“ਲੱਗੇਗੀ ਅੱਗ ਤਾਂ ਆਏਂਗੇ ਘਰ ਕਈ ਜ਼ਦ ਮੇਂ ,
ਯਹਾਂ ਸਿਰਫ਼ ਮੇਰਾ ਮਕਾਨ ਥੋੜ੍ਹੀ ਹੈ।”
ਭਾਵ ਹੈ ਕਿ ਕਿਸੇ ਮਸਲੇ ਨੂੰ ਸਿਰਫ਼ ਆਪਣੇ ਨਜ਼ਰੀਏ ਨਾਲ ਨਹੀਂ, ਵਿਆਪਕ ਪ੍ਰਭਾਵ ਅਤੇ ਦੂਜਿਆਂ ਦੀ ਸਥਿਤੀ ਨੂੰ ਸਮਝ ਕੇ ਦੇਖਣਾ ਚਾਹੀਦਾ ਹੈ। ਮਨੁੱਖੀ ਸਮਾਜ ਦੀਆਂ ਬਹੁਤ ਸਾਰੀਆਂ ਵੱਡੀਆਂ ਸਮੱਸਿਆਵਾਂ ਦੀ ਜੜ੍ਹ ਸਿਰਫ਼ ਵਿਚਾਰਾਂ ਦਾ ਫ਼ਰਕ ਨਹੀਂ, ਸਗੋਂ ਅਧੂਰੀ ਜਾਣਕਾਰੀ, ਪਹਿਲਾਂ ਤੋਂ ਬਣੀਆਂ ਧਾਰਨਾਵਾਂ , ਡਰ ਅਤੇ ਬਿਨਾਂ ਸਮਝੇ ਬਣਾਈ ਗਈ ਨਫ਼ਰਤ ਵੀ ਹੈ। ਜਾਤ-ਪਾਤ, ਰੰਗ, ਨਸਲ, ਧਰਮ, ਭਾਸ਼ਾ, ਖੇਤਰ, ਸਿਆਸੀ ਵਿਚਾਰਧਾਰਾ ਅਤੇ ਸਮਾਜਿਕ ਪਛਾਣਾਂ ਨਾਲ ਜੁੜੇ ਟਕਰਾਅ ਇਸ ਗੱਲ ਦੀ ਮਿਸਾਲ ਹਨ। ਪਰ ਇਹ ਕਹਿਣਾ ਕਿ ਦੁਨੀਆ ਦੇ ਬਿਲਕੁਲ 100 ਫ਼ੀਸਦੀ ਮਸਲੇ ਨਫ਼ਰਤ ਕਾਰਨ ਹਨ, ਇੱਕ ਪ੍ਰਮਾਣਿਤ ਅੰਕੜਾ ਨਹੀਂ ਹੈ। ਹਾਂ, ਇਹ ਜ਼ਰੂਰ ਹੈ ਕਿ ਭੇਦਭਾਵ, ਪਹਿਲਾਂ ਤੋਂ ਬਣੀ ਪੱਖਪਾਤੀ ਸੋਚ ਅਤੇ ਸਮਾਜਿਕ ਧੜੇਬੰਦੀ ਦੁਨੀਆ ਭਰ ਵਿੱਚ ਟਕਰਾਅ ਅਤੇ ਵੰਡ ਨੂੰ ਵਧਾਉਣ ਵਾਲੇ ਮਹੱਤਵਪੂਰਨ ਕਾਰਕ ਹਨ।
ਇੱਕ ਪਰਖਿਆ ਪੱਖ ਹੈ ਕਿ ਨਫ਼ਰਤ ਆਪਣੇ ਆਪ ਵਿੱਚ ਹਮੇਸ਼ਾ ਮਾੜੀ ਨਹੀਂ ਹੁੰਦੀ। ਜੇਕਰ ਕਿਸੇ ਇਨਸਾਨ ਨੂੰ ਜ਼ੁਲਮ, ਭ੍ਰਿਸ਼ਟਾਚਾਰ, ਅਨਿਆਂ, ਹਿੰਸਾ ਜਾਂ ਕਿਸੇ ਗਲਤ ਕੰਮ ਨਾਲ ਨਫ਼ਰਤ ਹੈ, ਤਾਂ ਇਹ ਭਾਵਨਾ ਉਸਨੂੰ ਗਲਤ ਦੇ ਵਿਰੁੱਧ ਖੜ੍ਹਾ ਹੋਣ ਦੀ ਤਾਕਤ ਵੀ ਦੇ ਦਿੰਦੀ ਹੈ। ਇਸੇ ਤਰ੍ਹਾਂ ਆਪਣੀ ਗ਼ਲਤੀ ਜਾਂ ਮਾੜੀ ਆਦਤ ਨੂੰ ਨਾਪਸੰਦ ਕਰਨਾ ਸੁਧਾਰ ਦੀ ਸ਼ੁਰੂਆਤ ਬਣਦਾ ਹੈ। ਸਮੱਸਿਆ ਨਫ਼ਰਤ ਦੀ ਭਾਵਨਾ ਨਾਲੋਂ ਵੱਧ ਉਸਦੇ ਨਿਸ਼ਾਨੇ ਅਤੇ ਉਸਦੇ ਤਰੀਕੇ ਵਿੱਚ ਹੈ।
ਜਦੋਂ ਨਫ਼ਰਤ ਕਿਸੇ ਗਲਤ ਕੰਮ ਤੋਂ ਹਟ ਕੇ ਕਿਸੇ ਇਨਸਾਨੀ ਦੀ ਜਾਤ, ਰੰਗ, ਨਸਲ, ਧਰਮ, ਭਾਸ਼ਾ, ਲਿੰਗ ਜਾਂ ਸਮਾਜਿਕ ਪਛਾਣ ਨਾਲ ਜੁੜ ਜਾਂਦੀ ਹੈ, ਤਾਂ ਇਹ ਖ਼ਤਰਨਾਕ ਬਣ ਜਾਂਦੀ ਹੈ। ਫਿਰ ਇਨਸਾਨ ਦੇ ਕੰਮ ਨੂੰ ਨਹੀਂ, ਉਸਦੀ ਪਛਾਣ ਨੂੰ ਦੋਸ਼ੀ ਮੰਨਿਆ ਜਾਣ ਲੱਗਦਾ ਹੈ। ਇੱਥੋਂ ਪਹਿਲਾਂ ਤੋਂ ਬਣੀ ਪੱਖਪਾਤੀ ਸੋਚ ਜਨਮ ਲੈਂਦੀ ਹੈ ਅਤੇ ਪਹਿਲਾਂ ਤੋਂ ਬਣੀ ਪੱਖਪਾਤੀ ਸੋਚ ਅੱਗੇ ਚੱਲ ਕੇ ਭੇਦਭਾਵ, ਬਹਿਸ, ਦੁਸ਼ਮਣੀ ਅਤੇ ਕਈ ਵਾਰ ਭਿਆਨਕ ਹਿੰਸਾ ਦਾ ਰੂਪ ਵੀ ਧਾਰਦਾ ਹੈ।
ਇਹੀ ਸਿਧਾਂਤ ਨਿੱਜੀ ਰਿਸ਼ਤਿਆਂ ’ਤੇ ਵੀ ਲਾਗੂ ਹੁੰਦਾ ਹੈ। ਦੋ ਦੋਸਤਾਂ ਵਿਚ ਕਿਸੇ ਗੱਲ ਨੂੰ ਲੈ ਕੇ ਗ਼ਲਤਫ਼ੇਮੀ ਹੋ ਸਕਦੀ ਹੈ। ਭੈਣ-ਭਰਾ ਜਾਂ ਰਿਸ਼ਤੇਦਾਰਾਂ ਵਿਚ ਜਾਇਦਾਦ, ਪੈਸੇ, ਵਿਚਾਰਾਂ ਜਾਂ ਪੁਰਾਣੀਆਂ ਘਟਨਾਵਾਂ ਕਾਰਨ ਦੂਰੀ ਪੈਦਾ ਹੋ ਸਕਦੀ ਹੈ। ਪਰ ਅਕਸਰ ਅਸੀਂ ਪੂਰੀ ਗੱਲ ਜਾਣੇ ਬਿਨਾਂ ਆਪਣਾ ਫ਼ੈਸਲਾ ਸੁਣਾ ਦਿੰਦੇ ਹਾਂ। ਇੱਥੇ ਇੱਕ ਬਹੁਤ ਮਹੱਤਵਪੂਰਨ ਜੀਵਨ-ਸਿਧਾਂਤ ਨੂੰ ਸਮਝਣਾ ਅਤੇ ਆਪਣੇ ਜੀਵਨ ਵਿੱਚ ਜੋੜਨਾ ਪਵੇਗਾ ਕਿ : “ਪਹਿਲਾਂ ਸਮਝੋ, ਫਿਰ ਪਸੰਦ ਜਾਂ ਨਾਪਸੰਦ ਕਰੋ।”
ਸਾਡੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਅਸੀਂ ਅਕਸਰ ਕਿਸੇ ਸ਼ੈ ਜਾਂ ਇਨਸਾਨ ਨੂੰ ਸਮਝਣ ਤੋਂ ਪਹਿਲਾਂ ਉਸ ਬਾਰੇ ਆਪਣੀ ਰਾਏ ਬਣਾ ਲੈਂਦੇ ਹਾਂ। ਸੋਸ਼ਲ ਮੀਡੀਆ ਦੇ ਯੁੱਗ ਵਿੱਚ ਇਹ ਸਮੱਸਿਆ ਹੋਰ ਗੰਭੀਰ ਹੋ ਗਈ ਹੈ। ਅਸੀਂ ਇੱਕ ਛੋਟੀ ਵੀਡੀਓ, ਇੱਕ ਤਸਵੀਰ, ਇੱਕ ਸਿਰਲੇਖ ਜਾਂ ਕਿਸੇ ਹੋਰ ਦੀ ਕਹੀ ਗੱਲ ਦੇ ਆਧਾਰ ’ਤੇ ਪੂਰੇ ਇਨਸਾਨ, ਸੰਸਥਾ ਜਾਂ ਪੂਰੇ ਸਮੂਹ ਬਾਰੇ ਫ਼ੈਸਲਾ ਕਰ ਲੈਂਦੇ ਹਾਂ।
ਇੱਥੇ ਅਣਜਾਣ ਪੁਣਾ ਅਤੇ ਅਸਹਿਮਤੀ ਇੱਕੋ ਚੀਜ਼ ਨਹੀਂ ਹਨ। ਕਿਸੇ ਵਿਚਾਰ ਨੂੰ ਨਾ ਸਮਝਣਾ ਇਸ ਗੱਲ ਦਾ ਸਬੂਤ ਨਹੀਂ ਕਿ ਉਹ ਗਲਤ ਹੈ। ਇਸੇ ਤਰ੍ਹਾਂ ਕਿਸੇ ਵਿਅਕਤੀ ਨਾਲ ਸਾਡੀ ਅਸਹਿਮਤੀ ਇਹ ਸਾਬਤ ਨਹੀਂ ਕਰਦੀ ਕਿ ਉਹ ਪੱਖ/ਇਨਸਾਨ ਮਾੜਾ ਹੈ। ਸਾਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਸਾਡੇ ਕੋਲ ਸਿਰਫ਼ “ਮੁਹੱਬਤ ਜਾਂ ਨਫ਼ਰਤ” ਦੋ ਰਾਹ ਨਹੀਂ ਸਗੋਂ ਇੱਕ ਤੀਜਾ ਰਾਹ ਵੀ ਹੈ , ਨਿਰਲੇਪਤਾ ਅਤੇ ਕਿਸੇ ਦਾ ਪੱਖ ਨਾ ਲੈ ਕੇ ਨਿਰਪੱਖ ਰਹਿਣਾ ।
1947 ਦੀ ਵੰਡ ਵੇਲੇ ਜਦੋਂ ਸੱਤਾ ਦਾ ਅਦਲ-ਬਦਲ ਹੋਇਆ ਸੀ ਉਸ ਵੇਲੇ ਭਾਰਤ ਦੇਸ਼ ਆਰਥਿਕ ਅਤੇ ਤਰੱਕੀ ਪੱਖੋਂ ਇੱਕ ਨਾਜ਼ੁਕ ਸਤਿਥੀ ਵਿੱਚ ਸੀ, ਵੇਲੇ ਦੇ ਸੂਝਵਾਨ ਸਿਆਸਤਦਾਨਾਂ ਨੇ ਸੋਵੀਅਤ ਸੰਗ ਅਤੇ ਅਮਰੀਕਾ ਵਰਗੀਆਂ ਵੱਡੀਆਂ ਤਾਕਤਾਂ ਵਿੱਚੋਂ ਕਿਸੇ ਇੱਕ ਦਾ ਪੱਲਾ ਫੜਨ ਨਾਲੋਂ ਨਿਰਲੇਪ ਭਾਵ ਗੁੱਟ ਨਿਰਪੱਖ ਦਾ ਰਾਹ ਫੜਿਆਂ ਹੋਣਾ । ਜਿਸ ਨਾਲ ਦੋਹਾਂ ਤਾਕਤਾਂ ਵਿਚਲੇ ਬਖੇੜੇ ਤੋਂ ਹਟ ਕੇ ਅਤੇ ਦੋਹਾਂ ਤਲਤ ਦੇ ਮੇਲਜੋਲ ਨਾਲ ਭਾਰਤ ਦੇਸ਼ ਤਰੱਕੀ ਦੇ ਰਾਹ ਤੇ ਟੁਰਿਆ।
ਜੇਕਰ ਕੋਈ ਇਨਸਾਨ, ਵਿਚਾਰ ਜਾਂ ਸਿਧਾਂਤ ਸਾਨੂੰ ਸਮਝ ਨਹੀਂ ਆ ਰਿਹਾ, ਤਾਂ ਤੁਰੰਤ ਨਫ਼ਰਤ ਕਰਨਾ ਜ਼ਰੂਰੀ ਨਹੀਂ। ਅਸੀਂ ਕੁਝ ਸਮੇਂ ਲਈ ਕਿਸੇ ਦਾ ਪੱਖ ਨਾ ਲੈ ਕੇ ਨਿਰਪੱਖ ਰਹਿ ਸਕਦੇ ਹਾਂ, ਜਾਣਕਾਰੀ ਇਕੱਠੀ ਕਰ ਸਕਦੇ ਹਾਂ, ਦੂਜੇ ਪੱਖ ਨੂੰ ਸੁਣ ਸਕਦੇ ਹਾਂ ਅਤੇ ਫਿਰ ਆਪਣੀ ਰਾਏ ਬਣਾ ਸਕਦੇ ਹਾਂ। ਇਸ ਦਾ ਮਤਲਬ ਇਹ ਨਹੀਂ ਕਿ ਹਰ ਚੀਜ਼ ਨੂੰ ਸਮਝਣ ਤੋਂ ਬਾਅਦ ਵੀ ਨਫ਼ਰਤ ਜਾਂ ਵਿਰੋਧ ਨਹੀਂ ਕੀਤਾ ਜਾ ਸਕਦਾ। ਬਿਲਕੁਲ ਕੀਤਾ ਜਾ ਸਕਦਾ ਹੈ। ਪਰ ਫ਼ਰਕ ਇਹ ਹੋਵੇਗਾ ਕਿ ਫ਼ੈਸਲਾ ਅਗਿਆਨਤਾ, ਅਫ਼ਵਾਹ ਜਾਂ ਧੜੇਬੰਦੀ ਤੋਂ ਨਹੀਂ, ਸਗੋਂ ਤੱਥ, ਸਮਝ ਅਤੇ ਵਿਵੇਕ ਤੋਂ ਪੈਦਾ ਹੋਵੇਗਾ।
ਅੱਜ ਦੁਨੀਆ ਨੂੰ ਸਭ ਤੋਂ ਵੱਧ ਲੋੜ ਇਸੇ ਛੋਟੀ ਜਿਹੇ ਫ਼ਿਤਰਤ ਨੂੰ ਬਦਲਣ ਦੀ ਹੈ ਕਿ “ਮੈਨੂੰ ਪਹਿਲਾਂ ਸਮਝਣ ਦਿਓ।”
ਕਿਸੇ ਨੂੰ ਪਿਆਰ ਕਰਨ ਤੋਂ ਪਹਿਲਾਂ ਸਮਝੋ। ਕਿਸੇ ਨੂੰ ਨਾਪਸੰਦ ਕਰਨ ਤੋਂ ਪਹਿਲਾਂ ਸਮਝੋ। ਕਿਸੇ ਬਾਰੇ ਰਾਏ ਬਣਾਉਣ ਤੋਂ ਪਹਿਲਾਂ ਉਸਨੂੰ ਸਮਝੋ। ਅਤੇ ਜੇਕਰ ਸਮਝਣ ਤੋਂ ਬਾਅਦ ਵੀ ਸਾਡਾ ਵਿਚਾਰ ਵੱਖਰਾ ਰਹੇ, ਤਾਂ ਵੀ ਮਨੁੱਖੀ ਮਰਿਆਦਾ ਅਤੇ ਸਹਿਣਸ਼ੀਲਤਾ ਨੂੰ ਕਾਇਮ ਰੱਖੋ।
ਕਿਉਂਕਿ ਸਮਝ ਨਫ਼ਰਤ ਨੂੰ ਹਮੇਸ਼ਾ ਖ਼ਤਮ ਨਹੀਂ ਕਰਦੀ, ਪਰ ਇਹ ਨਫ਼ਰਤ ਨੂੰ ਅੰਨ੍ਹਾ ਹੋਣ ਤੋਂ ਜ਼ਰੂਰ ਰੋਕ ਸਕਦੀ ਹੈ।
ਇੱਕ ਸੂਝਵਾਨ ਅਤੇ ਅਨੁਸ਼ਾਸਿਤ ਸਮਾਜ ਦਾ ਮੂਲ ਹੋਣਾ ਚਾਹਿੰਦਾ ਹੈ.
“ਪਹਿਲਾਂ ਸਮਝਾਂਗਾ, ਫਿਰ ਫ਼ੈਸਲਾ ਕਰਾਂਗਾ।”
ਛੱਤਰਪਾਲ ਸਿੰਘ







