Homeਪੰਜਾਬਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਕ ਹਜ਼ਾਰ ਹੋਰ ‘ਪੇਂਡੂ ਖੇਡ ਮੈਦਾਨਾਂ’...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਕ ਹਜ਼ਾਰ ਹੋਰ ‘ਪੇਂਡੂ ਖੇਡ ਮੈਦਾਨਾਂ’ ਦਾ ਕੀਤਾ ਉਦਘਾਟਨ

Punjab CM Bhagwant Singh Mann Inaugurates 1,000 More Rural Sports Grounds to Boost Sports Infrastructure and Encourage Youth Participation.

ਫਤਹਿਗੜ੍ਹ ਸਾਹਿਬ, 12 ਨਵੰਬਰ, 2026 (ਗੁਰਮੀਤ ਸਿੰਘ ਤੁੰਗ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਭਰ ਦੇ 1,000 ਹੋਰ ‘ਪੇਂਡੂ ਖੇਡ ਮੈਦਾਨ’ ਲੋਕਾਂ ਨੂੰ ਸਮਰਪਿਤ ਕੀਤੇ, ਜਿਸ ਨਾਲ ਕੁੱਲ ਟੀਚੇ 3,100 ਵਿੱਚੋਂ ਹੁਣ ਤੱਕ ਉਦਘਾਟਨ ਕੀਤੇ ਗਏ ਕੁੱਲ ਮੈਦਾਨਾਂ ਦੀ ਗਿਣਤੀ 1,764 ਹੋ ਗਈ ਹੈ। ਪੰਜਾਬ ਸਰਕਾਰ ਨੌਜਵਾਨਾਂ ਦੀ ਊਰਜਾ ਨੂੰ ਖੇਡਾਂ ਵੱਲ ਲਾਉਣ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਆਪਣੀ ਮੁਹਿੰਮ ਨੂੰ ਤੇਜ਼ ਕਰ ਰਹੀ ਹੈ। ਫਤਹਿਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਪਿੰਡ ਸ਼ਾਹਪੁਰ ਵਿਖੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੁੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਅੰਤਰਰਾਸ਼ਟਰੀ ਖੇਡ ਪ੍ਰਤਿਭਾ ਦੇ ਹੱਬ ਵਜੋਂ ਉੱਭਰਨ ਦੀ ਨੀਂਹ ਰੱਖ ਰਿਹਾ ਹੈ, ਜਿਸ ਵਿੱਚ ਹਰ ਖੇਡ ਮੈਦਾਨ ਨੂੰ ਫੁੱਟਬਾਲ, ਹਾਕੀ, ਵਾਲੀਬਾਲ ਅਤੇ ਕ੍ਰਿਕਟ ਕਿੱਟਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਪਿਛਲੀਆਂ ਸਰਕਾਰਾਂ `ਤੇ ਤਨਜ਼ ਕੱਸਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਨਾ ਤਾਂ ਪਿੰਡਾਂ ਨੂੰ ਗ੍ਰਾਂਟਾਂ ਦਿੱਤੀਆਂ ਅਤੇ ਨਾ ਹੀ ਵਿਕਾਸ ਕਾਰਜ ਕੀਤੇ, ਜਦੋਂ ਕਿ ਸਾਡੀ ਸਰਕਾਰ ਪੇਂਡੂ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਅਥਲੀਟ ਬਣਨ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਦੇ ਮੌਕੇ ਦੇਣ ਲਈ ਖੇਡ ਬੁਨਿਆਦੀ ਢਾਂਚੇ ਨੂੰ ਪਹਿਲ ਦੇ ਰਹੀ ਹੈ।

ਇਸ ਮੌਕੇ ਦੀਆਂ ਕੁਝ ਝਲਕੀਆਂ ਸਾਂਝੀਆਂ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅੱਜ ਮੈਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਅਮਲੋਹ ਹਲਕੇ ਅਧੀਨ ਪੈਂਦੇ ਪਿੰਡ ਸ਼ਾਹਪੁਰ ਵਿਖੇ ਖੇਡ ਮੈਦਾਨ ਦੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਇਆ। ਇਹ ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਅੱਜ ਸੂਬੇ ਭਰ ਵਿੱਚ 1,000 ਨਵੇਂ ਖੇਡ ਮੈਦਾਨਾਂ ਦਾ ਉਦਘਾਟਨ ਕੀਤਾ ਹੈ। ਇਹ ਸਾਡੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵੱਲ ਵੱਡਾ ਕਦਮ ਹੈ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਨ੍ਹਾਂ ਖੇਡ ਮੈਦਾਨਾਂ ਵਿੱਚ ਮੁੜ੍ਹਕਾ ਡੋਲ ਕੇ ਸਾਡੇ ਨੌਜਵਾਨ ਆਉਣ ਵਾਲੇ ਸਾਲਾਂ ਵਿੱਚ ਪੂਰੀ ਦੁਨੀਆ ਵਿੱਚ ਪੰਜਾਬ ਦਾ ਨਾਮ ਰੌਸ਼ਨ ਕਰਨਗੇ।” ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੀ ਊਰਜਾ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਉਸਾਰੂ ਦਿਸ਼ਾ ਦੇਣ ਲਈ ਖੇਡਾਂ ਵੱਲ ਮੋੜਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਆਏ ਲੋਕਾਂ ਅਤੇ ਸਿਆਸੀ ਆਗੂਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇੱਕ ਸਿਹਤਮੰਦ, ਅਨੁਸ਼ਾਸਿਤ ਅਤੇ ਤਰੱਕੀ ਪਸੰਦ ਸਮਾਜ ਦੀ ਸਿਰਜਣਾ ਵਿੱਚ ਖੇਡਾਂ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।

ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਸਾਡੀ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹੈ। ਅਸੀਂ ਅੱਜ ਲੋਕਾਂ ਨੂੰ 1,000 ਹੋਰ ਖੇਡ ਮੈਦਾਨ ਸਮਰਪਿਤ ਕਰ ਰਹੇ ਹਾਂ ਕਿਉਂਕਿ ਸਾਡੇ ਨੌਜਵਾਨਾਂ ਨੂੰ ਖੇਡਾਂ ਵਿੱਚ ਅੱਗੇ ਵਧਣ ਲਈ ਢੁਕਵੀਆਂ ਸਹੂਲਤਾਂ ਅਤੇ ਮੌਕਿਆਂ ਦੀ ਲੋੜ ਹੈ। ਉਨ੍ਹਾਂ ਦੀ ਊਰਜਾ ਨੂੰ ਖੇਡਾਂ ਵੱਲ ਲਗਾ ਕੇ ਅਸੀਂ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਸਕਦੇ ਹਾਂ ਅਤੇ ਪੰਜਾਬ ਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਉਤਸ਼ਾਹਿਤ ਕਰ ਸਕਦੇ ਹਾਂ।” ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲੀ ਵਾਰ ਪਿੰਡਾਂ ਵਿੱਚ ਉੱਚ ਪੱਧਰੀ ਖੇਡ ਬੁਨਿਆਦੀ ਢਾਂਚਾ ਵਿਕਸਤ ਕਰਨ ਲਈ ਅੱਜ ਵੱਡੀ ਪੱਧਰ `ਤੇ ਪਹਿਲਕਦਮੀ ਕੀਤੀ ਹੈ, ਜਿਸ ਨਾਲ ਪੇਂਡੂ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਆਧੁਨਿਕ ਸਹੂਲਤਾਂ ਮਿਲਣੀਆਂ ਯਕੀਨੀ ਹੋਈਆਂ ਹਨ। ਉਨ੍ਹਾਂ ਅੱਗੇ ਕਿਹਾ, “ਇਸ ਪਹਿਲਕਦਮੀ ਤਹਿਤ ਪੰਜਾਬ ਭਰ ਵਿੱਚ 3,100 ‘ਪੇਂਡੂ ਖੇਡ ਮੈਦਾਨ’ ਵਿਕਸਤ ਕੀਤੇ ਜਾ ਰਹੇ ਹਨ। ਇਹ ਮੈਦਾਨ ਸਾਡੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਮਹੱਤਵਪੂਰਨ ਹਿੱਸਾ ਹਨ। ਸਾਡਾ ਟੀਚਾ ਹਰ ਪਿੰਡ ਵਿੱਚ ਖੇਡ ਸੱਭਿਆਚਾਰ ਪੈਦਾ ਕਰਨਾ ਹੈ ਤਾਂ ਜੋ ਨੌਜਵਾਨ ਨਸ਼ਿਆਂ ਦੀ ਬਜਾਏ ਤੰਦਰੁਸਤੀ, ਅਨੁਸ਼ਾਸਨ ਅਤੇ ਸਕਾਰਾਤਮਕ ਗਤੀਵਿਧੀਆਂ ਨੂੰ ਚੁਣਨ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਹਿਲੇ ਪੜਾਅ ਦੌਰਾਨ 4 ਮਈ ਨੂੰ 255 ਖੇਡ ਮੈਦਾਨ ਲੋਕਾਂ ਨੂੰ ਸਮਰਪਿਤ ਕੀਤੇ ਗਏ ਸਨ, ਜਦੋਂ ਕਿ ਦੂਜੇ ਪੜਾਅ ਦੌਰਾਨ 24 ਅਗਸਤ ਨੂੰ 509 ਹੋਰ ਮੈਦਾਨ ਸਮਰਪਿਤ ਕੀਤੇ ਗਏ ਸਨ। ਤੀਜੇ ਪੜਾਅ ਵਿੱਚ 1,000 ਮੈਦਾਨਾਂ ਦੇ ਸਮਰਪਣ ਨਾਲ ਇਹ ਮੁਹਿੰਮ ਇੱਕ ਹੋਰ ਮਹੱਤਵਪੂਰਨ ਪੜਾਅ ਵਿੱਚ ਦਾਖ਼ਲ ਹੋ ਗਈ ਹੈ। ਇਨ੍ਹਾਂ ਵਿੱਚ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ 93 ਖੇਡ ਮੈਦਾਨ ਵੀ ਸ਼ਾਮਲ ਹਨ। ਮੁੱਖ ਮੰਤਰੀ ਨੇ ਕਿਹਾ, “ਅਸੀਂ ਸਿਰਫ਼ ਖੇਡ ਦੇ ਮੈਦਾਨ ਨਹੀਂ ਬਣਾ ਰਹੇ, ਅਸੀਂ ਆਪਣੇ ਪੇਂਡੂ ਨੌਜਵਾਨਾਂ ਲਈ ਮੌਕੇ ਪੈਦਾ ਕਰ ਰਹੇ ਹਾਂ। ਹਰ ਪਿੰਡ ਵਿੱਚ ਮਿਆਰੀ ਖੇਡ ਬੁਨਿਆਦੀ ਢਾਂਚਾ ਹੋਣਾ ਚਾਹੀਦਾ ਹੈ, ਜਿੱਥੇ ਬੱਚੇ ਸਿਖਲਾਈ ਲੈ ਸਕਣ, ਅਭਿਆਸ ਕਰ ਸਕਣ ਅਤੇ ਆਪਣੀਆਂ ਖੇਡ ਰੁਚੀਆਂ ਨੂੰ ਪੂਰਾ ਕਰ ਸਕਣ।”

ਉਨ੍ਹਾਂ ਕਿਹਾ ਕਿ ਖੇਡ ਮੈਦਾਨਾਂ ਨੂੰ ਆਧੁਨਿਕ ਸਹੂਲਤਾਂ ਨਾਲ ਵਿਕਸਤ ਕੀਤਾ ਜਾ ਰਿਹਾ ਹੈ ਤਾਂ ਜੋ ਪਿੰਡ ਵਾਸੀ ਇਨ੍ਹਾਂ ਨੂੰ ਤੰਦਰੁਸਤੀ ਦੀਆਂ ਗਤੀਵਿਧੀਆਂ ਲਈ ਵਰਤ ਸਕਣ। ਉਨ੍ਹਾਂ ਕਿਹਾ, “ਇਨ੍ਹਾਂ ਵਿੱਚ ਛੇ ਫੁੱਟ ਉੱਚੀ ਚੇਨ-ਲਿੰਕ ਬਾਉਂਡਰੀ ਫੈਂਸਿੰਗ, ਹਰਿਆਲੀ ਵਧਾਉਣ ਲਈ ਪੌਦੇ ਲਗਾਉਣਾ, ਫੁੱਟ-ਲਾਈਟਾਂ ਵਾਲੇ ਛੇ ਫੁੱਟ ਚੌੜੇ ਵਾਕਿੰਗ ਟਰੈਕ, ਮਰਦਾਂ ਅਤੇ ਔਰਤਾਂ ਲਈ ਵੱਖਰੇ ਪਖਾਨੇ ਅਤੇ ਖੇਡ ਕਿੱਟਾਂ ਤੇ ਉਪਕਰਣਾਂ ਲਈ ਸਟੋਰ ਰੂਮ ਸ਼ਾਮਲ ਹਨ। ਮੈਦਾਨਾਂ ਦੀ ਸਹੀ ਦੇਖਭਾਲ ਯਕੀਨੀ ਬਣਾਉਣ ਲਈ ਘਾਹ ਅਤੇ ਪੌਦਿਆਂ ਨੂੰ ਪਾਣੀ ਦੇਣ ਲਈ ਸਬਮਰਸੀਬਲ ਪੰਪ ਅਤੇ ਹਾਈਡ੍ਰੈਂਟ ਵੀ ਲਾਏ ਗਏ ਹਨ।” ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਝੂਲਿਆਂ, ਪੌੜੀਆਂ ਅਤੇ ਸਲਾਈਡਾਂ ਨਾਲ ਲੈਸ ਬੱਚਿਆਂ ਦੇ ਖੇਡਣ ਲਈ ਖ਼ਾਸ ਖੇਤਰ ਵਿਕਸਤ ਕੀਤੇ ਜਾ ਰਹੇ ਹਨ, ਜਦੋਂ ਕਿ ਹਾਈ-ਮਾਸਟ ਲਾਈਟਾਂ ਮੈਦਾਨਾਂ ਵਿੱਚ ਸਹੀ ਰੌਸ਼ਨੀ ਯਕੀਨੀ ਬਣਾਉਣਗੀਆਂ। ਸਥਾਨਕ ਖੇਡ ਤਰਜੀਹਾਂ ਨੂੰ ਧਿਆਨ ਵਿੱਚ ਰੱਖਦਿਆਂ ਵਾਲੀਬਾਲ, ਫੁੱਟਬਾਲ, ਹਾਕੀ ਅਤੇ ਹੋਰ ਪ੍ਰਸਿੱਧ ਖੇਡਾਂ ਲਈ ਸਹੂਲਤਾਂ ਮੁਹੱਈਆ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ, “ਇਹ ਮੈਦਾਨ ਮੁੱਢਲੀਆਂ ਖੇਡ ਸਹੂਲਤਾਂ ਤੋਂ ਕਿਤੇ ਵੱਧ ਪੇਸ਼ਕਸ਼ ਕਰਨਗੇ। ਅਸੀਂ ਮਿਆਰੀ ਘਾਹ ਨਾਲ ਹਰੇ-ਭਰੇ ਟਰਫ਼ ਤਿਆਰ ਕਰ ਰਹੇ ਹਾਂ, ਜਦੋਂ ਕਿ ਚੁਣੇ ਹੋਏ ਮੈਦਾਨਾਂ ਵਿੱਚ ਅਥਲੈਟਿਕਸ ਅਤੇ ਦੌੜ ਨੂੰ ਉਤਸ਼ਾਹਿਤ ਕਰਨ ਲਈ ਛੇ-ਲੇਨ, 400-ਮੀਟਰ ਰਨਿੰਗ ਟਰੈਕ ਵੀ ਹੋਣਗੇ। ਸਾਡਾ ਉਦੇਸ਼ ਪੰਜਾਬ ਦੇ ਹਰ ਬੱਚੇ ਤੱਕ ਖੇਡਾਂ ਦੀ ਪਹੁੰਚ ਬਣਾਉਣਾ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਇਹ ਵੀ ਯਕੀਨੀ ਬਣਾ ਰਹੀ ਹੈ ਕਿ ਪਿੰਡਾਂ ਨੂੰ ਲੋੜੀਂਦਾ ਖੇਡ ਸਾਜ਼ੋ-ਸਾਮਾਨ ਮਿਲੇ ਤਾਂ ਜੋ ਬੱਚੇ ਕਿੱਟਾਂ ਖਰੀਦਣ ਦੇ ਵਿੱਤੀ ਬੋਝ ਤੋਂ ਬਿਨਾਂ ਖੇਡਣਾ ਸ਼ੁਰੂ ਕਰ ਸਕਣ। ਉਨ੍ਹਾਂ ਅੱਗੇ ਕਿਹਾ, “ਹਰ ਪਿੰਡ ਨੂੰ ਫੁੱਟਬਾਲ ਅਤੇ ਹਾਕੀ ਦੇ ਗੋਲਪੋਸਟ, ਵਾਲੀਬਾਲ ਦੇ ਖੰਭੇ ਅਤੇ ਦੋ ਜਾਲ, ਤਿੰਨ ਵਾਲੀਬਾਲ, ਤਿੰਨ ਫੁੱਟਬਾਲ ਅਤੇ ਕ੍ਰਿਕਟ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਫੁੱਟਬਾਲ ਦੇ 36 ਜੋੜੇ ਸਟੱਡ ਸਪਲਾਈ ਕੀਤੇ ਜਾਣਗੇ, ਜਦੋਂ ਕਿ ਜਿਨ੍ਹਾਂ ਪਿੰਡਾਂ ਵਿੱਚ ਕ੍ਰਿਕਟ ਖ਼ਾਸ ਤੌਰ `ਤੇ ਪ੍ਰਸਿੱਧ ਹੈ, ਉਨ੍ਹਾਂ ਨੂੰ ਪੂਰੀਆਂ ਕ੍ਰਿਕਟ ਕਿੱਟਾਂ ਮਿਲਣਗੀਆਂ।” ਮੁੱਖ ਮੰਤਰੀ ਨੇ ਕਿਹਾ, “ਸਿਰਫ਼ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣਾ ਹੀ ਕਾਫ਼ੀ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਬੱਚਿਆਂ ਨੂੰ ਸਹੀ ਮਾਰਗਦਰਸ਼ਨ ਅਤੇ ਸਿਖਲਾਈ ਵੀ ਮਿਲੇ। ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਦੇਣ ਲਈ ਸਾਰੇ ਖੇਡ ਮੈਦਾਨਾਂ ਵਿੱਚ ਫੁੱਟਬਾਲ ਅਤੇ ਵਾਲੀਬਾਲ ਦੇ ਕੋਚ ਤਾਇਨਾਤ ਕੀਤੇ ਜਾਣਗੇ।”

ਮੁੱਖ ਮੰਤਰੀ ਨੇ ਕਿਹਾ ਕਿ ਗ੍ਰਾਮ ਪੰਚਾਇਤਾਂ ਸਮਰਪਿਤ ਕਮੇਟੀਆਂ ਰਾਹੀਂ ਇਨ੍ਹਾਂ ਖੇਡ ਮੈਦਾਨਾਂ ਦੀ ਸਾਂਭ-ਸੰਭਾਲ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੋਣਗੀਆਂ। ਉਨ੍ਹਾਂ ਦੱਸਿਆ “ਇਨ੍ਹਾਂ ਕਮੇਟੀਆਂ ਵਿੱਚ ਸਰਪੰਚ, ਯੂਥ ਕਲੱਬ ਦੇ ਪ੍ਰਧਾਨ, ਸਬੰਧਤ ਜੂਨੀਅਰ ਇੰਜਨੀਅਰ (ਜੇ.ਈ.) ਅਤੇ ਪੰਚਾਇਤ ਸਕੱਤਰ ਸ਼ਾਮਲ ਹੋਣਗੇ। ਗ੍ਰਾਮ ਪੰਚਾਇਤ, ਕਮੇਟੀ ਵਿੱਚ ਇੱਕ ਮਹਿਲਾ ਮੈਂਬਰ ਜਾਂ ਕਿਸੇ ਖਿਡਾਰੀ ਨੂੰ ਵੀ ਨਾਮਜ਼ਦ ਕਰੇਗੀ।” ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਨ੍ਹਾਂ ਸਹੂਲਤਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਪਿੰਡ ਪੱਧਰੀ ਕਮੇਟੀਆਂ ਦੀ ਹੋਵੇਗੀ ਤਾਂ ਜੋ ਖੇਡ ਮੈਦਾਨ ਕਾਰਜਸ਼ੀਲ ਰਹਿਣ ਅਤੇ ਬੱਚਿਆਂ ਅਤੇ ਨੌਜਵਾਨਾਂ ਦੁਆਰਾ ਬਾਕਾਇਦਾ ਤੌਰ `ਤੇ ਵਰਤੇ ਜਾਣ। ਸਾਡਾ ਇੱਕੋ-ਇੱਕ ਉਦੇਸ਼ ਇੱਕ ਮਜ਼ਬੂਤ ਖੇਡ ਸੱਭਿਆਚਾਰ ਬਣਾਉਣਾ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਉਨ੍ਹਾਂ ਨੂੰ ਪੰਜਾਬ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਸਰਗਰਮ ਭਾਈਵਾਲ ਬਣਾਉਣਾ ਹੈ।” ਇਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜ਼ਮੀਨੀ ਪੱਧਰ `ਤੇ ਮਜ਼ਬੂਤ ਖੇਡ ਸੱਭਿਆਚਾਰ ਦੀ ਸਿਰਜਣਾ

ਭਗਵੰਤ ਮਾਨ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਰਾਹੀਂ ਨੌਜਵਾਨਾਂ ਦੀ ਊਰਜਾ ਨੂੰ ਖੇਡਾਂ ਵੱਲ ਲਗਾਉਣ ਅਤੇ ਨਸ਼ਿਆਂ ਵਿਰੁੱਧ ਲੜਾਈ ਨੂੰ ਮਜ਼ਬੂਤ ਕਰਨ ਲਈ ਜ਼ਮੀਨੀ ਪੱਧਰ ਉੱਤੇ ਖੇਡ ਬੁਨਿਆਦੀ ਢਾਂਚੇ ਦਾ ਵਿਸਥਾਰ ਕੀਤਾ ਹੈ। ਸਰਕਾਰ ਨੇ ਪੰਜਾਬ ਭਰ ਵਿੱਚ 3,100 ਆਧੁਨਿਕ ‘ਪੇਂਡੂ ਖੇਡ ਮੈਦਾਨ’ ਵਿਕਸਤ ਕਰਨ ਲਈ ਵਿਸ਼ੇਸ਼ ਤੌਰ `ਤੇ 1,500 ਕਰੋੜ ਰੁਪਏ ਰੱਖੇ ਹਨ, ਜਿਸ ਵਿੱਚੋਂ 24 ਅਗਸਤ, 2026 ਤੱਕ 764 ਮੈਦਾਨ ਸਮਰਪਿਤ ਕੀਤੇ ਜਾ ਚੁੱਕੇ ਸਨ। ਇਹ ਮੈਦਾਨ ਵਾਲੀਬਾਲ, ਫੁੱਟਬਾਲ, ਕ੍ਰਿਕਟ ਅਤੇ ਰਵਾਇਤੀ ਖੇਡਾਂ ਦੀਆਂ ਸਹੂਲਤਾਂ ਨਾਲ ਲੈਸ ਹਨ, ਜਿਨ੍ਹਾਂ ਵਿੱਚ ਰਾਤ ਨੂੰ ਖੇਡਣ ਲਈ ਹਾਈ-ਮਾਸਟ ਲਾਈਟਾਂ, ਵਾਕਿੰਗ ਟਰੈਕਾਂ ਦੇ ਨਾਲ ਫੁੱਟ-ਲਾਈਟਾਂ, ਚੇਨ-ਲਿੰਕ ਫੈਂਸਿੰਗ, ਬੱਚਿਆਂ ਦੇ ਖੇਡਣ ਦੇ ਖੇਤਰ ਅਤੇ ਹੋਰ ਆਧੁਨਿਕ ਸਹੂਲਤਾਂ ਸ਼ਾਮਲ ਹਨ। ਹਰ ਪਿੰਡ ਵਿੱਚ ਵੱਖ-ਵੱਖ ਖੇਡਾਂ ਦੀ ਪ੍ਰਸਿੱਧੀ ਅਨੁਸਾਰ ਖੇਡ ਸਾਜ਼ੋ-ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਦੋਂ ਕਿ ਇਹ ਪਹਿਲਕਦਮੀ ਬੱਚਿਆਂ ਅਤੇ ਬਜ਼ੁਰਗਾਂ ਦੀ ਭਾਈਵਾਲੀ ਨੂੰ ਵੀ ਉਤਸ਼ਾਹਿਤ ਕਰਦੀ ਹੈ।

ਰਿਕਾਰਡ ਖੇਡ ਬਜਟ, ਵਿੱਤੀ ਸਹਾਇਤਾ ਅਤੇ ਖਿਡਾਰੀਆਂ ਲਈ ਮੌਕੇ

ਖੇਡ ਮੈਦਾਨ ਦੇ ਬੁਨਿਆਦੀ ਢਾਂਚੇ ਤੋਂ ਇਲਾਵਾ ਸਰਕਾਰ ਨੇ 1,744 ਕਰੋੜ ਰੁਪਏ ਦਾ ਰਿਕਾਰਡ ਖੇਡ ਬਜਟ ਅਲਾਟ ਕੀਤਾ ਹੈ ਅਤੇ 600 ਪੇਂਡੂ ਜਿੰਮ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ 500 ਪਹਿਲਾਂ ਹੀ ਮੁਕੰਮਲ ਕੀਤੇ ਜਾ ਚੁੱਕੇ ਹਨ। 2023 ਵਿੱਚ ਜਾਰੀ ਕੀਤੀ ਗਈ ਨਵੀਂ ਖੇਡ ਨੀਤੀ ਤਹਿਤ 2022 ਤੋਂ ਲੈ ਕੇ ਹੁਣ ਤੱਕ 40,415 ਖਿਡਾਰੀਆਂ ਨੂੰ 135 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਜਾ ਚੁੱਕੀ ਹੈ। ਓਲੰਪਿਕ ਦੀ ਤਿਆਰੀ ਲਈ 15 ਲੱਖ ਰੁਪਏ ਅਤੇ ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਦੀ ਤਿਆਰੀ ਲਈ ਅੱਠ ਲੱਖ ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ‘ਖੇਡਾਂ ਵਤਨ ਪੰਜਾਬ ਦੀਆਂ’ ਰਾਹੀਂ ਆਪਣੇ ਖੇਡ ਕੈਲੰਡਰ ਦਾ ਵਿਸਥਾਰ ਕਰ ਰਿਹਾ ਹੈ। ਹਾਲ ਹੀ ਵਿੱਚ ਪੰਜਾਬ ਨੇ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕੀਤੀ ਅਤੇ ਆਈ.ਪੀ.ਐਲ. ਦੀ ਤਰਜ਼ ਉੱਤੇ ‘ਸ਼ੇਰ-ਏ-ਪੰਜਾਬ ਟੀ-20 ਲੀਗ’ ਕਰਵਾਈ, ਜਿਸ ਦਾ ਵਿਆਪਕ ਉਦੇਸ਼ ਮਜ਼ਬੂਤ ਖੇਡ ਵਾਤਾਵਰਣ ਤਿਆਰ ਕਰਨਾ ਅਤੇ ਪੇਂਡੂ ਪ੍ਰਤਿਭਾਵਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ `ਤੇ ਮੁਕਾਬਲਾ ਕਰਨ ਦੇ ਮੌਕੇ ਦੇਣਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments