ਮੋਗਾ, 2 ਅਕਤੂਬਰ, 2026 (ਲਛਮਣਜੀਤ ਸਿੰਘ ਪੁਰਬਾ) : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਅਤੇ ਜ਼ਿਲ੍ਹਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ ਨੇ ਸਾਂਝੇ ਪ੍ਰੈੱਸ ਬਿਆਨ ਵਿੱਚ ਕੇਂਦਰ ਸਰਕਾਰ ਵੱਲੋਂ ਹਾੜ੍ਹੀ ਦੀਆਂ ਫਸਲਾਂ ਦੇ ਮੰਡੀਕਰਨ ਸੀਜ਼ਨ 2027-28 ਲਈ ਐਲਾਨੀ ਐੱਮ.ਐੱਸ.ਪੀ. ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਕੀਤਾ ਗਿਆ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ। ਕੇਂਦਰ ਸਰਕਾਰ ਵੱਲੋਂ 30 ਸਤੰਬਰ 2026 ਨੂੰ ਐਲਾਨੇ ਭਾਅ ਅਨੁਸਾਰ ਕਣਕ ਦੀ ਐੱਮ.ਐੱਸ.ਪੀ. 2610 ਰੁਪਏ ਪ੍ਰਤੀ ਕੁਇੰਟਲ ਕਰਕੇ ਸਿਰਫ਼ 25 ਰੁਪਏ, ਜੌਂ ਵਿੱਚ 136 ਰੁਪਏ, ਛੋਲਿਆਂ ਵਿੱਚ 83 ਰੁਪਏ, ਮਸਰ ਵਿੱਚ 390 ਰੁਪਏ, ਸਰ੍ਹੋਂ ਵਿੱਚ 413 ਰੁਪਏ ਅਤੇ ਕੁਸੁੰਭਾ ਵਿੱਚ 675 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ।
ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਨੇ ਕਿਹਾ ਕਿ ਕਣਕ ਵਰਗੀ ਮੁੱਖ ਫਸਲ ਦੀ ਐੱਮ.ਐੱਸ.ਪੀ. ਵਿੱਚ ਸਿਰਫ਼ 25 ਰੁਪਏ, ਭਾਵ ਲਗਭਗ ਇੱਕ ਫ਼ੀਸਦੀ ਦਾ ਵਾਧਾ ਕਰਕੇ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਵਧ ਰਹੀਆਂ ਲਾਗਤਾਂ ਪ੍ਰਤੀ ਆਪਣੀ ਬੇਰੁਖ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਖੇਤੀ ਲਈ ਡੀਜ਼ਲ, ਖਾਦਾਂ, ਬੀਜ, ਕੀਟਨਾਸ਼ਕ, ਮਸ਼ੀਨਰੀ ਅਤੇ ਮਜ਼ਦੂਰੀ ਸਮੇਤ ਲਗਾਤਾਰ ਵਧ ਰਹੇ ਖਰਚਿਆਂ ਦੇ ਮੁਕਾਬਲੇ ਇਹ ਵਾਧਾ ਕਿਸਾਨਾਂ ਲਈ ਕੋਈ ਰਾਹਤ ਨਹੀਂ ਹੈ। ਜ਼ਿਲ੍ਹਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ ਨੇ ਕਿਹਾ ਕਿ ਸਰ੍ਹੋਂ ਅਤੇ ਕੁਸੁੰਭਾ ਦੀ ਐੱਮ.ਐੱਸ.ਪੀ. ਵਿੱਚ ਵੱਧ ਵਾਧਾ ਦਿਖਾ ਕੇ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਪਰ ਪੰਜਾਬ ਦੇ ਕਿਸਾਨਾਂ ਲਈ ਸਭ ਤੋਂ ਵੱਡਾ ਸਵਾਲ ਇਨ੍ਹਾਂ ਫਸਲਾਂ ਦੀ ਪੱਕੀ ਸਰਕਾਰੀ ਖਰੀਦ ਅਤੇ ਮੰਡੀਕਰਨ ਦੀ ਗਾਰੰਟੀ ਦਾ ਹੈ। ਉਨ੍ਹਾਂ ਕਿਹਾ ਕਿ ਛੋਲਿਆਂ ਦੀ ਐੱਮ.ਐੱਸ.ਪੀ. ਵਿੱਚ ਸਿਰਫ਼ 83 ਰੁਪਏ ਦਾ ਵਾਧਾ ਵੀ ਕਿਸਾਨਾਂ ਦੀਆਂ ਉਮੀਦਾਂ ਦੇ ਅਨੁਕੂਲ ਨਹੀਂ ਹੈ।
ਸਮੁੱਚੇ ਯੂਨੀਅਨ ਆਗੂਆਂ ਨੇ ਕਿਹਾ ਕਿ ਕਿਸਾਨੀ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਲਈ ਸਿਰਫ਼ ਐੱਮ.ਐੱਸ.ਪੀ. ਦੇ ਐਲਾਨ ਕਾਫ਼ੀ ਨਹੀਂ, ਸਗੋਂ ਕਿਸਾਨਾਂ ਨੂੰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ C2+50 ਫ਼ੀਸਦੀ ਦੇ ਫਾਰਮੂਲੇ ਤਹਿਤ ਲਾਹੇਵੰਦ ਐੱਮ.ਐੱਸ.ਪੀ. ਅਤੇ ਐੱਮ.ਐੱਸ.ਪੀ. ’ਤੇ ਪੱਕੀ ਸਰਕਾਰੀ ਖਰੀਦ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਕੇਂਦਰ ਸਰਕਾਰ ਤੋਂ ਮੰਗ ਕਰਦੀ ਹੈ ਕਿ ਐੱਮ.ਐੱਸ.ਪੀ. ਦੇ ਇਸ ਫ਼ੈਸਲੇ ’ਤੇ ਮੁੜ ਵਿਚਾਰ ਕਰਕੇ ਕਿਸਾਨਾਂ ਨੂੰ ਲਾਹੇਵੰਦ ਭਾਅ ਦਿੱਤੇ ਜਾਣ। ਇਸ ਮੌਕੇ ਮੋਦਨ ਸਿੰਘ ਨਿਧਾਵਾਲਾ ਜ਼ਿਲ੍ਹਾ ਮੀਤ ਪ੍ਰਧਾਨ, ਬੰਤ ਸਿੰਘ ਨਿਧਾਵਾਲਾ ਬਲਾਕ ਜਨਰਲ ਸਕੱਤਰ, ਹਰਮਨਪ੍ਰੀਤ ਸਿੰਘ ਦੌਲਤਪੁਰਾ, ਹਰਨੇਕ ਸਿੰਘ ਫਤਿਹਗੜ੍ਹ, ਕੁਲਵਿੰਦਰ ਸਿੰਘ ਮੋਗਾ, ਲਖਵੀਰ ਸਿੰਘ ਸੰਧੂਆਣਾ ਸਾਬਕਾ ਸਰਪੰਚ ਸਮੇਤ ਹੋਰ ਕਿਸਾਨ ਆਗੂ ਹਾਜ਼ਰ ਸਨ।





