ਓਟਾਵਾ/ਚੰਡੀਗੜ੍ਹ, 22 ਅਗਸਤ 2026 (ਕਾਜਲ) : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਡਮੰਟਨ ਸਥਿਤ ਨਾਨਕਸਰ ਗੁਰਦੁਆਰਾ ਸਾਹਿਬ ਵਿੱਚ ਵਾਪਰੀ ਹਿੰਸਕ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਇਸ ਘਟਨਾ ਦੌਰਾਨ ਦੋ ਵਿਅਕਤੀ ਜ਼ਖ਼ਮੀ ਹੋ ਗਏ ਸਨ। ਸੋਸ਼ਲ ਮੀਡੀਆ ’ਤੇ ਜਾਰੀ ਆਪਣੇ ਬਿਆਨ ਵਿੱਚ ਪ੍ਰਧਾਨ ਮੰਤਰੀ ਕਾਰਨੀ ਨੇ ਘਟਨਾ ਨੂੰ “ਬਹੁਤ ਹੀ ਮੰਦਭਾਗੀ” ਕਰਾਰ ਦਿੰਦਿਆਂ ਜ਼ਖ਼ਮੀਆਂ ਅਤੇ ਇਸ ਘਟਨਾ ਕਾਰਨ ਸਦਮੇ ਵਿੱਚ ਆਈ ਸਮੁੱਚੀ ਸਿੱਖ ਕੌਮ ਨਾਲ ਹਮਦਰਦੀ ਪ੍ਰਗਟ ਕੀਤੀ। ਕਾਰਨੀ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਆਪਣੇ ਧਾਰਮਿਕ ਸਥਾਨ ’ਤੇ ਅਸੁਰੱਖਿਅਤ ਮਹਿਸੂਸ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੇ ਘਟਨਾ ’ਤੇ ਤੁਰੰਤ ਕਾਰਵਾਈ ਕਰਨ ਲਈ ਐਡਮੰਟਨ ਪੁਲਿਸ ਸਰਵਿਸ ਦਾ ਵੀ ਧੰਨਵਾਦ ਕੀਤਾ। ਇਹ ਘਟਨਾ ਉੱਤਰੀ ਐਡਮੰਟਨ ਦੇ ਨਾਨਕਸਰ ਗੁਰਦੁਆਰਾ ਸਾਹਿਬ ਵਿੱਚ ਸਵੇਰ ਦੀਆਂ ਅਰਦਾਸਾਂ ਦੌਰਾਨ ਵਾਪਰੀ ਸੀ। ਪੁਲਿਸ ਮੁਤਾਬਕ ਦੋ ਵਿਅਕਤੀਆਂ ’ਤੇ ਚਾਕੂ ਨਾਲ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਭਾਈਚਾਰੇ ਦੇ ਨੁਮਾਇੰਦਿਆਂ ਮੁਤਾਬਕ ਜ਼ਖ਼ਮੀ ਹੋਏ ਦੋਵੇਂ ਵਿਅਕਤੀ ਬਜ਼ੁਰਗ ਸਨ ਅਤੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿੱਚ ਪੈਦਾ ਹੋਏ ਵਿਵਾਦ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਘਟਨਾ ਦੀ ਜਾਂਚ ਦੌਰਾਨ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਹਮਲੇ ਪਿੱਛੇ ਨਫ਼ਰਤੀ ਮਕਸਦ ਸੀ। ਹਾਲਾਂਕਿ ਸ਼ੁਰੂਆਤੀ ਰਿਪੋਰਟਾਂ ਦੌਰਾਨ ਹਮਲੇ ਦਾ ਅਧਿਕਾਰਤ ਕਾਰਨ ਸਪੱਸ਼ਟ ਨਹੀਂ ਹੋਇਆ ਸੀ। ਇਸ ਘਟਨਾ ਤੋਂ ਬਾਅਦ ਅਲਬਰਟਾ ਦੇ ਸਿੱਖ ਭਾਈਚਾਰੇ ਵਿੱਚ ਚਿੰਤਾ ਵਧ ਗਈ ਹੈ। ਕੈਲਗਰੀ ਵਿੱਚ ਕੁਝ ਸਿੱਖ ਧਾਰਮਿਕ ਸਥਾਨਾਂ ਨੂੰ ਕਥਿਤ ਧਮਕੀ ਭਰੀਆਂ ਕਾਲਾਂ ਮਿਲਣ ਦੀਆਂ ਰਿਪੋਰਟਾਂ ਨੇ ਵੀ ਚਿੰਤਾ ਨੂੰ ਹੋਰ ਵਧਾਇਆ ਹੈ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ ਨੇ ਵੀ ਐਡਮੰਟਨ ਗੁਰਦੁਆਰਾ ਸਾਹਿਬ ਵਿੱਚ ਵਾਪਰੀ ਘਟਨਾ ਦੀ ਨਿੰਦਾ ਕਰਦਿਆਂ ਸਿੱਖ ਭਾਈਚਾਰੇ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ।






