ਲਹਿਰਾਗਾਗਾ/ਸੰਗਰੂਰ, 8 ਸਤੰਬਰ, 2026 (ਰਾਜੇਸ਼ ਕੁਮਾਰ) : ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਹਿੱਤ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੰਗਰੂਰ ਪ੍ਰਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਐਂਟੀ ਬੈਗਿੰਗ ਟਾਸਕ ਟੀਮ ਵੱਲੋਂ ਲਹਿਰਾਗਾਗਾ ਵਿਖੇ ਬਾਲ ਭਿਖਿਆ ਦੀ ਰੋਕਥਾਮ ਲਈ ਵਿਸ਼ੇਸ਼ ਕਾਰਵਾਈ ਕੀਤੀ ਗਈ। ਵੱਖ-ਵੱਖ ਵਿਭਾਗਾਂ ਦੀ ਸਾਂਝੀ ਟੀਮ ਵੱਲੋਂ ਸ਼ਹਿਰ ਦੀਆਂ ਜਨਤਕ ਥਾਵਾਂ, ਬਾਜ਼ਾਰਾਂ ਅਤੇ ਭੀੜ-ਭਾੜ ਵਾਲੇ ਇਲਾਕਿਆਂ ਦੀ ਜਾਂਚ ਦੌਰਾਨ ਇੱਕ ਬੱਚੇ ਨੂੰ ਰੈਸਕਿਊ ਕੀਤਾ ਗਿਆ। ਰੈਸਕਿਊ ਕੀਤੇ ਗਏ ਬੱਚੇ ਨੂੰ ਨਿਯਮਾਂ ਅਨੁਸਾਰ ਅਗਲੀ ਲੋੜੀਂਦੀ ਕਾਰਵਾਈ ਲਈ ਸਬੰਧਤ ਅਧਿਕਾਰੀਆਂ ਦੇ ਸਪੁਰਦ ਕੀਤਾ ਗਿਆ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪ੍ਰਦੀਪ ਸਿੰਘ ਗਿੱਲ ਨੇ ਕਿਹਾ ਕਿ ਬੱਚਿਆਂ ਨੂੰ ਭਿਖਿਆ ਤੋਂ ਦੂਰ ਰੱਖ ਕੇ ਸੁਰੱਖਿਅਤ ਮਾਹੌਲ ਨਾਲ ਜੋੜਨਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਬਾਲ ਭਿਖਿਆ ਦੀ ਰੋਕਥਾਮ ਲਈ ਸਬੰਧਤ ਵਿਭਾਗਾਂ ਦੇ ਆਪਸੀ ਤਾਲਮੇਲ ਨਾਲ ਅਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰੱਖੀਆਂ ਜਾਣਗੀਆਂ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਬੱਚਾ ਭਿਖਿਆ ਮੰਗਦਾ, ਮੁਸ਼ਕਲ ਹਾਲਾਤ ਵਿੱਚ ਜਾਂ ਕਿਸੇ ਤਰ੍ਹਾਂ ਦੀ ਸੁਰੱਖਿਆ ਤੇ ਸਹਾਇਤਾ ਦੀ ਲੋੜ ਵਿੱਚ ਨਜ਼ਰ ਆਉਂਦਾ ਹੈ ਤਾਂ ਇਸ ਨੂੰ ਅਣਡਿੱਠਾ ਨਾ ਕੀਤਾ ਜਾਵੇ ਅਤੇ ਤੁਰੰਤ ਚਾਇਲਡ ਹੈਲਪਲਾਈਨ ਨੰਬਰ 1098 ’ਤੇ ਸੂਚਨਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸਮੇਂ ਸਿਰ ਦਿੱਤੀ ਗਈ ਜਾਣਕਾਰੀ ਕਿਸੇ ਲੋੜਵੰਦ ਬੱਚੇ ਤੱਕ ਸੁਰੱਖਿਆ ਅਤੇ ਸਹਾਇਤਾ ਪਹੁੰਚਾਉਣ ਵਿੱਚ ਸਹਾਈ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਚਾਇਲਡ ਹੈਲਪਲਾਈਨ ਰਾਹੀਂ ਪ੍ਰਾਪਤ ਸੂਚਨਾ ’ਤੇ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਬੱਚੇ ਨੂੰ ਲੋੜੀਂਦੀ ਸੁਰੱਖਿਆ ਅਤੇ ਸਹਾਇਤਾ ਮੁਹੱਈਆ ਕਰਵਾਉਣ ਲਈ ਕਾਰਵਾਈ ਕੀਤੀ ਜਾਂਦੀ ਹੈ। ਇਸ ਕਾਰਵਾਈ ਦੌਰਾਨ ਸਿੱਖਿਆ ਵਿਭਾਗ ਤੋਂ ਸਤੀਸ਼ ਕੁਮਾਰ, ਪੁਲਿਸ ਵਿਭਾਗ ਤੋਂ ਹਰਵਿੰਦਰ ਸਿੰਘ ਅਤੇ ਸੰਤੋਸ਼, ਸਿਹਤ ਵਿਭਾਗ ਤੋਂ ਡਾ. ਨੀਰਜ, ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਸੰਗਰੂਰ ਤੋਂ ਰੁਪਿੰਦਰ ਸਿੰਘ ਅਤੇ ਚਾਇਲਡ ਹੈਲਪਲਾਈਨ ਤੋਂ ਵੀਰਪਾਲ ਕੌਰ ਹਾਜ਼ਰ ਸਨ।







