Home ਪੰਜਾਬ ਸੀ.ਏ.ਐੱਸ.ਐੱਸ.ਐੱਮ. ਦਾ ਦੋ ਰੋਜ਼ਾ ਸਾਲਾਨਾ ਫੈਸਟੀਵਲ ‘ਲੂਮਿਨਾ’ ਆਈ.ਡੀ.ਸੀ. ਵਿਖੇ ਕਰਵਾਇਆ ਗਿਆ, ‘ਗੋ...

ਸੀ.ਏ.ਐੱਸ.ਐੱਸ.ਐੱਮ. ਦਾ ਦੋ ਰੋਜ਼ਾ ਸਾਲਾਨਾ ਫੈਸਟੀਵਲ ‘ਲੂਮਿਨਾ’ ਆਈ.ਡੀ.ਸੀ. ਵਿਖੇ ਕਰਵਾਇਆ ਗਿਆ, ‘ਗੋ ਗ੍ਰੀਨ, ਪਾਲਿਊਟ ਲੈੱਸ’ ਰਾਹੀਂ ਵਾਤਾਵਰਨ ਸੰਭਾਲ ਦਾ ਦਿੱਤਾ ਸੁਨੇਹਾ

CASSM Organises Two-Day Festival 'Lumina' at IDC on 'Go Green, Pollute Less', Promoting Environmental Awareness, Sustainable Living and Waste Management.

0

ਚੰਡੀਗੜ੍ਹ, 7 ਨਵੰਬਰ, 2026 (ਚੌਧਰੀ ਪ੍ਰਭਜੀਤ ਸਿੰਘ ): ਸੈਂਟਰ ਫਾਰ ਐਡਵਾਂਸਡ ਸਟੱਡੀਜ਼ ਇਨ ਸੋਸ਼ਲ ਸਾਇੰਸਿਜ਼ ਐਂਡ ਮੈਨੇਜਮੈਂਟ (CASSM) ਵੱਲੋਂ ਆਪਣਾ ਸਾਲਾਨਾ ਦੋ ਰੋਜ਼ਾ ਫੈਸਟੀਵਲ ‘ਲੂਮਿਨਾ’ ਇੰਸਟੀਚਿਊਟ ਫਾਰ ਡਿਵੈਲਪਮੈਂਟ ਐਂਡ ਕਮਿਊਨੀਕੇਸ਼ਨ (IDC) ਵਿਖੇ ਕਰਵਾਇਆ ਗਿਆ। ‘ਗੋ ਗ੍ਰੀਨ, ਪਾਲਿਊਟ ਲੈੱਸ’ ਵਿਸ਼ੇ ’ਤੇ ਆਧਾਰਿਤ ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨਾ, ਵਾਤਾਵਰਨ-ਅਨੁਕੂਲ ਜੀਵਨ ਸ਼ੈਲੀ ਅਪਣਾਉਣ ਅਤੇ ਕੂੜੇ ਦੇ ਸਹੀ ਨਿਪਟਾਰੇ ਦੀ ਮਹੱਤਤਾ ਬਾਰੇ ਜਾਣਕਾਰੀ ਦੇਣਾ ਸੀ। ਫੈਸਟੀਵਲ ਦੇ ਪਹਿਲੇ ਦਿਨ ਖੇਡ ਪ੍ਰਬੰਧਨ ਨਾਲ ਸਬੰਧਤ ਵਿਹਾਰਕ ਗਤੀਵਿਧੀਆਂ ਕਰਵਾਈਆਂ ਗਈਆਂ। ਪ੍ਰਬੰਧਕਾਂ ਨੇ ਪੜ੍ਹਾਈ ਨੂੰ ਕਲਾਸਰੂਮ ਤੱਕ ਸੀਮਤ ਰੱਖਣ ਦੀ ਬਜਾਏ ਵਿਦਿਆਰਥੀਆਂ ਨੂੰ ਅਸਲ ਪ੍ਰਬੰਧਕੀ ਤਜਰਬਾ ਦੇਣ ਲਈ ਆਈ.ਪੀ.ਐੱਲ. ਦੀ ਤਰਜ਼ ’ਤੇ ਵਿਸ਼ੇਸ਼ ਗਤੀਵਿਧੀ ਉਲੀਕੀ। ਇਸ ਤਹਿਤ ਵਿਦਿਆਰਥੀਆਂ ਨੇ ਵੱਖ-ਵੱਖ ਟੀਮਾਂ ਬਣਾਈਆਂ, ਖਿਡਾਰੀਆਂ ਦੀ ਨਿਲਾਮੀ ਕੀਤੀ ਅਤੇ ਆਪਣੀ ਪਸੰਦ ਦੇ ਖਿਡਾਰੀਆਂ ਨੂੰ ਟੀਮ ਵਿੱਚ ਸ਼ਾਮਲ ਕਰਨ ਲਈ ਬੋਲੀ ਲਗਾਈ।

ਇਸ ਤੋਂ ਇਲਾਵਾ ਬੈਡਮਿੰਟਨ, ਸ਼ਤਰੰਜ ਅਤੇ ਕੈਰਮ ਵਰਗੀਆਂ ਖੇਡਾਂ ਰਾਹੀਂ ਵਿਦਿਆਰਥੀਆਂ ਵਿੱਚ ਟੀਮ ਵਰਕ, ਅਗਵਾਈ ਕਰਨ ਦੀ ਸਮਰੱਥਾ, ਫੈਸਲੇ ਲੈਣ ਦੀ ਕਲਾ, ਸਬਰ ਅਤੇ ਰਣਨੀਤਕ ਸੋਚ ਵਰਗੇ ਗੁਣਾਂ ਨੂੰ ਉਤਸ਼ਾਹਿਤ ਕੀਤਾ ਗਿਆ। ਇਨ੍ਹਾਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਸਮਝਾਇਆ ਗਿਆ ਕਿ ਕਿਸੇ ਵੀ ਟੀਮ ਦੀ ਸਫਲਤਾ ਲਈ ਆਪਸੀ ਤਾਲਮੇਲ, ਸਰੋਤਾਂ ਦੀ ਸਹੀ ਵਰਤੋਂ ਅਤੇ ਬਦਲਦੀਆਂ ਸਥਿਤੀਆਂ ਅਨੁਸਾਰ ਯੋਜਨਾਵਾਂ ਵਿੱਚ ਤਬਦੀਲੀ ਕਰਨਾ ਕਿੰਨਾ ਜ਼ਰੂਰੀ ਹੈ। ਫੈਸਟੀਵਲ ਦੇ ਦੂਜੇ ਦਿਨ ਵਾਤਾਵਰਨ ਦੀ ਸੁਰੱਖਿਆ ਅਤੇ ਜ਼ਿੰਮੇਵਾਰ ਕੂੜਾ ਪ੍ਰਬੰਧਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕਈ ਰਚਨਾਤਮਕ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਹਵਾ, ਪਾਣੀ ਅਤੇ ਸ਼ੋਰ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਨੂੰ ਦਰਸਾਉਂਦੇ ਪੋਸਟਰ ਤਿਆਰ ਕੀਤੇ। ਉਨ੍ਹਾਂ ਨੇ ਆਪਣੇ ਸੰਦੇਸ਼ ਰਾਹੀਂ ਦੱਸਿਆ ਕਿ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣਾ ਸਿਰਫ਼ ਸਰਕਾਰ ਦੀ ਹੀ ਨਹੀਂ, ਸਗੋਂ ਹਰ ਨਾਗਰਿਕ ਦੀ ਨਿੱਜੀ ਜ਼ਿੰਮੇਵਾਰੀ ਵੀ ਹੈ।

ਇਸ ਸਮਾਗਮ ਦੀ ਖ਼ਾਸ ਗੱਲ ਇਹ ਰਹੀ ਕਿ ਸਾਰੀਆਂ ਗਤੀਵਿਧੀਆਂ ਕਲਾਸਰੂਮਾਂ ਦੀ ਬਜਾਏ ਆਈ.ਡੀ.ਸੀ. ਦੇ ਖੁੱਲ੍ਹੇ ਮੈਦਾਨਾਂ ਅਤੇ ਲਾਅਨ ਵਿੱਚ ਕਰਵਾਈਆਂ ਗਈਆਂ। ਵਿਦਿਆਰਥੀਆਂ ਵੱਲੋਂ ਵੱਖ-ਵੱਖ ਸਟਾਲ ਲਗਾਏ ਗਏ, ਜਿੱਥੇ ਹੱਥਾਂ ਨਾਲ ਤਿਆਰ ਕੀਤੀਆਂ ਮੋਮਬੱਤੀਆਂ, ਜੂਟ ਦੇ ਬੈਗ ਅਤੇ ਹੋਰ ਵਾਤਾਵਰਨ-ਅਨੁਕੂਲ ਉਤਪਾਦਾਂ ਦੀ ਵਿਕਰੀ ਕੀਤੀ ਗਈ। ਇਸ ਦੇ ਨਾਲ ਹੀ ਖਾਣ-ਪੀਣ ਦੇ ਸਟਾਲਾਂ ’ਤੇ ਕਈ ਤਰ੍ਹਾਂ ਦੇ ਜੈਵਿਕ ਪਕਵਾਨ ਵੀ ਉਪਲਬਧ ਕਰਵਾਏ ਗਏ। ਕੁਝ ਵਿਦਿਆਰਥੀਆਂ ਨੇ ਦੀਵਾਲੀ ਦੇ ਮੌਕੇ ’ਤੇ ਰੰਗ-ਬਿਰੰਗੀਆਂ ਰੰਗੋਲੀਆਂ ਵੀ ਬਣਾਈਆਂ। ਸੀ.ਏ.ਐੱਸ.ਐੱਸ.ਐੱਮ. ਦੇ ਵਿਦਿਆਰਥੀ ਉਤਸਵ ਤਿਆਗੀ ਨੇ ਕਿਹਾ ਕਿ ਇਹ ਫੈਸਟੀਵਲ ਆਮ ਅਕਾਦਮਿਕ ਰੁਟੀਨ ਤੋਂ ਹਟ ਕੇ ਇੱਕ ਨਵਾਂ ਅਤੇ ਉਤਸ਼ਾਹ ਭਰਿਆ ਤਜਰਬਾ ਰਿਹਾ। ਇਸ ਨਾਲ ਵਿਦਿਆਰਥੀਆਂ ਨੂੰ ਮਨੋਰੰਜਨ ਦੇ ਨਾਲ-ਨਾਲ ਨਵੀਆਂ ਗੱਲਾਂ ਸਿੱਖਣ ਦਾ ਮੌਕਾ ਮਿਲਿਆ।

ਇਸੇ ਤਰ੍ਹਾਂ ਪਹਿਲੇ ਸਾਲ ਦੀ ਐੱਮ.ਬੀ.ਏ. ਦੀ ਵਿਦਿਆਰਥਣ ਅਤੇ ਪ੍ਰਬੰਧਕੀ ਟੀਮ ਦੀ ਮੈਂਬਰ ਆਸਥਾ ਨੇ ਦੱਸਿਆ ਕਿ ਇਸ ਸਮਾਗਮ ਨੇ ਉਸ ਨੂੰ ਸਮੇਂ ਦੀ ਸਹੀ ਵਰਤੋਂ ਅਤੇ ਪ੍ਰਬੰਧਨ ਦੀ ਅਹਿਮੀਅਤ ਵਿਹਾਰਕ ਤੌਰ ’ਤੇ ਸਮਝਣ ਦਾ ਮੌਕਾ ਦਿੱਤਾ। ਉਸ ਅਨੁਸਾਰ ਅਸਲ ਸਮਾਗਮ ਦੌਰਾਨ ਕੰਮਾਂ ਨੂੰ ਸਮੇਂ ਸਿਰ ਪੂਰਾ ਕਰਨਾ ਕਿਸੇ ਕਲਾਸ ਲੈਕਚਰ ਨਾਲੋਂ ਵੱਖਰਾ ਅਤੇ ਸਿੱਖਣਯੋਗ ਤਜਰਬਾ ਸੀ। ‘ਲੂਮਿਨਾ’ ਸਿਰਫ਼ ਮਨੋਰੰਜਨ ਜਾਂ ਸੱਭਿਆਚਾਰਕ ਜਸ਼ਨ ਤੱਕ ਸੀਮਤ ਨਹੀਂ ਰਿਹਾ, ਸਗੋਂ ਵਿਦਿਆਰਥੀਆਂ ਲਈ ਪ੍ਰਬੰਧਨ, ਵਿਕਰੀ, ਵਪਾਰੀਆਂ ਤੋਂ ਸਾਮਾਨ ਦੀ ਖਰੀਦ, ਗਾਹਕਾਂ ਨਾਲ ਸੰਪਰਕ ਅਤੇ ਟੀਮ ਵਰਕ ਵਰਗੇ ਹੁਨਰ ਸਿੱਖਣ ਦਾ ਵਿਹਾਰਕ ਮੰਚ ਵੀ ਬਣਿਆ। ਵਿਦਿਆਰਥੀਆਂ ਨੇ ਖੁਦ ਇਸ ਸਮਾਗਮ ਦੀ ਯੋਜਨਾ ਬਣਾਉਣ ਤੋਂ ਲੈ ਕੇ ਪ੍ਰਬੰਧਾਂ ਅਤੇ ਮਹਿਮਾਨਾਂ ਦੀ ਮੇਜ਼ਬਾਨੀ ਤੱਕ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ। ਸਮਾਗਮ ਦੌਰਾਨ ਇਕੱਠੀ ਹੋਈ ਸਮੁੱਚੀ ਰਕਮ ਦੀ ਵਰਤੋਂ ਵਾਤਾਵਰਨ-ਅਨੁਕੂਲ ਆਦਤਾਂ ਅਪਣਾਉਣ ਅਤੇ ਕੂੜੇ ਦੇ ਬਿਹਤਰ ਪ੍ਰਬੰਧਨ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਕੀਤੀ ਜਾਵੇਗੀ। ਇਸ ਤਰ੍ਹਾਂ ‘ਲੂਮਿਨਾ’ ਨੇ ਵਿਦਿਆਰਥੀਆਂ ਨੂੰ ਸਿੱਖਿਆ, ਰਚਨਾਤਮਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਇਕੱਠੇ ਜੋੜਨ ਦਾ ਸੁਨੇਹਾ ਦਿੱਤਾ।

 

Exit mobile version