30 ਜੁਲਾਈ, 2026 (ਹਰਸ਼ਲੀਨ ਸਿੰਘ) : ਉੱਤਰਾਖੰਡ ਵਿੱਚ ਲਗਾਤਾਰ ਤੀਜੇ ਦਿਨ ਹੋ ਰਹੇ ਮੀਂਹ ਨੇ ਜਨਜੀਵਨ ਦੇ ਨਾਲ-ਨਾਲ ਚਾਰਧਾਮ ਯਾਤਰਾ ਨੂੰ ਵੀ ਪ੍ਰਭਾਵਿਤ ਕਰ ਦਿੱਤਾ ਹੈ। ਰੁਦ੍ਰਪ੍ਰਯਾਗ, ਚਮੋਲੀ ਅਤੇ ਉੱਤਰਕਾਸ਼ੀ ਜ਼ਿਲ੍ਹਿਆਂ ਵਿੱਚ ਕਈ ਥਾਵਾਂ ‘ਤੇ ਭੂ-ਸਖਲਨ (ਲੈਂਡਸਲਾਈਡ) ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ਕਾਰਨ ਯਾਤਰਾ ਮਾਰਗਾਂ ‘ਤੇ ਆਵਾਜਾਈ ਪ੍ਰਭਾਵਿਤ ਹੋਈ ਹੈ।
ਉੱਤਰਕਾਸ਼ੀ ਵਿੱਚ ਯਮੁਨੋਤਰੀ ਨੈਸ਼ਨਲ ਹਾਈਵੇਅ (ਐਨਐਚ-134) ‘ਤੇ ਜਾਨਕੀ ਚੱਟੀ ਨੇੜੇ ਪਹਾੜੀ ਤੋਂ ਮਲਬਾ ਅਤੇ ਚੱਟਾਨਾਂ ਡਿੱਗਣ ਕਾਰਨ ਰਸਤਾ ਬੰਦ ਹੋ ਗਿਆ। ਇਸ ਤੋਂ ਇਲਾਵਾ ਪੋਲੀਗੜ੍ਹ, ਦੁਰਬਿਲ, ਬੜਿਆਰ ਅਤੇ ਹਨੂਮਾਨਚੱਟੀ ਇਲਾਕਿਆਂ ਵਿੱਚ ਵੀ ਸੜਕਾਂ ‘ਤੇ ਮਲਬਾ ਇਕੱਠਾ ਹੋਣ ਕਾਰਨ ਆਵਾਜਾਈ ਰੋਕਣੀ ਪਈ।
ਰੁਦ੍ਰਪ੍ਰਯਾਗ ਵਿੱਚ ਕੇਦਾਰਨਾਥ ਯਾਤਰਾ ਮਾਰਗ ‘ਤੇ ਭੂ-ਸਖਲਨ ਤੋਂ ਬਾਅਦ ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਸ਼ਰਧਾਲੂਆਂ ਨੂੰ ਸੋਨਪ੍ਰਯਾਗ ਤੋਂ ਅੱਗੇ ਜਾਣ ਦੀ ਆਗਿਆ ਨਹੀਂ ਦਿੱਤੀ। ਉੱਧਰ, ਚਮੋਲੀ ਜ਼ਿਲ੍ਹੇ ਵਿੱਚ ਬਦਰੀਨਾਥ ਹਾਈਵੇਅ ਵੀ ਕਈ ਥਾਵਾਂ ‘ਤੇ ਮਲਬੇ ਕਾਰਨ ਪ੍ਰਭਾਵਿਤ ਹੋਇਆ ਹੈ। ਗੁਨਿਆਲਾ ਖਾਲ ਨੇੜੇ ਪੋਖਰੀ-ਰੁਦ੍ਰਪ੍ਰਯਾਗ ਮੋਟਰ ਮਾਰਗ ਅਜੇ ਵੀ ਬੰਦ ਹੈ।
ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਵੀ ਭਾਰੀ ਮੀਂਹ, ਗਰਜ-ਚਮਕ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਜਤਾਈ ਹੈ। ਬਾਗੇਸ਼ਵਰ, ਨੈਨੀਤਾਲ, ਚੰਪਾਵਤ ਅਤੇ ਪਿਥੌਰਾਗੜ੍ਹ ਜ਼ਿਲ੍ਹਿਆਂ ਲਈ ਭਾਰੀ ਤੋਂ ਬਹੁਤ ਭਾਰੀ ਮੀਂਹ ਦਾ ਆਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ ਉੱਤਰਕਾਸ਼ੀ, ਦੇਹਰਾਦੂਨ, ਚਮੋਲੀ, ਪੌੜੀ, ਟਿਹਰੀ ਅਤੇ ਉਧਮ ਸਿੰਘ ਨਗਰ ਵਿੱਚ ਯੈਲੋ ਅਲਰਟ ਲਾਗੂ ਹੈ।
ਖਰਾਬ ਮੌਸਮ ਦੇ ਚਲਦਿਆਂ ਬਾਗੇਸ਼ਵਰ ਅਤੇ ਰੁਦ੍ਰਪ੍ਰਯਾਗ ਜ਼ਿਲ੍ਹਿਆਂ ਵਿੱਚ ਅੱਜ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਸੜਕਾਂ ਤੋਂ ਮਲਬਾ ਹਟਾਉਣ ਲਈ ਮਸ਼ੀਨਰੀ ਤਾਇਨਾਤ ਕੀਤੀ ਗਈ ਹੈ ਅਤੇ ਰਾਹਤ-ਬਚਾਅ ਏਜੰਸੀਆਂ ਲਗਾਤਾਰ ਹਾਲਾਤਾਂ ‘ਤੇ ਨਜ਼ਰ ਰੱਖ ਰਹੀਆਂ ਹਨ।
ਪ੍ਰਸ਼ਾਸਨ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਧੀਰਜ ਬਣਾਈ ਰੱਖਣ ਅਤੇ ਅਧਿਕਾਰੀਆਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ। ਅਧਿਕਾਰੀਆਂ ਮੁਤਾਬਕ ਯਾਤਰਾ ਨੂੰ ਤਦੋਂ ਹੀ ਮੁੜ ਸ਼ੁਰੂ ਕੀਤਾ ਜਾਵੇਗਾ ਜਦੋਂ ਰਸਤੇ ਪੂਰੀ ਤਰ੍ਹਾਂ ਸੁਰੱਖਿਅਤ ਕਰਾਰ ਦਿੱਤੇ ਜਾਣਗੇ।








