਰਚਾਰ ਅਤੇ ਲੋਕ-ਹਿੱਤ ਦੀ ਥਾਂ ਸੱਤਾ ਦੇ ਹਿੱਤ ਪ੍ਰਮੁੱਖ ਹੋ ਜਾਣ, ਤਾਂ ਲੋਕਤੰਤਰ ਦੀ ਕਵਾਲਟੀ ਪ੍ਰਭਾਵਿਤ ਹੁੰਦੀ ਹੈ। ਹਾਲਾਂਕਿ ਸਰਕਾਰ ਦੀ ਆਲੋਚਨਾ, ਵਿਰੋਧ ਅਤੇ ਅਸਹਿਮਤੀ ਸਿਵਿਕ ਸੈਂਸ ਦੀ ਘਾਟ ਨਹੀਂ, ਸਗੋਂ ਲੋਕਤੰਤਰ ਦੇ ਜ਼ਰੂਰੀ ਅੰਗ ਹਨ। ਸਮੱਸਿਆ ਉਦੋਂ ਪੈਦਾ ਹੁੰਦੀ ਹੈ, ਜਦੋਂ ਸੱਤਾ ਅਤੇ ਵਿਰੋਧ ਦੋਵੇਂ ਜਵਾਬਦੇਹੀ ਦੀ ਥਾਂ ਸਿਆਸੀ ਲਾਭ ਨੂੰ ਤਰਜੀਹ ਦੇਣ।

ਆਰਥਿਕ ਖੇਤਰ ਵਿੱਚ ਟੈਕਸ ਚੋਰੀ, ਰਿਸ਼ਵਤਖੋਰੀ, ਮਿਲਾਵਟ, ਕੰਮ ਵਿੱਚ ਬੇਈਮਾਨੀ ਅਤੇ ਮਜ਼ਦੂਰਾਂ ਦੇ ਹੱਕਾਂ ਦੀ ਉਲੰਘਣਾ ਸਾਂਝੇ ਭਰੋਸੇ ਨੂੰ ਕਮਜ਼ੋਰ ਕਰਦੇ ਹਨ। ਅਕਾਦਮਿਕ ਖੇਤਰ ਵਿੱਚ ਨਕਲ, ਖੋਜ ਵਿੱਚ ਸਾਹਿਤਕ ਚੋਰੀ, ਅੰਕਾਂ ਦੀ ਦੌੜ ਅਤੇ ਅਧਿਆਪਕਾਂ ਜਾਂ ਵਿਦਿਆਰਥੀਆਂ ਪ੍ਰਤੀ ਅਸੰਵੇਦਨਸ਼ੀਲਤਾ ਸਿੱਖਿਆ ਦੇ ਨੈਤਿਕ ਉਦੇਸ਼ ਨੂੰ ਨੁਕਸਾਨ ਪਹੁੰਚਾਉਂਦੇ ਹਨ। ਡਿਗਰੀ ਪ੍ਰਾਪਤ ਕਰਨਾ ਅਤੇ ਜ਼ਿੰਮੇਵਾਰ ਨਾਗਰਿਕ ਬਣਨਾ ਦੋ ਵੱਖਰੀਆਂ ਪ੍ਰਾਪਤੀਆਂ ਹਨ। ਸਰਕਾਰੀ ਅਤੇ ਨਿੱਜੀ ਸੰਸਥਾਵਾਂ ਵਿੱਚ ਸਮੇਂ ਦੀ ਪਾਬੰਦੀ, ਪਾਰਦਰਸ਼ਤਾ, ਜਵਾਬਦੇਹੀ, ਗਾਹਕਾਂ ਅਤੇ ਕਰਮਚਾਰੀਆਂ ਦਾ ਸਤਿਕਾਰ ਅਤੇ ਨਿਯਮਾਂ ਦੀ ਨਿਰਪੱਖ ਪਾਲਣਾ ਕਾਰਜ-ਸੰਸਕ੍ਰਿਤੀ ਦੇ ਬੁਨਿਆਦੀ ਮਿਆਰ ਹਨ। ਸਰਕਾਰੀ ਦਫ਼ਤਰਾਂ ਵਿੱਚ ਬੇਲੋੜੀ ਦੇਰੀ ਅਤੇ ਨਿੱਜੀ ਸੰਸਥਾਵਾਂ ਵਿੱਚ ਕਰਮਚਾਰੀਆਂ ਦਾ ਸ਼ੋਸ਼ਣ, ਇਹ ਦੋਵੇਂ ਹੀ ਜ਼ਿੰਮੇਵਾਰ ਪ੍ਰਬੰਧਨ ਦੀ ਘਾਟ ਹਨ। ਇਸ ਦੇ ਨਾਲ, ਮਾੜੀਆਂ ਸਹੂਲਤਾਂ ਅਤੇ ਕਮਜ਼ੋਰ ਨਿਗਰਾਨੀ ਵਰਗੀਆਂ ਪ੍ਰਣਾਲੀਗਤ ਕਮੀਆਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਇਸ ਸੰਕਟ ਦਾ ਹੱਲ ਸਿਰਫ ਭਾਸ਼ਣਾਂ, ਜੁਰਮਾਨਿਆਂ ਜਾਂ ਮੁਹਿੰਮਾਂ ਵਿੱਚ ਨਹੀਂ। ਘਰਾਂ ਵਿੱਚ ਵਿਹਾਰਕ ਸੰਸਕਾਰ, ਸਕੂਲਾਂ ਵਿੱਚ ਨਾਗਰਿਕ ਸਿੱਖਿਆ, ਸੰਸਥਾਵਾਂ ਵਿੱਚ ਜਵਾਬਦੇਹੀ , ਕਾਨੂੰਨ ਦੀ ਨਿਰਪੱਖ ਪਾਲਣਾ ਅਤੇ ਜਨਤਕ ਸੇਵਾਵਾਂ ਦੀ ਬਿਹਤਰੀ ਇਹ ਇਕੱਠੇ ਹੀ ਲਾਜ਼ਮੀ ਹਨ। ਨਾਗਰਿਕਾਂ ਨੂੰ ਆਪਣੇ ਫ਼ਰਜ਼ ਨਿਭਾਉਣੇ ਪੈਣਗੇ ਅਤੇ ਪ੍ਰਸ਼ਾਸਨ ਨੂੰ ਵੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ।ਭਾਰਤ ਕਿੰਨਾ ਤਰੱਕੀ ਕਰ ਰਿਹਾ ਹੈ ਇਸ ਨਾਲੋਂ ਕਿਤੇ ਵੱਧ ਮੁੱਦਾ ਹੁਣ ਇਹ ਹੈ ਕਿ ਇਸ ਵਿਕਾਸ ਦੇ ਨਾਲ ਸਾਡਾ ਸਮਾਜ ਕਿੰਨਾ ਜ਼ਿੰਮੇਵਾਰ, ਸੰਵੇਦਨਸ਼ੀਲ ਅਤੇ ਨਿਆਂਪੂਰਨ ਬਣ ਰਿਹਾ ਹੈ। ਕਿਉਂਕਿ ਕਿਸੇ ਵੀ ਰਾਸ਼ਟਰ ਦੀ ਅਸਲ ਸਭਿਅਤਾ ਉਸ ਦੀਆਂ ਇਮਾਰਤਾਂ ਦੀ ਉਚਾਈ ਨਾਲ ਨਹੀਂ, ਸਗੋਂ ਉਸ ਦੇ ਨਾਗਰਿਕਾਂ ਦੇ ਕਿਰਦਾਰ ਦੀ ਉਚਾਈ ਨਾਲ ਮਾਪੀ ਜਾਂਦੀ ਹੈ। ਜਿਸ ਦਿਨ ਅਸੀਂ ਆਪਣੇ ਹੱਕਾਂ ਦੇ ਨਾਲ ਆਪਣੇ ਫ਼ਰਜ਼ਾਂ ਨੂੰ ਵੀ ਬਰਾਬਰ ਮਹੱਤਵ ਦੇਣਾ ਸਿੱਖ ਲਵਾਂਗੇ, ਉਸ ਦਿਨ ਸਿਵਿਕ ਸੈਂਸ ਇੱਕ ਨਾਅਰਾ ਨਹੀਂ, ਸਾਡੀ ਕੌਮੀ ਪਛਾਣ ਬਣ ਜਾਵੇਗੀ।

ਛੱਤਰਪਾਲ ਸਿੰਘ

Exit mobile version